ਟੀਅਰ 2 ''ਚ ਆਉਣ ਤੋਂ ਬਾਅਦ ਫਰਿਜ਼ਨੋ ''ਚ ਦੁਬਾਰਾ ਵਧ ਰਹੀ ਹੈ ਕੋਰੋਨਾ ਪੀੜਤਾਂ ਦੀ ਗਿਣਤੀ
Thursday, Oct 22, 2020 - 09:23 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਫਰਿਜ਼ਨੋ ਵਿਚ ਇਕ ਵਾਰ ਫਿਰ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਕੈਲੀਫੋਰਨੀਆ ਦੇ ਲੋਕ ਸਿਹਤ ਵਿਭਾਗ ਨੇ ਪਿਛਲੇ ਮਹੀਨੇ ਮੰਗਲਵਾਰ ਨੂੰ ਸੁਰੱਖਿਅਤ ਅਰਥਵਿਵਸਥਾ ਲਈ ਸੂਬੇ ਦੇ ਬਲੂਪ੍ਰਿੰਟ ਦੇ ਟੀਅਰ 2 ਵਿਚ ਇਸ ਕਾਉਂਟੀ ਨੂੰ ਰੱਖਿਆ ਹੈ। ਵਾਇਰਸ ਦੇ ਸੰਬੰਧ ਵਿੱਚ ਜਾਮਣੀ ਤੋਂ ਲਾਲ ਰੰਗ ਦੇ ਜ਼ੋਨ ਵਿਚ ਆਉਣ ਤੋਂ ਬਾਅਦ ਫਰਿਜ਼ਨੋ ਦੇ ਕਾਰੋਬਾਰ, ਰੈਸਟੋਰੈਂਟ, ਚਰਚ ਅਤੇ ਹੈਲਥ ਕਲੱਬ ਘੱਟੋ-ਘੱਟ ਇਕ ਹੋਰ ਹਫਤੇ ਲਈ ਸੀਮਤ ਇਨਡੋਰ ਸੇਵਾਵਾਂ ਨਾਲ ਖੁੱਲ੍ਹੇ ਰਹਿ ਸਕਦੇ ਹਨ।
ਚਾਰ ਪੱਧਰਾਂ ਦੇ ਰੰਗ-ਕੋਡ ਵਾਲੇ ਢਾਂਚੇ ਵਿਚ ਕੋਵਿਡ -19 ਦੇ ਫੈਲਣ ਨੂੰ ਸੀਮਤ ਕਰਨ ਵਿਚ ਕਾਉਂਟੀ ਦੀ ਸਫਲਤਾ ਕਰ ਕੇ ਇਸ ਨੂੰ 29 ਸਤੰਬਰ ਨੂੰ ਜਾਮਣੀ ਟਾਇਰ 1 ਤੋਂ 2 ਵਿਚ ਕੀਤਾ ਗਿਆ ਸੀ ਪਰ ਹੁਣ ਦੁਬਾਰਾ ਇੱਥੇ ਨਵੇਂ ਮਾਮਲਿਆਂ ਦੀ ਦਰ ਇਕ ਪੱਧਰ ਤੱਕ ਵਾਪਸ ਵੱਧ ਗਈ ਹੈ ਅਤੇ ਜੇਕਰ ਅਗਲੇ ਹਫ਼ਤੇ ਤੱਕ ਲਾਗ ਦੀ ਦਰ ਠੀਕ ਨਾ ਹੋਈ ਤਾਂ ਫਰਿਜ਼ਨੋ ਫਿਰ ਜਾਮਣੀ ਪੱਧਰ 'ਤੇ ਚਲਾ ਜਾਵੇਗਾ, ਜਿਸ ਵਿਚ ਜ਼ਿਆਦਾ ਪਾਬੰਦੀਆਂ ਹੁੰਦੀਆਂ ਹਨ।
ਜਦਕਿ ਹੁਣ ਰੈੱਡ ਟਾਇਰ 2 ਤਹਿਤ, ਕਾਉਂਟੀ ਵਿਚ ਰੈਸਟੋਰੈਂਟਾਂ ਨੂੰ 25% ਦੀ ਸਮਰੱਥਾ ਦੇ ਨਾਲ ਅੰਦਰੂਨੀ ਭੋਜਨ ਦੀ ਪੇਸ਼ਕਸ਼ ਕਰਨ ਦੀ ਆਗਿਆ ਹੈ ਅਤੇ ਚਰਚਾਂ ਵਿਚ 25% ਸਮਰੱਥਾ ਜਾਂ 100 ਤੋਂ ਘੱਟ ਵਿਅਕਤੀਆਂ ਦੇ ਜਾਣ ਦੀ ਆਗਿਆ ਹੈ। ਸੂਬੇ ਦੇ ਸਿਹਤ ਵਿਭਾਗ ਨੇ ਸੋਮਵਾਰ ਨੂੰ ਕੋਵਿਡ -19 ਦੇ 140 ਨਵੇਂ ਕੇਸਾਂ ਦੀ ਰਿਪੋਰਟ ਕੀਤੀ ਹੈ ਅਤੇ ਹਫਤੇ ਦੇ ਅੰਤ ਵਿਚ 300 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਜੇਕਰ ਨਵੀਂ ਕੇਸ ਦਰ ਲਗਾਤਾਰ ਦੂਜੇ ਹਫਤੇ ਵਿਚ 7.0 ਦੇ ਥ੍ਰੈਸ਼ੋਲਡ ਤੋਂ ਉਪਰ ਰਹਿੰਦੀ ਹੈ, ਜਿਸ ਦੀ ਅਪਡੇਟ 27 ਅਕਤੂਬਰ ਨੂੰ ਆਉਣੀ ਹੈ ਤਾਂ ਫਰਿਜ਼ਨੋ ਨੂੰ ਦੁਬਾਰਾ ਟਾਇਰ 1 ਵਿਚ ਵਾਪਸ ਭੇਜਿਆ ਜਾ ਸਕਦਾ ਹੈ।