ਜਜ਼ਬੇ ਨੂੰ ਸਲਾਮ, 48 ਮੰਜ਼ਿਲਾ ਇਮਾਰਤ 'ਤੇ ਬਿਨਾਂ ਸਹਾਰੇ ਚੜ੍ਹ ਗਿਆ 60 ਸਾਲ ਦਾ 'ਸਪਾਈਡਰਮੈਨ' (ਤਸਵੀਰਾਂ)
Sunday, Sep 18, 2022 - 11:27 AM (IST)
ਪੈਰਿਸ (ਬਿਊਰੋ): ਫਰਾਂਸ ਦੇ 'ਸਪਾਈਡਰਮੈਨ' ਵਜੋਂ ਜਾਣੇ ਜਾਂਦੇ ਐਲੇਨ ਰਾਬਰਟ ਨੇ ਸ਼ਨੀਵਾਰ ਨੂੰ ਪੈਰਿਸ 'ਚ 48 ਮੰਜ਼ਿਲਾ ਸਕਾਈਸਕ੍ਰੈਪਰ 'ਤੇ ਚੜ੍ਹਾਈ ਕੀਤੀ। ਉਸ ਨੇ ਪਹਿਲਾਂ ਹੀ ਤੈਅ ਕਰ ਲਿਆ ਸੀ ਕਿ ਜਦੋਂ ਉਹ 60 ਸਾਲ ਦਾ ਹੋਵੇਗਾ, ਉਸ ਤੋਂ ਬਾਅਦ ਉਹ ਇਸ ਇਮਾਰਤ 'ਤੇ ਚੜ੍ਹੇਗਾ। ਲਾਲ ਕੱਪੜੇ ਪਹਿਨੇ ਰਾਬਰਟ ਨੇ ਆਪਣੀਆਂ ਬਾਹਾਂ ਉੱਚੀਆਂ ਕੀਤੀਆਂ ਜਦੋਂ ਉਹ 187-ਮੀਟਰ (613 ਫੁੱਟ) ਟੂਰ ਟੋਟਲ ਐਨਰਜੀਜ਼ ਬਿਲਡਿੰਗ 'ਤੇ ਚੜ੍ਹਿਆ, ਜੋ ਕਿ ਫਰਾਂਸ ਦੀ ਰਾਜਧਾਨੀ ਦੇ ਲਾਅ ਡਿਫੈਂਸ ਬਿਜ਼ਨਸ ਡਿਸਟ੍ਰਿਕਟ ਦੇ ਉੱਪਰ ਸਥਿਤ ਹੈ।
ਆਪਣੀ ਮੰਜ਼ਿਲ ਹਾਸਲ ਕਰਨ ਤੋਂ ਬਾਅਦ ਰਾਬਰਟ ਨੇ ਕਿਹਾ ਕਿ ਮੈਂ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ 60 ਸਾਲ ਦਾ ਹੋਣਾ ਕੁਝ ਨਹੀਂ ਹੁੰਦਾ। ਤੁਸੀਂ ਕਿਸੇ ਵੀ ਉਮਰ ਵਿੱਚ ਕੁਝ ਵੀ ਕਰ ਸਕਦੇ ਹੋ। ਐਕਟਿਵ ਰਹੋ ਅਤੇ ਕੁਝ ਵਧੀਆ ਕੰਮ ਕਰੋ। ਤੁਹਾਨੂੰ ਦੱਸ ਦੇਈਏ ਕਿ ਰਾਬਰਟ ਪਿਛਲੇ ਮਹੀਨੇ 60 ਸਾਲ ਦੇ ਹੋ ਚੁੱਕੇ ਹਨ।ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਰਾਬਰਟ ਨੇ ਦੱਸਿਆ ਕਿ ਮੈਂ ਕਈ ਸਾਲ ਪਹਿਲਾਂ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਮੈਂ 60 ਸਾਲ ਦਾ ਹੋਵਾਂਗਾ ਤਾਂ ਮੈਂ ਉਸ ਟਾਵਰ 'ਤੇ ਦੁਬਾਰਾ ਚੜ੍ਹਾਂਗਾ ਕਿਉਂਕਿ ਫਰਾਂਸ ਵਿਚ 60 ਸਾਲ ਦੀ ਹੋਣਾ ਸੇਵਾਮੁਕਤੀ ਦਾ ਪ੍ਰਤੀਕ ਹੈ।
ਪੜ੍ਹੋ ਇਹ ਅਹਿਮ ਖ਼ਬਰ- ਸਿਡਨੀ ’ਚ ਮਨਾਇਆ ਗਿਆ ‘ਇੰਟਰਨੈਸ਼ਨਲ ਡੇਅ ਆਫ ਯੋਗਾ’ 2022
'ਸਪਾਈਡਰਮੈਨ' ਰਾਬਰਟ ਪਹਿਲਾਂ ਵੀ ਕਈ ਵਾਰ ਟੋਟਲ ਐਨਰਜੀ ਟਾਵਰ 'ਤੇ ਚੜ੍ਹ ਚੁੱਕਾ ਹੈ। ਉਹ ਇਸ ਦੀ ਵਰਤੋਂ ਜਲਵਾਯੂ ਤਬਦੀਲੀ 'ਤੇ ਕਾਰਵਾਈ ਦੀ ਲੋੜ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕਰਦਾ ਹੈ।ਰਾਬਰਟ ਨੇ ਸਾਲ 1975 ਵਿੱਚ ਚੜ੍ਹਾਈ ਸ਼ੁਰੂ ਕੀਤੀ ਸੀ। ਉਸਨੇ ਦੱਖਣੀ ਫਰਾਂਸ ਵਿੱਚ ਆਪਣੇ ਜੱਦੀ ਸ਼ਹਿਰ ਵੈਲੈਂਸ ਦੇ ਨੇੜੇ ਚੱਟਾਨਾਂ 'ਤੇ ਸਿਖਲਾਈ ਦਿੱਤੀ। ਇਸ ਤੋਂ ਬਾਅਦ ਉਹ 1977 ਵਿਚ ਇਕੱਲੇ ਹੀ ਚੜ੍ਹਿਆ ਅਤੇ ਤੇਜ਼ੀ ਨਾਲ ਚੋਟੀ ਦਾ ਚੜ੍ਹਾਈ ਕਰਨ ਵਾਲਾ ਪਰਬਤਾਰੋਹੀ ਬਣ ਗਿਆ। ਉਦੋਂ ਤੋਂ ਉਹ ਦੁਨੀਆ ਭਰ ਦੀਆਂ 150 ਤੋਂ ਵੱਧ ਉੱਚੀਆਂ ਇਮਾਰਤਾਂ 'ਤੇ ਚੜ੍ਹ ਚੁੱਕਾ ਹੈ, ਜਿਸ ਵਿੱਚ ਦੁਬਈ ਵਿੱਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ, ਆਈਫਲ ਟਾਵਰ ਅਤੇ ਸੈਨ ਫਰਾਂਸਿਸਕੋ ਦਾ ਗੋਲਡਨ ਗੇਟ ਬ੍ਰਿਜ ਸ਼ਾਮਲ ਹੈ।
ਹਾਲਾਂਕਿ ਰਾਬਰਟ ਨੂੰ ਪਹਿਲਾਂ ਵੀ ਕਈ ਵਾਰ ਬਿਨਾਂ ਇਜਾਜ਼ਤ ਦੇ ਚੜ੍ਹਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਹ ਬਿਨਾਂ ਕਿਸੇ ਹਾਰਨੇਸ ਮਤਲਬ ਸਹਾਰੇ ਦੇ ਚੜ੍ਹਦਾ ਹੈ ਅਤੇ ਆਪਣੇ ਨੰਗੇ ਹੱਥਾਂ, ਚੜ੍ਹਨ ਵਾਲੇ ਬੂਟਾਂ ਦੇ ਜੋੜੇ ਅਤੇ ਪਸੀਨਾ ਪੂੰਝਣ ਲਈ ਪਾਊਡਰ ਚਾਕ ਦਾ ਇੱਕ ਬੈਗ ਵਰਤਦਾ ਹੈ।