ਅਰਕਨਸਾਸ ਦੇ ਸਾਬਕਾ ਡਾਕਟਰ ਨੂੰ ਗਲਤ ਇਲਾਜ ਕਰਨ ''ਤੇ ਹੋਈ 20 ਸਾਲ ਦੀ ਸਜ਼ਾ

01/28/2021 12:34:04 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਸੂਬੇ ਅਰਕਨਸਾਸ ਵਿਚ ਇਕ ਸਾਬਕਾ ਡਾਕਟਰ ਨੂੰ ਆਪਣੇ ਕਿੱਤੇ ਵਿਚ ਲਾਪ੍ਰਵਾਹੀ ਵਰਤਣ ਅਤੇ ਮਰੀਜ਼ਾਂ ਦਾ ਗਲਤ ਇਲਾਜ ਕਰਨ ਕਰਕੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿਚ ਫਾਇਟਵਿਲੇ 'ਚ ਵੈਟਰਨਜ਼ ਹਸਪਤਾਲ ਦੇ ਇਕ ਸਾਬਕਾ ਪੈਥੋਲੋਜਿਸਟ 54 ਸਾਲਾ ਰਾਬਰਟ ਮੌਰਿਸ ਲੇਵੀ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਲੋਂ ਇਕ ਮਰੀਜ਼ ਦੀ ਇਲਾਜ ਦੌਰਾਨ ਕੀਤੀ ਕੁਤਾਹੀ ਕਾਰਨ ਹੋਈ ਮੌਤ ਦੇ ਮਾਮਲੇ ਵਿਚ ਦੋਸ਼ੀ ਮੰਨਦਿਆਂ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 

ਸਰਕਾਰੀ ਵਕੀਲਾਂ ਮੁਤਾਬਕ ਲੇਵੀ ਨੇ ਇਕ ਮਰੀਜ਼ ਦਾ ਲਿਮਫੋਮਾ ਬੀਮਾਰੀ ਨਾਲ ਸੰਬੰਧਿਤ ਇਲਾਜ ਕੀਤਾ ਜਦੋਂ ਕਿ ਮਰੀਜ਼ ਅਸਲ ਵਿਚ ਇਕ ਸਮਾਲ ਸੈੱਲ ਕਾਰਸਿਨੋਮਾ ਨਾਮਕ ਬੀਮਾਰੀ ਤੋਂ ਪੀੜਤ ਸੀ। ਇਸ ਦੇ ਬਾਅਦ ਲੇਵੀ ਨੇ ਮਰੀਜ਼ ਦਾ ਝੂਠਾ ਮੈਡੀਕਲ ਰਿਕਾਰਡ ਬਣਾਇਆ ਜਿਸ ਨਾਲ ਰਿਪੋਰਟ ਦੇ ਆਧਾਰ 'ਤੇ ਇਕ ਦੂਜਾ ਪੈਥੋਲੋਜਿਸਟ ਵੀ ਉਸੇ ਇਲਾਜ ਲਈ ਸਹਿਮਤ ਹੋਇਆ ਅਤੇ ਬਾਅਦ ਵਿਚ ਮਰੀਜ਼ ਦੀ ਮੌਤ ਹੋ ਗਈ ਸੀ। 

ਇਸ ਦੇ ਇਲਾਵਾ ਲੇਵੀ ਨੂੰ ਮਿਥਾਈਲ ਅਤੇ ਬੂਟਾਨੋਲ  ਦੀ ਵਰਤੋਂ ਲਈ ਵੀ ਦੋਸ਼ੀ ਪਾਇਆ ਗਿਆ ਹੈ, ਜਿਨ੍ਹਾਂ ਦੀ ਵਰਤੋਂ ਉਹ ਨਸ਼ੇ ਲਈ ਕਰਦਾ ਸੀ। ਅਧਿਕਾਰੀਆਂ ਨੇ ਲੇਵੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਡਾਕਟਰ ਵਲੋਂ ਇਲਾਜ ਕੀਤੇ ਗਏ ਲਗਭਗ 34,000 ਮਾਮਲਿਆਂ ਵਿਚੋਂ 3000 ਤੋਂ ਵੱਧ ਮਾਮਲਿਆਂ ਵਿਚ ਗਲਤੀਆਂ ਕੀਤੀਆਂ ਗਈਆਂ ਹਨ । ਇਸ ਦੇ ਇਲਾਵਾ ਸੁਣਵਾਈ ਦੌਰਾਨ ਅਦਾਲਤ ਨੂੰ ਦਿੱਤੇ ਇਕ ਬਿਆਨ ਵਿਚ ਲੇਵੀ ਨੇ ਆਪਣੇ ਕੰਮਾਂ ਲਈ ਮੁਆਫੀ ਮੰਗੀ ਹੈ।
 


Lalita Mam

Content Editor

Related News