PAK ਦੇ ਸਾਬਕਾ ਰਾਸ਼ਟਰਪਤੀ ਮਮਨੂਨ ਹੁਸੈਨ ਦਾ ਕਰਾਚੀ ’ਚ ਹੋਇਆ ਦੇਹਾਂਤ
Thursday, Jul 15, 2021 - 01:39 AM (IST)

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਮਮਨੂਨ ਹੁਸੈਨ ਦਾ ਲੰਮੀ ਬੀਮਾਰੀ ਤੋਂ ਬਾਅਦ ਬੁੱਧਵਾਰ ਨੂੰ ਕਰਾਚੀ ’ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਅਤੇ ਪਾਰਟੀ ਨੇਤਾਵਾਂ ਨੇ ਇਹ ਜਾਣਕਾਰੀ ਦਿੱਤੀ। ਉਹ 80 ਸਾਲਾਂ ਦੇ ਸਨ। ਹੁਸੈਨ ਦਾ ਜਨਮ 1940 ’ਚ ਆਗਰਾ ’ਚ ਹੋਇਆ ਸੀ ਅਤੇ 1947 ’ਚ ਆਪਣੇ ਮਾਪਿਆਂ ਨਾਲ ਪਾਕਿਸਤਾਨ ਚਲੇ ਗਏ। ਉਹ ਸਤੰਬਰ 2013 ਤੋਂ ਸਤੰਬਰ 2018 ਤੱਕ ਪਾਕਿਸਤਾਨ ਦੇ 12ਵੇਂ ਰਾਸ਼ਟਰਪਤੀ ਸਨ। ‘ਡਾਨ’ ਅਖਬਾਰ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ. ਐੱਨ.) ਦੇ ਸਿੰਧ ਦੇ ਵਧੀਕ ਜਨਰਲ ਸੱਕਤਰ ਦੇ ਹਵਾਲੇ ਨਾਲ ਕਿਹਾ ਹੈ ਕਿ ਪੀ.ਐੱਮ.ਐੱਲ-ਐੱਨ. ਦੇ ਨੇਤਾ ਦਾ ਪਿਛਲੇ ਸਾਲ ਫਰਵਰੀ ’ਚ ਕੈਂਸਰ ਤੋਂ ਪੀੜਤ ਹੋਣ ਦਾ ਪਤਾ ਲੱਗਾ ਸੀ ਤੇ ਕੁਝ ਦਿਨਾਂ ਤੋਂ ਇਥੋਂ ਦੇ ਇਕ ਨਿੱਜੀ ਹਸਪਤਾਲ ਵਿਖੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਜਿਥੇ ਉਨ੍ਹਾਂ ਨੇ ਆਖਰੀ ਸਾਹ ਲਏ। ਰਾਸ਼ਟਰਪਤੀ ਆਰਿਫ ਅਲਵੀ ਨੇ ਹੁਸੈਨ ਦੇ ਦੇਹਾਂਤ ’ਤੇ ਅਫਸੋਸ ਜ਼ਾਹਿਰ ਕੀਤਾ।
ਇਹ ਵੀ ਪੜ੍ਹੋ : ...ਤੇ ਜਦੋਂ ਇਸ ਦੇਸ਼ ਦੇ ਰਾਸ਼ਟਰਪਤੀ ਦਾ ਹਿਚਕੀਆਂ ਨੇ ਕੀਤਾ ਬੁਰਾ ਹਾਲ, ਹਸਪਤਾਲ ’ਚ ਦਾਖਲ
ਪੀ.ਐੱਮ.ਐੱਲ.-ਐੱਨ. ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਨੇ ਵੀ ਹੁਸੈਨ ਦੀ ਮੌਤ ’ਤੇ ਦੁੱਖ ਜ਼ਾਹਿਰ ਕੀਤਾ। ਉਨ੍ਹਾਂ ਨੇ ਟਵਿੱਟਰ ’ਤੇ ਕਿਹਾ, ‘‘ਅੱਜ ਅਸੀਂ ਇਕ ਅਨਮੋਲ ਆਦਮੀ ਗੁਆ ਚੁੱਕੇ ਹਾਂ, ਜੋ ਪਾਕਿਸਤਾਨ ਨੂੰ ਪਿਆਰ ਕਰਦੇ ਸਨ ਅਤੇ ਚੰਗਾ ਕਿਰਦਾਰ ਰੱਖਦੇ ਸਨ।’’ ਸ਼ਹਿਬਾਜ਼ ਨੇ ਕਿਹਾ, ‘‘ਦੇਸ਼ ਲਈ ਉਨ੍ਹਾਂ ਦੀ ਸੇਵਾ ਨੂੰ ਲੰਬੇ ਸਮੇਂ ਲਈ ਯਾਦ ਰੱਖਿਆ ਜਾਵੇਗਾ।’’ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਟਵੀਟ ਕੀਤਾ ਕਿ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਮਮਨੂਨ ਹੁਸੈਨ ਦੇ ਦੇਹਾਂਤ ਦਾ ਮੈਨੂੰ ਬਹੁਤ ਦੁੱਖ ਹੈ। ਅੱਲ੍ਹਾ ਉਨ੍ਹਾਂ ਦੇ ਪਰਿਵਾਰ ਨੂੰ ਇਸ ਵੱਡੇ ਨੁਕਸਾਨ ਨੂੰ ਸਹਿਣ ਦੀ ਤਾਕਤ ਬਖਸ਼ਣ। ਕਰਾਚੀ ਦੇ ਇਕ ਟੈਕਸਟਾਈਲ ਵਪਾਰੀ ਹੁਸੈਨ 1970 ਤੇ 1980 ਦੇ ਦਹਾਕੇ ਵਿਚ ਮੁਸਲਿਮ ਲੀਗ ਨਾਲ ਜੁੜੇ ਹੋਏ ਸਨ ਅਤੇ ਸ਼ੁਰੂਆਤੀ ਦਿਨਾਂ ਤੋਂ ਹੀ ਪੀ.ਐੱਮ.ਐੱਲ-ਐੱਨ. ਦੇ ਸਰਗਰਮ ਮੈਂਬਰ ਰਹੇ ਸਨ। ਉਹ ਜੂਨ ਤੋਂ ਅਕਤੂਬਰ 1999 ਤਕ ਸਿੰਧ ਦੇ ਗਵਰਨਰ ਸਨ, ਜਦੋਂ ਤੱਤਕਾਲੀ ਪਾਕਿ ਆਰਮੀ ਚੀਫ ਜਨਰਲ ਪਰਵੇਜ਼ ਮੁਸ਼ੱਰਫ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸਰਕਾਰ ਦਾ ਤਖਤਾ ਪਲਟਿਆ ਸੀ।