ਫਰਿਜ਼ਨੋ ''ਚ ਪੁਲਸ ਨੇ ਕਾਰ ''ਚੋਂ ਬਰਾਮਦ ਕੀਤੇ 7,50,000 ਡਾਲਰ ਦੇ ਨਸ਼ੀਲੇ ਪਦਾਰਥ
Monday, Dec 07, 2020 - 11:36 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਹਾਈਵੇ ਪੈਟਰੋਲ (ਸੀ. ਐੱਚ. ਪੀ.) ਦੇ ਅਧਿਕਾਰੀਆਂ ਨੇ ਇਕ ਕਾਰ ਵਿਚੋਂ ਨਸ਼ੀਲੇ ਪਦਾਰਥ ਜ਼ਬਤ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ।
ਅਧਿਕਾਰੀਆਂ ਅਨੁਸਾਰ ਫਰਿਜ਼ਨੋ ਕਾਉਂਟੀ ਵਿਚ ਸ਼ੁੱਕਰਵਾਰ ਦੁਪਹਿਰ ਨੂੰ ਇਕ ਤੇਜ਼ ਰਫਤਾਰ ਵਾਹਨ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ ਅਤੇ ਕਾਰਵਾਈ ਦੌਰਾਨ 7,50,000 ਡਾਲਰ ਤੋਂ ਵੱਧ ਦੇ ਨਸ਼ੀਲੇ ਪਦਾਰਥ ਬਰਾਮਦ ਕਰਨ ਦੇ ਨਾਲ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਵੀ ਕੀਤਾ ਗਿਆ ਹੈ।
ਇਸ ਮਾਮਲੇ ਵਿਚ ਹਾਈਵੇ ਅਧਿਕਾਰੀਆਂ ਨੇ ਇਕ ਮੈਰੂਨ 2012 ਕ੍ਰਾਈਸਲਰ ਕਾਰ ਨੂੰ 2:27 ਵਜੇ 200 ਦੀ ਸਪੀਡ 'ਤੇ ਜਾਂਦੇ ਦੇਖਿਆ ਅਤੇ ਅਧਿਕਾਰੀਆਂ ਵਲੋਂ ਕਾਰ ਰੋਕਣ ਉਪਰੰਤ ਕਾਰ ਚਾਲਕਾਂ ਉੱਪਰ ਸ਼ੱਕ ਹੋਣ 'ਤੇ ਇਕ ਖੋਜੀ ਕੁੱਤੇ ਦੀ ਮਦਦ ਨਾਲ ਬਾਹਰੀ ਤਲਾਸ਼ੀ ਲਈ, ਜਿਸ ਨੇ ਨਸ਼ਿਆਂ ਦੀ ਬਦਬੂ ਨੂੰ ਸੁੰਘ ਕੇ ਅਧਿਕਾਰੀਆਂ ਦੇ ਸ਼ੱਕ ਨੂੰ ਯਕੀਨ ਵਿਚ ਬਦਲਿਆ।
ਸੀ. ਐੱਚ. ਪੀ. ਅਨੁਸਾਰ, ਅਗਲੀ ਤਲਾਸ਼ੀ ਦੌਰਾਨ ਕਾਰ ਅੰਦਰੋਂ ਆਕਸੀਕੋਡੋਨ ਦੀਆਂ ਗੋਲੀਆਂ ਦੇ ਪੰਜ ਵੱਡੇ ਪੈਕੇਟ ਮਿਲੇ ,ਜਿਨ੍ਹਾਂ ਦਾ ਭਾਰ 11 ਪੌਂਡ ਸੀ ਅਤੇ ਇਹ ਮੰਨਿਆ ਜਾਂਦਾ ਹੈ ਕਿ ਗੋਲੀਆਂ ਵਿਚ ਫੈਂਟਨੈਲ ਵੀ ਸੀ। ਸੀ. ਐੱਚ. ਪੀ. ਅਧਿਕਾਰੀਆਂ ਅਨੁਸਾਰ ਜ਼ਬਤ ਕੀਤੀਆਂ ਗਈਆਂ ਨਸ਼ੀਲੀਆਂ ਗੋਲੀਆਂ ਦੀ ਅੰਦਾਜ਼ਨ ਕੀਮਤ ਲਗਭਗ 7,50,000 ਡਾਲਰ ਤੋਂ ਵੱਧ ਹੈ।ਇਸ ਮਾਮਲੇ ਵਿੱਚ 21 ਸਾਲਾ ਡਰਾਈਵਰ ਡੈਸਟਿਨ ਡੇਲਗਾਡੋ ਅਤੇ ਯਾਤਰੀ ਜੋਨਾਥਨ ਗਾਰਡਿਅਨ ਟੋਰੇਸ(18) ਜੋ ਕਿ ਦੋਵੇਂ ਪਾਸਕੋ ਖੇਤਰ ਨਾਲ ਸੰਬੰਧ ਰੱਖਦੇ ਹਨ, ਨੂੰ ਅਧਿਕਾਰੀਆਂ ਵਲੋਂ ਨਸ਼ੀਲੇ ਪਦਾਰਥ ਵੇਚਣ ਅਤੇ ਟ੍ਰਾਂਸਪੋਰਟੇਸ਼ਨ ਕਰਨ ਦੇ ਸ਼ੱਕ 'ਚ ਹਿਰਾਸਤ ਵਿਚ ਲਿਆ ਗਿਆ ਹੈ।