ਫਲੋਰੀਡਾ ਸਕੂਲ ਗੋਲੀਬਾਰੀ ਘਟਨਾ: ਵਿਦਿਆਰਥੀਆਂ ਦੀ ਭਾਵੁਕ ਵਾਪਸੀ

02/26/2018 11:33:37 AM

ਵਾਸ਼ਿੰਗਟਨ(ਭਾਸ਼ਾ)— ਗੋਲੀਬਾਰੀ ਦੀ ਭਿਆਨਕ ਘਟਨਾ ਤੋਂ ਬਾਅਦ ਅੱਜ ਪਹਿਲੀ ਵਾਰ ਵਿਦਿਆਰਥੀ ਅਤੇ ਅਧਿਆਪਕ ਇਕ-ਦੂਜੇ ਨੂੰ ਦਿਲਾਸਾ ਦਿੰਦੇ ਹੋਏ ਫਲੋਰੀਡਾ ਦੇ ਸਕੂਲ ਵਿਚ ਪਰਤੇ। ਉਨ੍ਹਾਂ ਨੇ ਬੰਦੂਕ ਨਾਲ ਹੋਣ ਵਾਲੀ ਹਿੰਸਾ ਨੂੰ ਲੈ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਗੋਲੀਬਾਰੀ ਦੀ ਘਟਨਾ ਵਿਚ 17 ਲੋਕ ਮਾਰੇ ਗਏ ਸਨ।

PunjabKesari
ਪਾਰਕਲੈਂਡ ਸਥਿਤ ਫਲੋਰੀਡਾ ਹਾਈ ਸਕੂਲ ਵਿਚ 14 ਫਰਵਰੀ ਦੀ ਘਟਨਾ ਦੇ ਚਸ਼ਮਦੀਦ ਡੈਵਿਡ ਹੋਗ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ, 'ਸੋਚੋ ਕਿ ਜਹਾਜ਼ ਹਾਦਸੇ ਤੋਂ ਬਾਅਦ ਹਰ ਦਿਨ ਉਸੇ ਜਹਾਜ਼ ਵਿਚ ਸਵਾਰ ਹੋ ਕੇ ਕਿਤੇ ਜਾਣਾ ਕਿਹੋ ਜਿਹਾ ਲੱਗੇਗਾ। ਸਭ ਕੁੱਝ ਪਹਿਲਾਂ ਦੀ ਤਰ੍ਹਾਂ ਸਾਧਾਰਨ ਕਦੇ ਨਹੀਂ ਹੋ ਸਕੇਗਾ।' ਸਕੂਲ ਵਿਚ ਕਲਾਸਾਂ ਬੁੱਧਵਾਰ ਤੋਂ ਸ਼ੁਰੂ ਹੋਣਗੀਆਂ। ਇਕ ਅਧਿਆਪਕ ਨੇ ਰੈਡੀਓ ਨੂੰ ਦੱਸਿਆ ਕਿ ਕਲਾਸਰੂਮ ਘਟਨਾ ਵਾਲੇ ਦਿਨ ਦੀ ਤਰ੍ਹਾਂ ਤਿੱਤਰ-ਬਿੱਤਰ ਸੀ। ਕਿਤਾਬਾਂ ਮੇਜ਼ 'ਤੇ ਪਈਆਂ ਸਨ, ਕਲੰਡਰ ਦੀ ਤਰੀਕ ਵੀ 14 ਫਰਵਰੀ ਹੀ ਲੱਗੀ ਸੀ। ਘਟਨਾ ਵਿਚ ਕਾਰਵਾਈ ਦੀ ਮੰਗ ਦੇ ਮੱਦੇਨਜ਼ਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਬੰਦੂਕ ਖ੍ਰੀਦਣ ਦੀ ਉਮਰ ਨੂੰ ਵਧਾਉਣ ਲਈ ਉਹ ਤਿਆਰ ਹਨ। ਸੋਮਵਾਰ ਨੂੰ ਸਾਰੇ 50 ਰਾਜਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਣ ਵਾਲੀ ਮੁਲਾਕਾਤ ਤੋਂ ਪਹਿਲਾਂ ਗਵਰਨਰਸ ਬਾਲ ਵਿਚ ਟਰੰਪ ਨੇ ਕਿਹਾ ਕਿ ਸਕੂਲਾਂ ਦੀ ਸੁਰੱਖਿਆ ਮੁੱਖ ਪਹਿਲ ਹੈ।


Related News