ਕੋਕੀਨ ਦੇ ਧੰਦੇ ਨਾਲ ਜੁੜੇ ਨੌਟਿੰਘਮ ਦੇ ਪੰਜਾਬੀ ਅਤੇ ਅਲਬਾਨੀ ਵਿਅਕਤੀਆਂ ਦੇ ਪੰਜ ਮੈਂਬਰੀ ਗਿਰੋਹ ਨੂੰ ਲੰਬੀ ਕੈਦ
Friday, Aug 11, 2017 - 06:05 PM (IST)
ਲੰਡਨ (ਰਾਜਵੀਰ ਸਮਰਾ)— ਪਿਛਲੇ ਦਿਨੀਂ ਨੌਟਿੰਘਮ ਵਿਖੇ ਪੰਜਾਬੀਆਂ ਦੇ ਪੰਜ ਮੈਂਬਰੀ ਗਿਰੋਹ ਨੂੰ ਕੋਕੀਨ ਦੇ ਧੰਦੇ ਦਾ ਜਾਲ ਫੈਲਾਉਣ ਦੇ ਮਾਮਲੇ 'ਚ 45 ਸਾਲ ਤੋਂ ਵੱਧ ਕੈਦ ਦੀ ਸਜ਼ਾ ਸੁਣਾਈ ਗਈ। ਇਸ ਗਿਰੋਹ ਵਲੋਂ ਕੋਕੀਨ ਲਈ ਗੁਪਤ ਸ਼ਬਦ ਵਜੋਂ 'ਪੀਜ਼ਾ' ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਗਿਰੋਹ ਨੌਟਿੰਘਮ ਤੇ ਲੰਡਨ ਸਮੇਤ ਦੇਸ਼ ਦੇ ਪੱਛਮੀ ਇਲਾਕੇ 'ਚ ਡਰੱਗ ਦਾ ਧੰਦਾ ਕਰਨ ਲਈ ਜ਼ਿਮੇਵਾਰ ਸੀ।
ਨੌਟਿੰਘਮ ਕਰਾਊਨ ਕੋਰਟ 'ਚ ਇਸ ਮੁਕੱਦਮੇ ਦੀ ਸੁਣਵਾਈ ਦੌਰਾਨ 28 ਸਾਲਾ ਹਰਦੀਪਕ ਸਿੰਘ ਵਾਸੀ ਦਾ ਪੁਆਇੰਟ ਨੌਟਿੰਘਮ, ਉਸ ਦਾ ਰਿਸ਼ਤੇਦਾਰ 28 ਸਾਲਾ ਅਮੀਰ ਸਿੰਘ ਵਾਸੀ ਮੇਅਫੀਲਡ ਐਵੇਨਿਊ ਐਗਜ਼ੀਟਰ, ਲੌਰੈਂਸ ਹੌਕਸਾ (37) ਡੰਨਬਾਰ ਸਟਰੀਟ ਵਾਲਟਨ ਅਤੇ 18 ਸਾਲਾ ਕਲਿੰਸੀ ਰੈਕਸਾ ਵਾਸੀ ਮੈਨਜ਼ਫੀਲਡ ਰੋਡ ਨੌਟਿੰਘਮ ਨੂੰ ਦੋ ਵੱਖ-ਵੱਖ ਸਾਜ਼ਿਸ਼ਾਂ ਲਈ ਦੋਸ਼ੀ ਮੰਨਿਆ ਗਿਆ। ਅਦਾਲਤ ਨੂੰ ਦੱਸਿਆ ਗਿਆ ਸੀ ਕਿ ਇਹ ਗਿਰੋਹ ਕੋਕੀਨ ਲਈ ਕੋਡ ਸ਼ਬਦ ਵਜੋਂ 'ਪੀਜ਼ਾ' ਸ਼ਬਦ ਇਸਤੇਮਾਲ ਕਰਦਾ ਸੀ। ਇਸ ਗਿਰੋਹ ਦੇ ਮੁਖੀ ਹੌਕਸਾ ਦਾ ਡਰੱਗ ਦੀ ਹਰੇਕ ਡਿਲਵਰੀ ਪਿੱਛੇ ਹੱਥ ਸੀ। ਇਸ ਗਿਰੋਹ ਨੇ ਤਕਰੀਬਨ ਇੱਕ ਮਿਲੀਅਨ ਪੌਂਡ ਕੀਮਤ ਦੀ ਡਰੱਗ ਦਾ ਧੰਦਾ ਕੀਤਾ ਸੀ। ਹੌਕਸਾ ਨੇ ਪਿਛਲੇ ਸਾਲ ਅਪ੍ਰੈਲ 'ਚ ਇੱਕ ਗਾਹਕ ਨੂੰ ਟੈਕਸਟ ਮੈਸਜ ਕਰਕੇ ਪੁੱਛਿਆ ਸੀ, ''ਤੇਰਾ ਨਵਾਂ ਪੀਜ਼ਾ ਕਿਵੇਂ ਸੀ?''ਫਿਰ ਜੁਲਾਈ 'ਚ ਉਸ ਨੇ ਉਸੇ ਗਾਹਕ ਤੋਂ ਪੁਛਿਆ, ''ਤੂੰ ਤਾਜ਼ਾ ਪੀਜ਼ਾ ਲੈਣ ਲਈ ਨੌਟਸ (ਨੌਟਿੰਘਮ) ਕਦੋਂ ਆ ਰਿਹਾ ਹੈ?''
ਇਸ ਮਾਮਲੇ ਵਿੱਚ ਅਦਾਲਤ ਨੇ ਅਲਬਾਨੀ ਨਾਗਰਿਕ ਹੌਕਸਾ ਨੂੰ ਕੋਕੀਨ ਸਪਲਾਈ ਕਰਨ ਦੀ ਸਾਜ਼ਿਸ਼ ਦੇ ਦੋ ਦੋਸ਼ਾਂ ਲਈ ਦੋਸ਼ੀ ਮੰਨਦਿਆ 12 ਸਾਲ ਅਤੇ ਤਿੰਨ ਮਹੀਨੇ ਕੈਦ ਦੀ ਸਜ਼ਾ ਸੁਣਾਈ। ਅਮੀਰ ਸਿੰਘ ਨੂੰ ਪਹਿਲੀ ਸਾਜ਼ਿਸ਼ ਲਈ ਦੋਸ਼ੀ ਮੰਨੇ ਜਾਣ ਤੇ 13 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਉਸ ਨੂੰ ਪਹਿਲਾਂ ਵੀ ਇੱਕ ਲਮਕਵੀਂ ਸਜ਼ਾ ਦੀ ਸ਼ਰਤ ਦੀ ਉਲੰਘਣਾ ਤਹਿਤ ਇੱਕ ਹੋਰ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮੀਰ ਦੇ ਰਿਸ਼ਤੇਦਾਰ ਹਰਦੀਪਕ ਸਿੰਘ ਨੂੰ ਵੀ 28 ਫਰਵਰੀ ਤੋਂ 27 ਸਤੰਬਰ 2016 ਵਿਚਕਾਰ ਪਹਿਲੀ ਸਾਜ਼ਿਸ਼ ਲਈ ਦੋਸ਼ੀ ਮੰਨਿਆ ਗਿਆ। ਅਦਾਲਤ ਵਿੱਚ ਉਸ ਵਲੋਂ ਰੱਖੀ ਗਈ ਮਹਿੰਗੀ ਕਾਰ ਅਤੇ ਉਸ ਵਲੋਂ ਕੀਤੀ ਗਈ ਮਹਿੰਗੀ ਜਨਮ-ਦਿਨ ਪਾਰਟੀ ਪਿੱਛੇ ਵੀ ਉਸ ਦੀ ਡਰੱਗ ਡੀਲਿੰਗ ਦੀ ਕਮਾਈ ਨੂੰ ਹੀ ਜ਼ਿੰਮੇਵਾਰ ਮੰਨਿਆ ਗਿਆ। ਅਦਾਲਤ ਨੇ ਉਸ ਨੂੰ 7 ਸਾਲ ਅਤੇ 8 ਮਹੀਨੇ ਕੈਦ ਦੀ ਸਜ਼ਾ ਸੁਣਾਈ। ਹਰਦੀਪਕ ਨੂੰ ਹੌਕਸਾ ਅਤੇ ਅਮੀਰ ਵਿਚਕਾਰ ਵਿਚੋਲਾ ਮੰਨਿਆ ਗਿਆ। ਇਨ੍ਹਾਂ ਤੋਂ ਇਲਾਵਾ ਡੀਨ ਨੂੰ ਡਰੱਗ ਦੇ ਧੰਦੇ ਤਹਿਤ ਦੋਸ਼ੀ ਮੰਨਦਿਆਂ 6 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਉਸ ਨੂੰ ਇੱਕ ਹੋਰ ਤਰ੍ਹਾਂ ਦੀ ਡਰੱਗ ਰੱਖਣ ਦੇ ਦੋਸ਼ ਤਹਿਤ ਵੀ 18 ਮਹੀਨੇ ਕੈਦ ਦੀ ਸਜ਼ਾ ਹੋਈ, ਜੋ ਕਿ ਪਹਿਲੀ ਸਜ਼ਾ ਦੇ ਨਾਲ ਹੀ ਚੱਲੇਗੀ। ਧੰਦੇ 'ਚ ਸ਼ਾਮਿਲ ਹੌਕਸਾ ਦੇ ਸੱਜੇ ਹੱਥ ਰੈਕਸਾ ਜੋ ਕਿ ਅਲਬਾਨੀ ਰਫਿਊਜ਼ੀ ਹੈ, ਨੂੰ ਸਾਢੇ ਛੇ ਸਾਲ ਲਈ ਨੌਜਵਾਨਾਂ 'ਚ ਬੰਦ ਰੱਖਣ ਦੇ ਹੁਕਮ ਸੁਣਾਏ ਗਏ।
