ਇਕ ਗਿਲਾਸ ਪਾਣੀ ਬਦਲੇ 8 ਸਾਲ ਢਾਹੀ ਗਈ ਤਸ਼ੱਦਦ, ਆਸੀਆ ਨੇ ਸੁਣਾਈ ਹੱਡਬੀਤੀ

02/26/2020 8:10:14 PM

ਪੈਰਿਸ- ਈਸ਼ਨਿੰਦਾ ਦੇ ਦੋਸ਼ ਵਿਚ ਪਾਕਿਸਤਾਨੀ ਜੇਲ ਵਿਚ 8 ਸਾਲ ਕੱਢਣ ਤੇ ਫਿਰ ਵਤਨ ਨਿਕਾਲੇ ਦਾ ਦੁੱਖ ਝੱਲ ਰਹੀ ਈਸਾਈ ਔਰਤ ਆਸੀਆ ਬੀਬੀ ਨੇ ਕਿਹਾ ਹੈ ਕਿ ਉਹ ਇਕ ਅਣਜਾਣ ਦੇਸ਼ ਕੈਨੇਡਾ ਵਿਚ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਵਿਚ ਹੈ। ਉਹਨਾਂ ਨੇ ਘਰ ਪਰਤਣ ਦੇ ਆਪਣੇ ਸੁਪਨੇ ਤੇ ਜੇਲ ਵਿਚ ਉਹਨਾਂ 'ਤੇ ਹੋਈ ਤਸ਼ੱਦਦ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਜੇ ਤੱਕ ਮੈਨੂੰ ਸੱਚੀ ਆਜ਼ਾਦੀ ਮਿਲਣੀ ਬਾਕੀ ਹੈ। ਇਸ ਦੌਰਾਨ ਉਹਨਾਂ ਨੇ ਖੁਦ 'ਤੇ ਹੋਈ ਤਸ਼ੱਦਦ ਨੂੰ ਵੀ ਬਿਆਨ ਕੀਤਾ।

ਪੱਤਰਕਾਰ ਏਜੰਸੀ ਏ.ਐਫ.ਪੀ. ਨੂੰ ਪੈਰਿਸ ਵਿਚ ਦਿੱਤੇ ਇਕ ਇੰਟਰਵਿਊ ਵਿਚ ਉਹਨਾਂ ਨੇ ਕਿਹਾ ਕਿ ਮੈਂ ਅਜੇ ਤੱਕ ਕੈਨੇਡਾ ਨਹੀਂ ਘੁੰਮੀ ਹਾਂ। ਜ਼ਿਆਦਾਤਰ ਸਮਾਂ ਮੈਂ ਘਰ ਵਿਚ ਹੀ ਰਹਿੰਦੀ ਹਾਂ। ਇਥੇ ਹੋਣ ਵਾਲੀ ਬਰਫਬਾਰੀ ਤੇ ਠੰਡ ਦੇ ਕਾਰਨ ਮੈਂ ਜ਼ਿਆਦਾ ਬਾਹਰ ਨਹੀਂ ਜਾਂਦੀ। ਅਸਲ ਵਿਚ ਆਸੀਆ ਬੀਬੀ ਫਰਾਂਸ ਵਿਚ ਆਪਣੀ ਕਿਤਾਬ 'ਐਨਫਿਨ ਲਿਬ੍ਰੇ- ਫਾਈਨਲੀ ਫ੍ਰੀ' ਨੂੰ ਪ੍ਰਮੋਟ ਕਰਨ ਲਈ ਫਰਾਂਸ ਪਹੁੰਚੀ ਸੀ। ਫਰਾਂਸੀਸੀ ਪੱਤਰਕਾਰ ਐਨੇ ਇਸਾਬੇਲੇ ਦੇ ਨਾਲ ਆਸੀਆ ਨੇ ਵੀ ਇਸ ਕਿਤਾਬ ਦੇ ਲੇਖਨ ਵਿਚ ਮਦਦ ਕੀਤੀ ਹੈ।

ਆਸੀਆ ਨੇ ਦੱਸਿਆ ਕਿ ਉਹ ਅਜੇ ਕੈਨੇਡਾ ਦੀ ਅਧਿਕਾਰਿਤ ਭਾਸ਼ਾ ਵਿਚ ਗੱਲ ਨਹੀਂ ਕਰ ਸਕਦੀ ਤੇ ਨਾ ਹੀ ਅੰਗਰੇਜ਼ੀ ਬੋਲ ਸਕਦੀ ਹੈ। ਕੈਨੇਡਾ ਵਿਚ ਬੇਘਰਿਆਂ ਵਾਲੀ ਜ਼ਿੰਦਗੀ ਜਿਊਂਦਿਆਂ ਉਹ ਆਪਣੀਆਂ ਭੈਣਾਂ, ਭਰਾਵਾਂ ਤੇ ਮਾਤਾ-ਪਿਤਾ ਨੂੰ ਬਹੁਤ ਯਾਦ ਕਰਦੀ ਹੈ। ਉਹਨਾਂ ਨੂੰ ਇਸ ਦੀ ਉਮੀਦ ਹੈ ਕਿ ਬਦਲਾਅ ਆਵੇਗਾ ਤੇ ਇਕ ਨਾ ਇਕ ਦਿਨ ਉਹ ਆਪਣੇ ਪਰਿਵਾਰ ਦੇ ਨਾਲ ਪਾਕਿਸਤਾਨ ਪਰਤ ਆਵੇਗੀ। ਉਹਨਾਂ ਨੇ ਕਿਹਾ ਕਿ ਮੈਨੂੰ ਅਜਿਹੀ ਉਮੀਦ ਹੈ ਕਿਉਂਕਿ ਜਦੋਂ ਮੈਂ ਜੇਲ ਵਿਚ ਸੀ ਤਾਂ ਸੋਚਦੀ ਸੀ ਕਿ ਇਕ ਨਾ ਇਕ ਦਿਨ ਜ਼ਰੂਰ ਆਜ਼ਾਦ ਹੋਵਾਂਗੀ।

ਦੱਸ ਦਈਏ ਕਿ ਆਸੀਆ 'ਤੇ ਸਾਲ 2009 ਵਿਚ ਈਸ਼ਨਿੰਦਾ ਦੇ ਦੋਸ਼ ਲੱਗੇ ਸਨ। ਸਾਲ 2010 ਵਿਚ ਪਾਕਿਸਤਾਨ ਦੀ ਇਕ ਅਦਾਲਤ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਪਰ ਸਾਲ 2018 ਵਿਚ ਪਾਕਿਸਤਾਨ ਦੀ ਸੁਰਪੀਮ ਕੋਰਟ ਨੇ ਉਹਨਾਂ ਨੂੰ ਬਰੀ ਕਰ ਦਿੱਤਾ। ਆਸੀਆ 'ਤੇ ਇਹ ਦੋਸ਼ ਉਸ ਦੌਰਾਨ ਲੱਗੇ ਜਦੋਂ ਉਹ ਮੁਸਲਿਮ ਔਰਤਾਂ ਦੇ ਨਾਲ ਬਗੀਚੇ ਵਿਚ ਫਾਲਸਾ ਇਕੱਠਾ ਕਰ ਰਹੀ ਸੀ। ਰਿਪੋਰਟਾਂ ਮੁਤਾਬਕ ਕਈ ਘੰਟੇ ਕੰਮ ਕਰਨ ਤੋਂ ਬਾਅਦ ਕਿਸੇ ਮਹਿਲਾ ਨੇ ਆਸੀਆ ਨੂੰ ਖੂਹ ਤੋਂ ਪਾਣੀ ਲਿਆਉਣ ਲਈ ਕਿਹਾ। ਇਸ ਦੌਰਾਨ ਆਸੀਆ ਨੇ ਉਸ ਪਾਣੀ ਵਿਚੋਂ ਥੋੜਾ ਪਾਣੀ ਪੀ ਲਿਆ। ਇਸ 'ਤੇ ਮੁਸਲਿਮ ਔਰਤਾਂ ਨਾਰਾਜ਼ ਹੋ ਗਈਆਂ। ਪੰਜ ਦਿਨ ਬਾਅਦ ਆਸੀਆ ਦੇ ਘਰ ਜ਼ਬਰੀ ਪੁਲਸ ਦਾਖਲ ਹੋਈ ਤੇ ਉਸ 'ਤੇ ਈਸ਼ਨਿੰਦਾ ਦੇ ਦੋਸ਼ ਵਿਚ ਮੁਕੱਦਮਾ ਚੱਲਿਆ।

ਆਪਣੀ ਕਿਤਾਬ ਵਿਚ ਆਸੀਆ ਨੇ ਪਾਕਿਸਤਾਨ ਵਿਚ ਉਹਨਾਂ 'ਤੇ ਹੋਏ ਜ਼ੁਲਮਾਂ ਦਾ ਜ਼ਿਕਰ ਕੀਤਾ ਹੈ। ਜੇਲ ਵਿਚ ਆਸੀਆ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਸੀ ਤੇ ਹੋਰ ਕੈਦੀ ਉਹਨਾਂ ਦਾ ਮਜ਼ਾਕ ਉਡਾਉਂਦੇ ਸਨ। ਉਹਨਾਂ ਨੇ ਕਿਹਾ ਕਿ ਮੈਂ ਕਦੇ ਵੀ ਪੈਗੰਬਰ ਦੀ ਨਿੰਦਾ ਨਹੀਂ ਕਰ ਸਕਦੀ ਹਾਂ ਪਰ ਮੇਰੇ 'ਤੇ ਜੋ ਝੂਠੇ ਦੋਸ਼ ਲਾਏ ਗਏ ਉਹ ਸਿਰਫ ਇਕੋ ਗਲਾਸ ਪਾਣੀ ਦੇ ਲਈ ਲੱਗੇ, ਜਿਸ ਨੂੰ ਮੈਂ ਪੀਤਾ ਸੀ। ਸਾਰਾ ਕੁਝ ਉਸੇ ਲਈ ਹੋਇਆ। ਫਿਲਹਾਲ ਆਸੀਆ ਆਪਣੇ ਪਤੀ ਆਸ਼ਿਕ ਤੇ ਬੇਟੀਆਂ ਇਸ਼ਮ ਤੇ ਈਸ਼ਾ ਦੇ ਨਾਲ ਕੈਨੇਡਾ ਵਿਚ ਕਿਸੇ ਅਣਪਛਾਤੀ ਥਾਂ 'ਤੇ ਰਹਿ ਰਹੀ ਹੈ।


Baljit Singh

Content Editor

Related News