ਬਦਨਾਮ ਫ੍ਰਾਂਸੀਸੀ 'ਸੀਰੀਅਲ ਕਿਲਰ' ਚਾਰਲਸ ਸੋਭਰਾਜ ਜੇਲ੍ਹ ਤੋਂ ਰਿਹਾਅ

Friday, Dec 23, 2022 - 01:19 PM (IST)

ਕਾਠਮੰਡੂ (ਭਾਸ਼ਾ) ਨੇਪਾਲ ਦੀ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਭਾਰਤ ਅਤੇ ਵੀਅਤਨਾਮੀ ਮੂਲ ਦੇ ਬਦਨਾਮ ਫ੍ਰਾਂਸੀਸੀ 'ਸੀਰੀਅਲ ਕਿਲਰ' ਚਾਰਲਸ ਸੋਭਰਾਜ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਸੋਭਰਾਜ ਨੂੰ ਕਤਲ ਦੇ ਦੋਸ਼ ਵਿੱਚ 19 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਸ਼ੁੱਕਰਵਾਰ ਨੂੰ ਨੇਪਾਲੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ।ਅਧਿਕਾਰੀਆਂ ਨੇ ਦੱਸਿਆ ਕਿ ਸੋਭਰਾਜ ਨੂੰ ਉਸ ਦੇ ਕਾਗਜ਼ਾਤ ਸਬੰਧੀ ਕਾਰਵਾਈ ਕਰਨ ਲਈ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਸੀ।

ਜਸਟਿਸ ਸਪਨਾ ਪ੍ਰਧਾਨ ਮੱਲਾ ਅਤੇ ਤਿਲਕ ਪ੍ਰਸਾਦ ਸ਼੍ਰੇਸ਼ਠ ਦੀ ਸਾਂਝੀ ਬੈਂਚ ਨੇ ਬੁੱਧਵਾਰ ਨੂੰ 78 ਸਾਲਾ ਬਜ਼ੁਰਗ ਨੂੰ ਜੇਲ੍ਹ ਤੋਂ ਰਿਹਾਅ ਕਰਨ ਦਾ ਹੁਕਮ ਦਿੱਤਾ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵੀਰਵਾਰ ਨੂੰ ਉਸਦੀ ਰਿਹਾਈ ਨੂੰ ਸ਼ੁੱਕਰਵਾਰ ਤੱਕ ਮੁਲਤਵੀ ਕਰਨ ਦੀ ਬੇਨਤੀ ਕੀਤੀ ਸੀ।ਵੀਰਵਾਰ ਨੂੰ ਕੇਂਦਰੀ ਜੇਲ੍ਹ ਤੋਂ ਉਸਦੀ ਰਿਹਾਈ ਵਿੱਚ ਇੱਕ ਦਿਨ ਦੀ ਦੇਰੀ ਹੋਈ ਕਿਉਂਕਿ ਇਮੀਗ੍ਰੇਸ਼ਨ ਵਿਭਾਗ, ਜਿੱਥੇ ਸੋਭਰਾਜ ਨੂੰ ਦੇਸ਼ ਨਿਕਾਲੇ ਲਈ ਭੇਜਿਆ ਜਾਣਾ ਸੀ, ਕੋਲ ਉਸਦੇ ਲਈ ਵੱਖਰਾ ਕਮਰਾ ਤਿਆਰ ਨਹੀਂ ਸੀ।ਸੁਪਰੀਮ ਕੋਰਟ ਨੇ ਸਰਕਾਰ ਨੂੰ ਉਸ ਨੂੰ 15 ਦਿਨਾਂ ਦੇ ਅੰਦਰ ਪਾਸਪੋਰਟ ਜਾਰੀ ਕਰਨ ਵਾਲੇ ਦੇਸ਼ ਵਿੱਚ ਡਿਪੋਰਟ ਕਰਨ ਦਾ ਹੁਕਮ ਦਿੱਤਾ ਸੀ, ਜੇਕਰ ਉਹ ਕਿਸੇ ਹੋਰ ਮਾਮਲੇ ਵਿੱਚ ਲੋੜੀਂਦਾ ਨਾ ਹੋਵੇ।

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ 'ਚ ਭਾਰਤੀ ਮੂਲ ਦੇ ਡੇਅਰੀ ਮਾਲਕ ਦੇ ਸਟੋਰ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ

ਧੋਖੇ ਅਤੇ ਚੋਰੀ ਦੇ ਹੁਨਰ ਕਾਰਨ "ਬਿਕਨੀ ਕਾਤਲ" ਅਤੇ "the Serpent" ਦੇ ਉਪਨਾਮ ਨਾਲ ਸੋਭਰਾਜ ਨੇਪਾਲ ਵਿੱਚ 1975 ਵਿੱਚ ਅਮਰੀਕੀ ਔਰਤ ਕੋਨੀ ਜੋ ਬ੍ਰੌਂਜਿਚ ਦੀ ਹੱਤਿਆ ਦੇ ਦੋਸ਼ ਵਿੱਚ 2003 ਤੋਂ ਕਾਠਮੰਡੂ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ।2014 ਵਿੱਚ ਉਸਨੂੰ ਇੱਕ ਕੈਨੇਡੀਅਨ ਬੈਕਪੈਕਰ ਲੌਰੇਂਟ ਕੈਰੀਅਰ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸਨੂੰ ਦੂਜੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।ਨੇਪਾਲ ਵਿੱਚ ਉਮਰ ਕੈਦ ਦਾ ਮਤਲਬ ਹੈ 20 ਸਾਲ ਦੀ ਕੈਦ।ਨੇਪਾਲ ਦੀ ਸਿਖਰਲੀ ਅਦਾਲਤ ਦੇ ਡਿਵੀਜ਼ਨ ਬੈਂਚ ਦਾ ਇਹ ਹੁਕਮ ਸ਼ੋਭਰਾਜ ਵੱਲੋਂ ਦਾਇਰ ਪਟੀਸ਼ਨ ਤੋਂ ਬਾਅਦ ਆਇਆ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਸ ਨੂੰ ਉਸ ਲਈ ਸਿਫ਼ਾਰਸ਼ ਕੀਤੀ ਗਈ ਮਿਆਦ ਤੋਂ ਵੱਧ ਜੇਲ੍ਹ ਵਿੱਚ ਰੱਖਿਆ ਗਿਆ ਸੀ।
75 ਫੀਸਦੀ ਸਜ਼ਾ ਪੂਰੀ ਕਰ ਚੁੱਕੇ ਅਤੇ ਕੈਦ ਦੌਰਾਨ ਚੰਗੇ ਕਿਰਦਾਰ ਵਾਲੇ ਕੈਦੀਆਂ ਨੂੰ ਰਿਹਾਅ ਕਰਨ ਦੀ ਕਾਨੂੰਨੀ ਵਿਵਸਥਾ ਹੈ।

ਸੋਭਰਾਜ ਨੇ ਆਪਣੀ ਪਟੀਸ਼ਨ ਰਾਹੀਂ ਦਾਅਵਾ ਕੀਤਾ ਸੀ ਕਿ ਨੇਪਾਲ ਦੇ ਸੀਨੀਅਰ ਨਾਗਰਿਕਾਂ ਨੂੰ ਮਿਲਣ ਵਾਲੀਆਂ 'ਰਿਆਇਤਾਂ' ਦੇ ਤਹਿਤ ਉਸ ਨੇ ਆਪਣੀ ਜੇਲ੍ਹ ਦੀ ਮਿਆਦ ਪੂਰੀ ਕਰ ਲਈ ਹੈ।ਉਸਨੇ ਦਾਅਵਾ ਕੀਤਾ ਕਿ ਉਹ ਪਹਿਲਾਂ ਹੀ ਆਪਣੀ 20 ਸਾਲਾਂ ਦੀ ਸਜ਼ਾ ਵਿੱਚੋਂ 19 ਦੀ ਸਜ਼ਾ ਕੱਟ ਚੁੱਕਾ ਹੈ ਅਤੇ ਚੰਗੇ ਵਿਵਹਾਰ ਲਈ ਰਿਹਾਈ ਲਈ ਪਹਿਲਾਂ ਹੀ ਸਿਫਾਰਸ਼ ਕੀਤੀ ਜਾ ਚੁੱਕੀ ਹੈ।ਸੋਭਰਾਜ ਨੂੰ ਅਗਸਤ 2003 ਵਿੱਚ ਕਾਠਮੰਡੂ ਦੇ ਇੱਕ ਕੈਸੀਨੋ ਵਿੱਚ ਦੇਖਿਆ ਗਿਆ ਸੀ ਅਤੇ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ।ਉਸ ਨੂੰ ਮੁਕੱਦਮੇ ਤੋਂ ਬਾਅਦ ਕਤਲ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।ਉਹ ਬੈਕਪੈਕਰਾਂ ਦੀਆਂ ਕਈ ਹੱਤਿਆਵਾਂ ਨਾਲ ਜੁੜਿਆ ਹੋਇਆ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News