ਫਰਾਂਸ : WW1 'ਚ ਸ਼ਹੀਦ ਭਾਰਤੀ ਫੌਜੀਆਂ ਦੀ ਯਾਦ 'ਚ ਬੁੱਤ ਸਥਾਪਿਤ

Friday, Nov 16, 2018 - 01:37 PM (IST)

ਫਰਾਂਸ : WW1 'ਚ ਸ਼ਹੀਦ ਭਾਰਤੀ ਫੌਜੀਆਂ ਦੀ ਯਾਦ 'ਚ ਬੁੱਤ ਸਥਾਪਿਤ

ਪੈਰਿਸ (ਏਜੰਸੀ)— ਪਹਿਲੇ ਵਿਸ਼ਵ ਯੁੱਧ ਦੇ ਅੰਤ ਦੀ 100 ਵੀਂ ਵਰ੍ਹੇਗੰਢ ਦੇ ਮੌਕੇ 'ਤੇ ਸ਼ਹੀਦ ਹੋਣ ਵਾਲੇ ਭਾਰਤੀ ਫੌਜੀਆਂ ਦੀ ਯਾਦ ਵਿਚ ਫਰਾਂਸ ਦੇ ਲਾਵੈਂਟੀ ਸ਼ਹਿਰ ਵਿਚ ਬੁੱਤ ਸਥਾਪਿਤ ਕੀਤਾ ਗਿਆ। ਇੰਟਰਫੇਥ ਸ਼ਹੀਦੀ ਕਮੈਮੋਰੀਅਲ ਸੰਸਥਾ ਦੇ ਸਹਿਯੋਗ ਨਾਲ ਤਿਆਰ ਕੀਤੇ ਇਸ ਬੁੱਤ ਦਾ ਉਦਘਾਟਨ ਲਾਵੈਂਟੀ ਦੇ ਮੇਅਰ ਜੋਂ ਫਿਲਿਪ ਬੂਨਾਰਟ ਦੀ ਅਗਵਾਈ ਹੇਠ ਤਿੰਨ ਸ਼ਹਿਰਾਂ ਦੇ ਮੇਅਰਾਂ ਵੱਲੋਂ ਫੌਜੀ ਬੈਂਡ ਦੀਆਂ ਧੁਨਾਂ ਅਤੇ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਦੀ ਗੂੰਜ ਨਾਲ ਕੀਤਾ ਗਿਆ।

ਫਰਾਂਸ ਦੇ ਇਤਿਹਾਸ ਵਿਚ ਆਪਣੀ ਕਿਸਮ ਦਾ ਇਹ ਪਹਿਲਾ ਬੁੱਤ ਹੈ, ਜਿਸ ਵਿਚ ਇਕ ਸਿੱਖ ਘੁੜਸਵਾਰ ਫੌਜੀ ਨੂੰ ਦਰਸਾਇਆ ਗਿਆ ਹੈ ਅਤੇ ਬੁੱਤ ਦੇ ਇਕ ਪਾਸੇ ਜੈ ਹਿੰਦ ਭਾਰਤ ਅਤੇ ਦੂਜੇ ਪਾਸੇ ਖੰਡਾ ਉੱਕਰਿਆ ਹੋਇਆ ਹੈ। ਸੰਸਥਾ ਦੇ ਪ੍ਰਧਾਨ ਰਮੇਸ਼ ਚੰਦਰ ਵੋਹਰਾ ਅਤੇ ਉਪ ਪ੍ਰਧਾਨ ਇਕਬਾਲ ਸਿੰਘ ਭੱਟੀ ਨੇ ਦੱਸਿਆ ਕਿ ਸੰਸਥਾ ਵੱਲੋਂ ਪਹਿਲਾਂ ਇਕ ਵੱਡੇ ਆਕਾਰ ਦਾ ਬੁੱਤ ਨਵਛੱਪਲ ਸ਼ਹਿਰ ਵਿਚ ਲਾਇਆ ਜਾਣਾ ਸੀ ਪਰ ਯੂਨੇਸਕੋ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਤਕਨੀਕੀ ਕਾਰਨਾਂ ਕਰ ਕੇ ਸਮੇਂ ਸਿਰ ਮਨਜ਼ੂਰੀ ਨਾ ਮਿਲ ਸਕੀ, ਜਿਸ ਦੇ ਬਾਅਦ ਲਾਵੈਂਟੀ ਸ਼ਹਿਰ ਵਿਚ ਦੋ ਭਾਰਤੀ ਸਿਪਾਹੀਆਂ ਦੇ ਕੰਕਾਲ ਮਿਲਣ ਅਤੇ ਉਨ੍ਹਾਂ ਦੇ ਸਸਕਾਰ ਵਾਲੀ ਜਗ੍ਹਾ 'ਤੇ ਬੁੱਤ ਲਾਉਣ ਦਾ ਫੈਸਲਾ ਕੀਤਾ ਗਆ। ਇਸ ਮੌਕੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾਸ, ਔਰਰ ਡਾਨ ਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਯਾਦਗਾਰ 'ਤੇ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ।

ਬੋਬੀਨੀ ਦੇ ਮੇਅਰ ਵੱਲੋਂ ਸਿੱਖਾਂ ਦੀ ਸ਼ਲਾਘਾ
ਪਹਿਲੇ ਵਿਸ਼ਵ ਯੁੱਧ ਦੇ ਸਬੰਧ ਵਿਚ ਕਰਵਾਏ ਸਮਾਗਮ ਵਿਚ ਬੋਬੀਨੀ ਦੇ ਮੇਅਰ ਸਟੀਫਨ ਪੌਲੀ ਨੇ ਸਿੱਖਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ,''ਫਰਾਂਸ ਲਈ ਜੰਗ ਵਿਚ ਸ਼ਹੀਦ ਹੋਣ ਵਾਲੇ ਸਿੱਖਾਂ ਦੇ ਅਸੀਂ ਸਦਾ ਰਿਣੀ ਰਹਾਂਗੇ। ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।'' ਸੰਦਨੀ ਸ਼ਹਿਰ ਦੇ ਉਪ ਪ੍ਰਧਾਨ ਅਬਦੁੱਲ ਸੈਦੀ ਨੇ ਕਿਹਾ,''ਸਿੱਖਾਂ ਦੀਆਂ ਕੁਰਬਾਨੀਆਂ ਮਹਾਨ ਹਨ ਤੇ ਸਾਨੂੰ ਮਾਣ ਹੈ ਕਿ ਉਨ੍ਹਾਂ ਦੇ ਵੰਸ਼ਜ ਸਾਡੇ ਦੇਸ਼ ਦਾ ਹਿੱਸਾ ਹਨ।'' ਇਸ ਮੌਕੇ ਗੁਰਦੁਆਰਾ ਸਿੰਘ ਸਭਾ ਬੋਬੀਨੀ ਵੱਲੋਂ ਪੌਲੀ ਅਤੇ ਅਬਦੁੱਲ ਸੈਦੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਭਾਈ ਚੰਨ ਸਿਘ, ਬਲਦੇਵ ਸਿੰਘ, ਪ੍ਰੀਤਮ ਸਿੰਘ, ਹਰਜੋਸ ਸਿੰਘ, ਰਾਜਵੀਰ ਸਿੰਘ ਤੇ ਧਰਮਵੀਰ ਸਿੰਘ ਵੀ ਹਾਜ਼ਰ ਸਨ।


author

Vandana

Content Editor

Related News