ਫਰਾਂਸ : ਪੈਰਿਸ ਦੀ ਇਕ ਇਮਾਰਤ ਵਿਚ ਲੱਗੀ ਅੱਗ, ਤਿੰਨ ਲੋਕਾਂ ਦੀ ਮੌਤ

06/22/2019 4:39:12 PM

ਪੈਰਿਸ (ਏਜੰਸੀ)- ਸ਼ਨੀਵਾਰ ਤੜਕੇ ਮੱਧ ਪੈਰਿਸ ਦੀ ਇਕ ਇਮਾਰਤ ਵਿਚ ਅੱਗ ਲੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਫਾਇਰ ਬ੍ਰਿਗੇਡ ਦੇ ਇਕ ਬੁਲਾਰੇ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ 200 ਮੁਲਾਜ਼ਮਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਬੁਲਾਰੇ ਨੇ ਕਿਹਾ ਕਿ ਅੱਗ ਦੌਰਾਨ ਇਕ ਵਿਅਕਤੀ ਨੇ ਆਪਣੀ ਜਾਨ ਬਚਾਉਣ ਲਈ 6 ਮੰਜ਼ਿਲਾ ਇਮਾਰਤ ਤੋਂ ਛਲਾਂਗ ਲਗਾ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਸ ਇਮਾਰਤ ਵਿਚ ਇਕ ਰੈਸਟੋਰੈਂਟ ਅਤੇ ਇਕ ਹਮਾਮ ਵੀ ਹੈ। ਫਾਇਰ ਬ੍ਰਿਗੇਡ ਮੁਖੀ ਫਲੋਰੀਆਨ ਲਾਇਨਟੀਅਰ ਨੇ ਦੱਸਿਆ ਕਿ ਅੱਗ ਸਵੇਰੇ ਪੰਜ ਵਜੇ ਲੱਗੀ ਅਤੇ 200 ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਚਾਰ ਘੰਟੇ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਸਵੇਰੇ 8-45 ਵਜੇ ਤੱਕ ਅੱਗ 'ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾ ਲਿਆ ਗਿਆ ਸੀ। ਬਚਾਅ ਦਸਤੇ ਨੇ ਦੱਸਿਆ ਕਿ ਧੂੰਏਂ ਸਬੰਧਿਤ ਮੁਸ਼ਕਲਾਂ ਕਾਰਨ 27 ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


Sunny Mehra

Content Editor

Related News