ਅਮਰੀਕਾ ਦੇ ਇਤਿਹਾਸ 'ਚ ਪਹਿਲੀ ਵਾਰ ਮੁਸਲਿਮਾਂ ਨੇ 'ਟਾਈਮਜ਼ ਸਕੁਏਅਰ' 'ਤੇ ਅਦਾ ਕੀਤੀ 'ਨਮਾਜ਼' (ਵੀਡੀਓ)

04/04/2022 3:56:34 PM

ਨਿਊਯਾਰਕ (ਬਿਊਰੋ): ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਮੁਸਲਮਾਨਾਂ ਨੇ ਨਿਊਯਾਰਕ ਦੇ ਵਿਸ਼ਵ ਪ੍ਰਸਿੱਧ ਟਾਈਮਜ਼ ਸਕੁਏਅਰ ਦੀਆਂ ਸੜਕਾਂ 'ਤੇ ਤਰਾਵੀਹ ਦੀ ਨਮਾਜ਼ ਅਦਾ ਕੀਤੀ। ਆਪਣੀ ਕਿਸਮ ਦੀ ਇੱਕ ਦੁਰਲੱਭ ਘਟਨਾ ਵਿੱਚ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸ਼ੁਰੂਆਤ ਨੂੰ ਦਰਸਾਉਂਦੇ ਹੋਏ ਸ਼ਨੀਵਾਰ ਨੂੰ ਹਜ਼ਾਰਾਂ ਮੁਸਲਮਾਨ ਇਕੱਠੇ ਹੋਏ ਅਤੇ ਤਰਾਵੀਹ ਦੀ ਨਮਾਜ਼ ਅਦਾ ਕੀਤੀ। ਇਸ ਦੌਰਾਨ ਮੁਸਲਮਾਨਾਂ ਵੱਲੋਂ ਸੜਕ 'ਤੇ ਨਮਾਜ਼ ਅਦਾ ਕਰਨ ਕਾਰਨ ਸੋਸ਼ਲ ਮੀਡੀਆ 'ਤੇ ਬਹਿਸ ਛਿੜ ਗਈ ਹੈ। ਜਿੱਥੇ ਕਈ ਲੋਕ ਟਾਈਮਜ਼ ਸਕੁਆਇਰ 'ਤੇ ਨਮਾਜ਼ ਅਦਾ ਕਰਨ ਦਾ ਸਮਰਥਨ ਕਰ ਰਹੇ ਹਨ, ਉੱਥੇ ਵੱਡੀ ਗਿਣਤੀ ਲੋਕ ਇਸ ਦਾ ਖੁੱਲ੍ਹ ਕੇ ਵਿਰੋਧ ਕਰ ਰਹੇ ਹਨ।

ਗਲਫ ਟੂਡੇ ਦੀ ਰਿਪੋਰਟ ਮੁਤਾਬਕ ਅਮਰੀਕਾ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਮੁਸਲਮਾਨਾਂ ਨੇ ਟਾਈਮਜ਼ ਸਕੁਏਅਰ ਵਰਗੀ ਮਸ਼ਹੂਰ ਜਗ੍ਹਾ 'ਤੇ ਨਮਾਜ਼ ਅਦਾ ਕੀਤੀ ਹੈ। ਸਮਾਗਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਅਮਰੀਕਾ ਵਿੱਚ ਰਹਿੰਦੇ ਮੁਸਲਮਾਨ ਚਾਹੁੰਦੇ ਹਨ ਕਿ ਰਮਜ਼ਾਨ ਦਾ ਤਿਉਹਾਰ ਨਿਊਯਾਰਕ ਸਿਟੀ ਦੇ ਇਸ ਮਸ਼ਹੂਰ ਸਥਾਨ 'ਤੇ ਮਨਾਇਆ ਜਾਵੇ ਅਤੇ ਦੂਜਿਆਂ ਨੂੰ ਦੱਸਿਆ ਜਾਵੇ ਕਿ ਇਸਲਾਮ ਇੱਕ ਸ਼ਾਂਤੀਪੂਰਨ ਧਰਮ ਹੈ। ਆਯੋਜਕਾਂ ਨੇ ਕਿਹਾ ਕਿ ਪੂਰੀ ਦੁਨੀਆ 'ਚ ਇਸਲਾਮ ਨੂੰ ਲੈ ਕੇ ਕਈ ਗਲਤ ਧਾਰਨਾਵਾਂ ਹਨ।

ਪ੍ਰਬੰਧਕਾਂ ਨੇ ਕਹੀ ਇਹ ਗੱਲ
ਪ੍ਰਬੰਧਕਾ ਨੇ ਕਿਹਾ ਅਸੀਂ ਆਪਣੇ ਧਰਮ ਬਾਰੇ ਉਨ੍ਹਾਂ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦੇ ਸੀ ਜਿਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ ਸੀ। ਇਸਲਾਮ ਸ਼ਾਂਤੀ ਦਾ ਧਰਮ ਹੈ। ਮੁਸਲਮਾਨਾਂ ਲਈ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ਨੀਵਾਰ ਤੋਂ ਸ਼ੁਰੂ ਹੋ ਗਿਆ ਹੈ। ਚੰਨ ਦੇ ਦਰਸ਼ਨ ਤੋਂ ਬਾਅਦ ਰਮਜ਼ਾਨ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਟਾਈਮਜ਼ ਸਕੁਏਅਰ 'ਤੇ ਨਮਾਜ਼ ਅਦਾ ਕਰਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਹਿਸ ਛਿੜ ਗਈ ਹੈ। ਇਹ ਟੋਪ ਟਰੈਂਡ ਮਤਲਬ ਚੋਟੀ ਦਾ ਰੁਝਾਨ ਬਣ ਗਿਆ ਹੈ। ਕਈ ਲੋਕ ਇਸ ਆਯੋਜਨ ਦੀ ਸਖ਼ਤ ਆਲੋਚਨਾ ਵੀ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ - ਪਾਕਿਸਤਾਨ : ਪੰਜਾਬ ਵਿਧਾਨ ਸਭਾ ਅੰਦਰ ਆਪਸ 'ਚ ਭਿੜੀਆਂ ਮਹਿਲਾ ਵਿਧਾਇਕ (ਵੀਡੀਓ)

ਯੂਏਈ ਨਿਵਾਸੀ ਹਸਨ ਸਜਵਾਨੀ, ਜੋ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹੈ ਲਿਖਦਾ ਹੈ ਕਿ ਸੜਕ 'ਤੇ ਨਮਾਜ਼ ਅਦਾ ਕਰਨ ਨਾਲ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ। ਇਕੱਲੇ ਨਿਊਯਾਰਕ ਵਿੱਚ 270 ਤੋਂ ਵੱਧ ਮਸਜਿਦਾਂ ਹਨ ਅਤੇ ਨਮਾਜ਼ ਅਦਾ ਕਰਨ ਲਈ ਇੱਕ ਬਿਹਤਰ ਥਾਂ ਹੈ। ਆਪਣੇ ਧਰਮ ਦਾ ਪ੍ਰਦਰਸ਼ਨ ਕਰਨ ਲਈ ਲੋਕਾਂ ਦੇ ਰਾਹ ਰੋਕਣ ਦੀ ਕੋਈ ਲੋੜ ਨਹੀਂ ਹੈ। ਇਸਲਾਮ ਸਾਨੂੰ ਇਹ ਨਹੀਂ ਸਿਖਾਉਂਦਾ। ਖਲੀਫਾ ਨਾਂ ਦੇ ਇਕ ਯੂਜ਼ਰ ਨੇ ਇਹ ਵੀ ਲਿਖਿਆ ਕਿ ਮੈਂ ਮੁਸਲਮਾਨ ਹਾਂ ਪਰ ਟਾਈਮਜ਼ ਸਕੁਏਅਰ 'ਤੇ ਨਮਾਜ਼ ਅਦਾ ਕਰਨ ਦਾ ਸਮਰਥਨ ਨਹੀਂ ਕਰਦਾ। ਇਹ ਗਲਤ ਸੰਦੇਸ਼ ਦੇ ਸਕਦਾ ਹੈ ਕਿ ਇਸਲਾਮ 'ਹਮਲਾ' ਜਾਂ ਘੁਸਪੈਠ ਕਰਨ ਵਾਲਾ ਹੈ। ਇਸ ਲਈ ਨਮਾਜ਼ ਸਿਰਫ਼ ਮਸਜਿਦਾਂ ਵਿੱਚ ਹੀ ਪੜ੍ਹੀ ਜਾਣੀ ਚਾਹੀਦੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News