ਫਰਿਜ਼ਨੋ ਵਿਖੇ ਤੀਆਂ ਦੇ ਮੇਲੇ ਦੌਰਾਨ ਲੱਗੀਆਂ ਖ਼ੂਬ ਰੌਣਕਾਂ
Sunday, Jul 20, 2025 - 10:33 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਫਰਿਜ਼ਨੋ ਸ਼ਹਿਰ ਜਿਸਨੂੰ ਪੰਜਾਬੀਆਂ ਦੀ ਸੰਘਣੀ ਵੱਸੋਂ ਕਰਕੇ ਮਿੰਨੀ ਪੰਜਾਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕੋਈ ਅਜਿਹਾ ਮੇਲਾ ਨਹੀਂ ਜਿਹੜਾ ਫਰਿਜ਼ਨੋ ਵਿੱਚ ਨਾ ਲੱਗਦਾ ਹੋਵੇ।
ਲੰਘੇ ਸ਼ਨੀਵਾਰ ਇੱਥੇ ਪੰਜਾਬਣ ਮੁਟਿਆਰਾਂ ਵੱਲੋਂ ਤੀਆਂ ਦਾ ਸਾਲਾਨਾ ਮੇਲਾ ਬੜੀ ਸ਼ਾਨੋ ਸ਼ੌਕਤ ਨਾਲ ਫਰਿਜ਼ਨੋ ਦੇ ਖੂਬਸੂਰਤ ਗੌਲ਼ਫ ਕੋਰਸ ਵਿੱਚ ਮਨਾਇਆ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਮੁਟਿਆਰਾਂ ਨੇ ਪਹੁੰਚਕੇ ਲਾਈਵ ਬੋਲੀਆਂ ਰਾਹੀਂ ਗਿੱਧਾ ਪਾਕੇ ਅੰਬਰੀ ਧੂੜ ਚੜਾ ਦਿੱਤੀ। ਮੇਲੇ ਵਿੱਚ ਫ੍ਰੀ ਇੰਟਰੀ ਸੀ। ਫ੍ਰੀ ਫੂਡ ਦਾ ਮੁਟਿਆਰਾਂ ਨੇ ਖੂਬ ਲੁੱਤਫ ਲਿਆ।
ਮੇਲੇ 'ਚ ਲੱਗੇ ਸਟਾਲਾਂ ਤੋਂ ਮੁਟਿਆਰਾਂ ਨੇ ਖੂਬ ਖ਼ਰੀਦੋ ਫ਼ਰੋਖ਼ਤ ਵੀ ਕੀਤੀ। ਇਹ ਪਾਰਕ ਬਹੁਤ ਵੀ ਸੰਦਰ ਝੀਲ ਦੇ ਕਿਨਾਰੇ ਬਣਿਆ ਹੋਇਆ ਹੈ। ਇਸ ਮੌਕੇ ਫੌਜੀ ਦੇ ਡੀਜੇ ਨੇ ਸ਼ਭਨੂੰ ਖੂਬ ਨਚਾਇਆ। ਮੇਲੇ 'ਚ ਲੱਗੇ ਫੋਟੋ ਬੂਥ ਵੀ ਹਰੇਕ ਦਾ ਧਿਆਨ ਖਿੱਚ ਰਹੇ ਸਨ।
ਇਸ ਮੌਕੇ ਨਵਜੋਤ ਕੌਰ, ਸੋਨੀ ਕੌਰ, ਇੰਦਰਜੀਤ ਕੌਰ ਅਤੇ ਸਰਬਜੀਤ ਕੌਰ ਪੱਡਾ ਨੇ ਮੇਲੇ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਹ ਮੇਲਾ ਲਗਾਤਾਰ ਫਰਿਜ਼ਨੋ ਵਿਖੇ ਲਾਇਆ ਜਾ ਰਿਹਾ ਹੈ ਅਤੇ ਹਰ ਸਾਲ ਮੁਟਿਆਰਾਂ ਵਧ ਚੜਕੇ ਇਸ ਮੇਲੇ ਵਿੱਚ ਸ਼ਿਰਕਤ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਮੇਲਾ ਕਰਵਾਉਣ ਦਾ ਸਾਡਾ ਮੁੱਖ ਉਦੇਸ਼ ਸਾਡੀ ਨਵੀਂ ਪੀੜ੍ਹੀ ਨੂੰ ਸਾਡੇ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨਾ ਹੈ।
ਇਸ ਮੌਕੇ ਸੁਖਦੇਵ ਸਿੰਘ ਸਿੱਧੂ ਨੇ ਸਮੂੰਹ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਮੇਲੇ ਦੀ ਫੋਟੋ ਗ੍ਰਾਫੀ ਦਿਲਬਾਗ ਬੰਗੜ ਨੇ ਕੀਤੀ। ਅਖੀਰ ਅਮਿੱਟ ਪੈੜ੍ਹਾ ਛੱਡਦਾ ਇਹ ਮੇਲਾ ਯਾਦਗਾਰੀ ਹੋ ਨਿੱਬੜਿਆ ।