ਆਸਟ੍ਰੇਲੀਆ ਤੋਂ ਬਾਅਦ ਹੁਣ ਇਸ ਦੇਸ਼ ''ਚ ਵੀ ਬੱਚਿਆਂ ਲਈ ਬੈਨ ਹੋਵੇਗਾ ਸੋਸ਼ਲ ਮੀਡੀਆ
Thursday, Jan 01, 2026 - 06:28 PM (IST)
ਇੰਟਰਨੈਸ਼ਨਲ ਡੈਸਕ- ਸਾਲ 2025 'ਚ ਆਸਟ੍ਰੇਲੀਆ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ ਕਰ ਦਿੱਤਾ ਹੈ। ਇਹ ਦੁਨੀਆ ਦਾ ਪਹਿਲਾ ਦੇਸ਼ ਹੈ ਜਿਸਨੇ ਅਜਿਹਾ ਕਦਮ ਚੁੱਕਿਆ ਹੈ। ਹੁਣ ਖਬਰ ਹੈ ਕਿ ਫਰਾਂਸ ਵੀ ਇਸੇ ਤਰ੍ਹਾਂ ਦਾ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਨਿਊਜ਼ ਏਜੰਸੀ ਏ.ਐੱਫ.ਪੀ. ਦੀ ਰਿਪੋਰਟ ਮੁਤਾਬਕ, ਫਰਾਂਸ ਸਰਕਾਰ ਨੇ ਇਕ ਮਸੌਦਾ ਕਾਨੂੰਨ ਤਿਆਰ ਕੀਤਾ ਹੈ। ਇਸ ਮਸੌਦੇ ਤਹਿਤ ਬੱਚਿਆਂ ਨੂੰ ਜ਼ਿਆਦਾ ਸਕਰੀਨ ਟਾਈਮ ਤੋਂ ਬਚਾਉਣ ਲਈ ਨਵੀਂ ਕੋਸ਼ਿਸ਼ ਕੀਤੀ ਜਾਵੇਗੀ ਅਤੇ ਸਤੰਬਰ 2026 ਤਕ 15 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਹੁੰਚ 'ਤੇ ਪਾਬੰਦੀ ਲਗਾਉਣ ਦੀ ਵਿਵਸਥਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਪਹਿਲੇ ਨੂੰ ਰਾਸ਼ਟਰਪਤੀ ਇਮੈਨੁਐਲ ਮੈਕ੍ਰੋਨ ਦਾ ਸਮਰਥਨ ਪ੍ਰਾਪਤ ਹੈ, ਜਿਨ੍ਹਾਂ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਕਿਹਾ ਸੀ ਕਿ ਸੰਸਦ ਨੂੰ ਜਨਵਰੀ 'ਚ ਇਸ ਪ੍ਰਸਤਾਵ 'ਤੇ ਬਹਿਸ ਸ਼ੁਰੂ ਕਰ ਦੇਣੀ ਚਾਹੀਦੀ ਹੈ। ਆਸਟ੍ਰੇਲੀਆ ਨੇ ਇਸ ਮਹੀਨੇ ਵਿਸ਼ਵ 'ਚ ਪਹਿਲੀ ਵਾਰ 16 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਲਾਗੂ ਕੀਤੀ ਹੈ।
ਫਰਾਂਸੀਸੀ ਮਸੌਦੇ 'ਚ ਕਿਹਾ ਗਿਆ ਹੈ ਕਿ ਕਈ ਅਧਿਐਨ ਅਤੇ ਰਿਪੋਰਟਾਂ ਹੁਣ ਕਿਸ਼ੋਰਾਂ ਵੱਲੋਂ ਡਿਜੀਟਲ ਸਕਰੀਨ ਦੀ ਜ਼ਿਆਦਾ ਵਰਤੋਂ ਨਾਲ ਹੋਣ ਵਾਲੇ ਵੱਖ-ਵੱਖ ਜ਼ੋਖਮਾਂ ਦੀ ਪੁਸ਼ਟੀ ਕਰਦੀ ਹੈ। ਸਰਕਾਰ ਨੇ ਕਿਹਾ ਕਿ ਜਿਨ੍ਹਾਂ ਬੱਚਿਆਂ ਨੂੰ ਆਨਲਾਈਨ ਸੇਵਾਵਾਂ ਤਕ ਬੇਰੋਕਟੋਕ ਪਹੁੰਚ ਮਿਲੀ ਹੋਈ ਹੈ, ਉਹ 'ਅਣਉਚਿਤ ਸਮੱਗਰੀ' ਦੇ ਸੰਪਰਕ 'ਚ ਆ ਰਹੇ ਹਨ, ਸਾਈਬਰ ਉਤਪੀੜਨ ਦਾ ਸ਼ਿਕਾਰ ਹੋ ਸਕਦੇ ਹਨ ਜਾਂ ਉਨ੍ਹਾਂ ਦੀ ਨੀਂਦ ਦੇ ਪੈਟਰਨ 'ਚ ਬਦਲਾਅ ਆ ਸਕਦਾ ਹੈ।
ਰਿਪੋਰਟ ਅਨੁਸਾਰ, ਇਸ ਮਸੌਦਾ ਕਾਨੂੰਨ 'ਚ ਦੋ ਮੁੱਖ ਅਨੁਛੇਦ ਹਨ। ਪਹਿਲਾ ਅਨੁਸ਼ੇਦ 15 ਸਾਲਾਂ ਤੋਂ ਘੱਟ ਉਮਰ ਦੇ ਨਾਬਾਲਗ ਨੂੰ ਆਨਲਾਈਨ ਸੋਸ਼ਲ ਮੀਡੀਆ ਸੇਵਾ ਪ੍ਰਦਾਨ ਕਰਨ ਨੂੰ ਗੈਰ-ਕਾਨੂੰਨੀ ਬਣਾਉਂਦਾ ਹੈ।
