ਜਾਅਲੀ ਪਰਵਾਸੀਆਂ ਦਾ ਅੱਡਾ ਬਣ ਗਿਆ ਹੈ ਫਰਾਂਸ ਦਾ ਇਹ ਸ਼ਹਿਰ, ਤਸਕਰੀ ਕਰਕੇ ਇੰਗਲੈਂਡ ਨੂੰ ਭੇਜੇ ਜਾਂਦੇ ਸੀ ਬੰਦੇ (ਤਸਵੀਰ

02/17/2017 3:51:40 PM

ਲੰਡਨ (ਰਾਜਵੀਰ ਸਮਰਾ)— ਫਰਾਂਸ ਦਾ ਸ਼ਹਿਰ ਕੇਲੈ ਜਾਅਲੀ ਪਰਵਾਸੀਆਂ ਦਾ ਅੱਡਾ ਬਣ ਗਿਆ ਹੈ। ਇੱਥੇ ਜਾਅਲੀ ਪਰਵਾਸੀਆਂ ਦੀ ਤਸਕਰੀ ਕਰਕੇ ਉਨ੍ਹਾਂ ਨੂੰ ਇੰਗਲੈਂਡ ਭੇਜਣ ਦੇ ਮਾਮਲੇ ਵਿਚ ਪੰਜ ਹੋਟਲ ਮਾਲਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਚੱਲ ਰਹੀ ਹੈ। ਫਰਾਂਸ ਦੀ ਪੁਲਸ ਨੇ ਜਾਅਲੀ ਪਰਵਾਸੀਆਂ ਦੀ ਇੰਗਲੈਂਡ ਵਿਚ ਤਸਕਰੀ ਕਰਨ ਵਾਲੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਫਰਾਂਸ ਦੀ ਪੁਲਸ ਨੇ ਕੇਲੈ ਦੇ ਤਿੰਨ ਹੋਟਲਾਂ ਵਿਚ ਛਾਪੇ ਮਾਰ ਕੇ ਕੁਝ ਮੈਨੇਜਰਾਂ ਅਤੇ ਮਾਲਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਹ ਸਾਰੇ ਬੰਦੇ ਫਰਾਂਸ ਵਿਚ ਜਾਅਲੀ ਪਰਵਾਸੀਆਂ ਦੀ ਤਸਕਰੀ ਸੰਬੰਧੀ ਚੱਲਦੇ ਕਾਲੇ ਬਾਜ਼ਾਰ ਵਿਚ ਸਰਗਰਮ ਦੱਸੇ ਜਾਂਦੇ ਹਨ। ਇਨ੍ਹਾਂ ਹੋਟਲਾਂ ਵਿਚ ਜਾਅਲੀ ਪਰਵਾਸੀਆਂ ਨੂੰ ਮਹਿਮਾਨ ਬਣਾ ਕੇ ਰੱਖਿਆ ਜਾਂਦਾ ਸੀ ਅਤੇ ਮੌਕਾ ਮਿਲਦੇ ਹੀ ਇਨ੍ਹਾਂ ਮਹਿਮਾਨਾਂ ਨੂੰ ਯੂ. ਕੇ. ਜਾਂਦੀਆਂ ਲਾਰੀਆਂ, ਸਮੁੰਦਰੀ ਬੇੜੀਆਂ ਅਤੇ ਹੋਰ ਸਾਧਨਾਂ ਰਾਹੀਂ ਸਰਹੱਦ ਪਾਰ ਕਰਵਾ ਦਿੱਤੀ ਜਾਂਦੀ ਸੀ। ਸੂਤਰਾਂ ਅਨੁਸਾਰ ਇਹ ਤਸਕਰ ਹਰ ਜਾਅਲੀ ਪਰਵਾਸੀ ਤੋਂ ਸਰਹੱਦ ਪਾਰ ਕਰਵਾਉਣ ਲਈ ਪੰਜ ਤੋਂ 10 ਹਜ਼ਾਰ ਯੂਰੋ ਤੱਕ ਦੀ ਰਕਮ ਵਸੂਲਦੇ ਸਨ। ਫੀਸ ਸਮੁੰਦਰੀ ਸੁਰੰਗ (ਚੈਨਲ ਟਨਲ) ਪਾਰ ਕਰਨ ਲਈ ਵਰਤੇ ਜਾਂਦੇ ਵਾਹਨ ਮੁਤਾਬਕ ਤੈਅ ਕੀਤੀ ਜਾਂਦੀ ਹੈ। 
ਬੜੀ ਤਰਸਯੋਗ ਹਾਲਤ ਵਿਚ ਰਹਿੰਦੇ ਨੇ ਪਰਵਾਸੀ—
ਫਰਾਂਸ ਦੇ ਇਨ੍ਹਾਂ ਹੋਟਲਾਂ ਵਿਚ ਜਾਅਲੀ ਪਰਵਾਸੀਆਂ ਨੂੰ ਬੇਹੱਦ ਹੀ ਗੰਦੇ ਕਮਰਿਆਂ ਵਿਚ ਰੱਖਿਆ ਜਾਂਦਾ ਹੈ। ਇਕ ਕਮਰੇ ਵਿਚ 7-8 ਬੰਦਿਆਂ ਨੂੰ ਤੂੜ ਦਿੱਤਾ ਜਾਂਦਾ ਹੈ। ਫਰਾਂਸ ਦੇ ਜੰਗਲਾਂ ਤੋਂ ਫਰਾਰ ਹੋ ਕੇ ਸ਼ਰਨਾਰਥੀ ਕੇਲੈ ਆ ਕੇ ਰਹਿੰਦੇ ਹਨ। ਕੇਲੈ ਵਿਚ 400 ਦੇ ਕਰੀਬ ਸ਼ਰਨਾਰਥੀ ਲੁਕੇ ਹੋਏ ਹਨ। ਇਨ੍ਹਾਂ ਸ਼ਰਨਾਰਥੀਆਂ ਵਿਚ ਮਰਦ, ਔਰਤਾਂ ਅਤੇ ਬੱਚੇ ਸ਼ਾਮਲ ਹਨ। ਇੰਨਾਂ ਹੀ ਨਹੀਂ ਇੱਥੇ ਰੋਜ਼ਾਨਾ 15 ਤੋਂ ਵਧ ਸ਼ਰਨਾਰਥੀ ਪਹੁੰਚ ਰਹੇ ਹਨ। ਫਰਾਂਸਿਸੀ ਸਰਕਾਰ ਜਾਅਲੀ ਸ਼ਰਨਾਰਥੀਆਂ ਨੂੰ ਰੋਕਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਸਖਤ ਕਦਮ ਚੁੱਕ ਰਹੀ ਹੈ। ਖਾਸ ਤੌਰ ''ਤੇ ਯੂ. ਕੇ. ਅਤੇ ਫਰਾਂਸ ਨੂੰ ਜੋੜਨ ਵਾਲੀ ਚੈਨਲ ਟਨਲ ''ਤੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਜਿਨ੍ਹਾਂ ਇਲਾਕਿਆਂ ਤੋਂ ਚੈਨਲ ਟਨਲ ਲਈ ਬੇੜੀਆਂ ਤੈਰਦੀਆਂ ਹਨ, ਉਨ੍ਹਾਂ ''ਤੇ ਵੀ ਪੂਰੀ ਚੌਕਸੀ ਰੱਖੀ ਜਾ ਰਹੀ ਹੈ। ਜਾਅਲੀ ਪਰਵਾਸੀਆਂ ਦੀ ਸਮੱਸਿਆ ਨੂੰ ਦੇਖਦੇ ਹੋਏ ਕੇਲੈ ਦੀ ਮੇਅਰ ਨਤਾਢਾ ਬੋਢਾਰਟ ਨੇ ਮੰਗ ਕੀਤੀ ਸੀ ਕਿ ਯੂ. ਕੇ. ਦੀ ਸਰਹੱਦ ਕੇਲੈ ਤੋਂ ਹਟਾ ਕੇ ਦੂਜੇ ਪਾਸੇ ਕਰ ਦਿੱਤੀ ਜਾਵੇ। ਇੰਗਲੈਂਡ ਵਿਚ ਚੱਲਦੇ ਕਾਲੇ ਧਨ ਦੇ ਕਾਰੋਬਾਰ ਅਤੇ ਮੁੱਫਤ ਵਿਚ ਮਿਲਣ ਵਾਲੇ ਸਰਕਾਰੀ ਭੱਤਿਆਂ ਕਾਰਨ ਜਾਅਲੀ ਪਰਵਾਸੀ ਇੱਥੇ ਵੱਡੀ ਗਿਣਤੀ ਵਿਚ ਜਾਂਦੇ ਹਨ।

Kulvinder Mahi

News Editor

Related News