ਔਰਤਾਂ ਨਾਲ ਹਿੰਸਾ ਖਿਲਾਫ ਦੁਨੀਆ ਭਰ ਵਿਚ ਲੱਖਾਂ ਲੋਕਾਂ ਨੇ ਕੱਢੀ ਰੈਲੀ

Tuesday, Nov 26, 2019 - 03:36 PM (IST)

ਔਰਤਾਂ ਨਾਲ ਹਿੰਸਾ ਖਿਲਾਫ ਦੁਨੀਆ ਭਰ ਵਿਚ ਲੱਖਾਂ ਲੋਕਾਂ ਨੇ ਕੱਢੀ ਰੈਲੀ

ਪੈਰਿਸ (ਏਏਫਪੀ)- ਔਰਤਾਂ ਖਿਲਾਫ ਹਿੰਸਾ ਨੂੰ ਖਤਮ ਕਰਨ ਦੇ ਅੰਤਰਰਾਸ਼ਟਰੀ ਦਿਵਸ ਮੌਕੇ ਦੁਨਿਆਭਰ ਵਿਚ ਲੱਖਾਂ ਲੋਕਾਂ ਨੇ ਰੈਲੀ ਕੱਢੀ। ਇਸ ਮੌਕੇ ਫਰਾਂਸ ਨੇ ਘਰੇਲੂ ਹਿੰਸਾ ਨਾਲ ਨਿੱਬੜਨ ਲਈ ਨਵੇਂ ਕਦਮਾਂ ਦਾ ਐਲਾਨ ਕੀਤਾ। ਗਵਾਟੇਮਾਲਾ, ਰੂਸ, ਸੂਡਾਨ ਤੇ ਤੁਰਕੀ ਜਿਹੇ ਦੇਸ਼ਾਂ ਵਿਚ ਵੀ ਸੋਮਵਾਰ ਨੂੰ ਪ੍ਰਦਰਸ਼ਨਕਾਰੀ ਇਕੱਠੇ ਹੋਏ।

ਤੁਰਕੀ ਦੇ ਇਸਤਾਂਬੁਲ ਵਿਚ ਦੰਗਾ ਨਿਰੋਧੀ ਪੁਲਸ ਨੇ ਕਰੀਬ ਦੋ ਹਜ਼ਾਰ ਪ੍ਰਦਰਸ਼ਨਕਾਰੀਆਂ ਦਾ ਰਸਤਾ ਰੋਕਿਆ ਤੇ ਇਸ ਤੋਂ ਬਾਅਦ ਉਨ੍ਹਾਂ 'ਤੇ ਹੰਝੂ ਗੈਸ ਦੇ ਗੋਲੇ ਛੱਡੇ। ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲਸ ਨੇ ਪਲਾਸਟਿਕ ਦੀਆਂ ਗੋਲੀਆਂ ਵੀ ਚਲਾਈਆਂ। ਫਰਾਂਸ ਦੀ ਸਰਕਾਰ ਨੇ ਐਲਾਨ ਕੀਤਾ ਕਿ ਇਹ ਡਾਕਟਰਾਂ ਲਈ ਹਿੰਸਾ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਔਰਤਾਂ ਦੇ ਬਾਰੇ ਜਾਣਕਾਰੀ ਸਾਂਝੀ ਕਰਨ ਨੂੰ ਸੌਖਾਲਾ ਬਣਾਏਗੀ ਤੇ ਦਿਮਾਗੀ ਚਾਲਬਾਜ਼ੀ ਨੂੰ ਕਨੂੰਨ ਵਿਚ ਸ਼ਾਮਿਲ ਕਰੇਗੀ। ਸੰਯੁਕਤ ਰਾਸ਼ਟਰ ਦੇ ਮੁਤਾਬਕ ਸਾਲ 2017 ਵਿਚ ਦੁਨਿਆਭਰ ਵਿਚ ਤਕਰੀਬਨ 87000 ਔਰਤਾਂ ਤੇ ਲੜਕੀਆਂ ਦੀ ਹੱਤਿਆ ਹੋਈ।

ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਕਿ ਦੁਨਿਆਭਰ ਵਿਚ ਇਸ ਦਿਸ਼ਾ ਵਿਚ ਹੋਰ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ। ਉਸ ਨੇ ਕਿਹਾ ਕਿ ਅਫਗਾਨਿਸਤਾਨ ਇਕ ਅਜਿਹਾ ਦੇਸ਼ ਹੈ ਜਿਥੇ ਯੋਨ ਹਿੰਸਾ ਤੇ ਬਲਾਤਕਾਰ ਨਾਲ ਨਜਿੱਠਣ ਦੀ ਦਿਸ਼ਾ ਵਿਚ ਬਹੁਤ ਘੱਟ ਕੰਮ ਹੋਇਆ ਹੈ। ਇਸ ਦਿਨ ਏਫਿਲ ਟਾਵਰ ਦੀਆਂ ਬੱਤੀਆਂ ਇਕ ਮਿੰਟ ਲਈ ਬੰਦ ਕਰ ਦਿੱਤੀਆਂ ਗਈਆਂ।


author

Baljit Singh

Content Editor

Related News