ਨੇਤਰਹੀਣ ਸ਼ਖਸ ਨੇ ਚੁਣੀ ਚੁਣੌਤੀ, ਪਾਰ ਕਰ ਰਿਹੈ ਨਮਕ ਦਾ ਰੇਗਿਸਤਾਨ
Thursday, Jul 19, 2018 - 02:37 PM (IST)
ਫਰਾਂਸ (ਬਿਊਰੋ)— ਫਰਾਂਸ ਦੇ ਇਕ ਨੇਤਰਹੀਣ ਟੀਚਰ ਅਲਬਰ ਟੇਸੀਰ ਨੇ ਖੁਦ ਨੂੰ ਇਕ ਚੁਣੌਤੀ ਦਿੱਤੀ ਹੈ। ਉਹ ਦੁਨੀਆ ਦੇ ਸਭ ਤੋਂ ਵੱਡੇ ਨਮਕ ਦੇ ਰੇਗਿਸਤਾਨ ਸਲਾਰ ਡੀ ਉਯੁਨੀ (Salar de Uyuni) ਵਿਚ 140 ਕਿਲੋਮੀਟਰ ਦੀ ਦੂਰੀ ਨੂੰ ਪੈਦਲ ਚੱਲ ਕੇ 7 ਦਿਨਾਂ ਵਿਚ ਪੂਰੀ ਕਰਨ ਲਈ ਤੁਰ ਪਿਆ ਹੈ। ਨੇਤਰਹੀਣ ਹੋਣ ਦੇ ਬਾਵਜੂਦ ਅਲਬਰ ਨੇ ਇਹ ਕਮਾਲ ਆਪਣੇ ਮੋਬਾਇਲ ਫੋਨ ਦੇ ਇਕ ਐਪ ਦੀ ਮਦਦ ਨਾਲ ਕੀਤਾ ਹੈ। ਉਹ ਜੀ.ਪੀ.ਐੱਸ. ਆਡੀਓ ਨੂੰ ਸੁਣ ਕੇ ਰੇਗਿਸਤਾਨ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਦੀ ਮਦਦ ਲਈ ਇਕ ਐਮਰਜੈਂਸੀ ਟੀਮ ਵੀ ਉਸ ਦੇ ਪਿੱਛੇ-ਪਿਛੇ ਚੱਲ ਰਹੀ ਹੈ ਤਾਂ ਜੋ ਉਸ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ। ਇਸ ਟੀਮ ਵਿਚ ਇਕ ਡਾਕਟਰ ਵੀ ਸ਼ਾਮਲ ਹੈ।
ਅਲਬਰ ਨੇ ਆਪਣੀਆਂ ਅੱਖਾਂ ਦੀ ਰੋਸ਼ਨੀ ਪੂਰੀ ਤਰ੍ਹਾਂ ਨਾਲ ਗਵਾਉਣ ਤੋਂ ਪਹਿਲਾਂ ਇਕ ਨਿੱਜੀ ਚੁਣੌਤੀ ਤੈਅ ਕੀਤੀ ਅਤੇ ਬੀਤੇ ਕੁਝ ਸਾਲਾਂ ਤੋਂ ਇਸ ਲਈ ਉਹ ਟਰੇਨਿੰਗ ਵੀ ਲੈ ਰਿਹਾ ਸੀ। ਉਹ ਦੁਨੀਆ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਅਪਾਹਜ ਲੋਕ ਵੀ ਅਦਭੁੱਤ ਕੰਮ ਕਰਨ ਵਿਚ ਸਮਰੱਥ ਹੁੰਦੇ ਹਨ। ਅਲਬਰ ਸਿਰਫ ਆਡੀਓ ਜੀ.ਪੀ.ਐੱਸ. ਜ਼ਰੀਏ ਯਾਤਰਾ ਕਰਨਗੇ ਅਤੇ ਐਮਰਜੈਂਸੀ ਟੀਮ ਉਨ੍ਹਾਂ ਤੋਂ ਇਕ ਸੁਰੱਖਿਅਤ ਦੂਰੀ ਬਣਾਈ ਰੱਖੇਗੀ।
ਅਲਬਰ ਨੇ ਇਹ ਯਾਤਰਾ 17 ਜੁਲਾਈ ਤੋਂ ਸ਼ੁਰੂ ਕੀਤੀ ਹੈ ਜੋ ਕਿ 23 ਜੁਲਾਈ ਨੂੰ ਖਤਮ ਹੋਵੇਗੀ। ਉਸ ਨੂੰ ਉਮੀਦ ਸੀ ਕਿ ਉਹ ਇਕ ਦਿਨ ਵਿਚ 20 ਕਿਲੋਮੀਟਰ ਦੀ ਯਾਤਰਾ ਕਰ ਲਵੇਗਾ। ਪੂਰੀ ਤਰ੍ਹਾਂ ਸਮਤਲ ਹੋਣ ਦੇ ਬਾਵਜੂਦ ਸਲਾਰ ਡੀ ਉਯੁਨੀ ਸਮੁੰਦਰੀ ਤਲ ਤੋਂ 3650 ਮੀਟਰ ਦੀ ਦੂਰੀ 'ਤੇ ਹੈ, ਜਿਸ ਦਾ ਤਾਪਮਾਨ -3 ਅਤੇ 20 ਡਿਗਰੀ ਸੈਲਸੀਅਸ ਵਿਚਕਾਰ ਰਹਿੰਦਾ ਹੈ। ਆਪਣੀ ਇਸ ਯਾਤਰਾ ਨੂੰ ਹੋਰ ਚੁਣੌਤੀਪੂਰਣ ਬਨਾਉਣ ਲਈ ਅਲਬਰ ਨੇ ਸਫੇਦ ਰੇਗਿਸਤਾਨ ਵਿਚ ਇਕ ਲੰਬਾ ਰਸਤਾ ਚੁਣਿਆ ਹੈ। ਉਹ ਖੁਦ ਨਾਲ ਸਲੀਪਿੰਗ ਬੈਗ, ਪਾਣੀ ਦੀਆਂ ਬੋਤਲਾਂ ਆਦਿ ਲੈ ਕੇ ਚੱਲ ਰਿਹਾ ਹੈ। ਇੱਥੇ ਦੱਸਣਯੋਗ ਹੈ ਕਿ ਨੇਤਰਹੀਣ ਲੋਕਾਂ ਨੂੰ ਮੋਬਾਇਲ ਵਿਚ ਇਕ ਅਜਿਹਾ ਵੌਇਸ ਸਾਫਟਵੇਅਰ ਦਿੱਤਾ ਜਾਂਦਾ ਹੈ, ਜਿਸ ਨਾਲ ਉਹ ਮੋਬਾਇਲ ਨੂੰ ਚਲਾ ਸਕਦੇ ਹਨ।
