ਬ੍ਰਿਟਿਸ਼ ਨਾਗਰਿਕਾਂ ਨੂੰ ਅਫਗਾਨਿਸਤਾਨ ''ਚੋਂ ਲੈ ਕੇ ਪਹਿਲੀ ਉਡਾਣ ਪਹੁੰਚੀ ਯੂਕੇ
Tuesday, Aug 17, 2021 - 06:08 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਮੌਜੂਦਾ ਸਮੇਂ ਅਫਗਾਨਿਸਤਾਨ ਵਿੱਚ ਤਾਲਿਬਾਨ ਦੁਆਰਾ ਸੱਤਾ ਦਾ ਕਬਜ਼ਾ ਲੈਣ ਦਾ ਮਾਮਲਾ ਵਿਸ਼ਵ ਪੱਧਰ 'ਤੇ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵੇਲੇ ਸੈਂਕੜੇ ਬ੍ਰਿਟਿਸ਼ ਨਾਗਰਿਕ ਵੀ ਅਫਗਾਨਿਸਤਾਨ ਵਿੱਚ ਫਸੇ ਹੋਏ ਸਨ, ਜਿਹਨਾਂ ਨੂੰ ਵਾਪਸ ਲਿਆਉਣ ਦੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਾਪਸੀ ਦੇ ਯਤਨਾਂ ਦੇ ਸਿੱਟੇ ਵਜੋਂ ਯੂਕੇ ਦੇ ਰੱਖਿਆ ਮੰਤਰਾਲੇ (ਐਮ ਓ ਡੀ) ਨੇ ਜਾਣਕਾਰੀ ਦਿੱਤੀ ਕਿ ਅਫਗਾਨਿਸਤਾਨ ਵਿਚਲੇ ਬ੍ਰਿਟਿਸ਼ ਨਾਗਰਿਕਾਂ ਦੀ ਵਾਪਸੀ ਦੀ ਪਹਿਲੀ ਉਡਾਣ ਐਤਵਾਰ ਰਾਤ ਨੂੰ ਯੂਕੇ ਪਹੁੰਚੀ ਹੈ।
ਕਾਬੁਲ ਵਿੱਚ ਬ੍ਰਿਟਿਸ਼ ਅੰਬੈਸੀ ਦਾ ਸਟਾਫ ਅਤੇ ਹੋਰ ਬ੍ਰਿਟਿਸ਼ ਨਾਗਰਿਕ ਇਸ ਉਡਾਣ ਰਾਹੀਂ ਆਕਸਫੋਰਡਸ਼ਾਇਰ ਵਿੱਚ ਆਰ ਏ ਐਫ ਬ੍ਰਿਜ਼ ਨੌਰਟਨ ਵਿਖੇ ਪਹੁੰਚੇ। ਵਿਭਾਗ ਅਨੁਸਾਰ ਇਸ ਵਾਪਸੀ ਲਈ 'ਓਪਰੇਸ਼ਨ ਪਿਟਿੰਗ' ਦੇ ਹਿੱਸੇ ਵਜੋਂ 16 ਏਅਰ ਅਸਾਲਟ ਬ੍ਰਿਗੇਡ ਦੇ ਮੈਂਬਰਾਂ ਦੁਆਰਾ ਸਹਾਇਤਾ ਕੀਤੀ ਗਈ, ਜੋ ਕਿ ਐਤਵਾਰ ਨੂੰ ਅਫਗਾਨਿਸਤਾਨ ਪਹੁੰਚੇ ਸਨ। ਇਸਦੇ ਇਲਾਵਾ ਬ੍ਰਿਟਿਸ਼ ਫ਼ੌਜਾਂ ਇਸ ਵੇਲੇ ਅਮਰੀਕੀ ਸੈਨਾ ਨੂੰ ਹਾਮਿਦ ਕਰਜ਼ਈ ਹਵਾਈ ਅੱਡੇ ਦਾ ਕੰਟਰੋਲ ਕਰਨ ਵਿੱਚ ਵੀ ਮਦਦ ਕਰ ਰਹੀਆਂ ਹਨ।
ਪੜ੍ਹੋ ਇਹ ਅਹਿਮ ਖਬਰ -ਅਫਗਾਨਸਿਤਾਨ 'ਚ ਤਾਲਿਬਾਨ ਖ਼ਿਲਾਫ਼ ਬ੍ਰਿਟੇਨ ਨੇ ਸਖ਼ਤ ਕਦਮ ਚੁੱਕਣ ਦੇ ਦਿੱਤੇ ਸੰਕੇਤ
ਇਸਦੇ ਇਲਾਵਾ ਐਮ ਓ ਡੀ ਅਨੁਸਾਰ ਹੋਰ ਬ੍ਰਿਟਿਸ਼ ਸੈਨਿਕਾਂ ਨੂੰ ਵੀ ਲੋੜ ਪੈਣ ਦੀ ਸਥਿਤੀ ਲਈ ਤਿਆਰ ਰੱਖਿਆ ਗਿਆ ਹੈ। ਯੂਕੇ ਦੇ ਰੱਖਿਆ ਸਕੱਤਰ ਬੇਨ ਵਾਲਿਸ ਅਨੁਸਾਰ ਯੂਕੇ ਵਿੱਚ ਪ੍ਰਤੀ ਦਿਨ 1,000 ਤੋਂ ਵੱਧ ਲੋਕਾਂ ਨੂੰ ਅਫਗਾਨਿਸਤਾਨ ਵਿੱਚੋਂ ਬਾਹਰ ਕੱਢਣ ਦੀ ਸਮਰੱਥਾ ਹੋਵੇਗੀ, ਜਿਸ ਕਰਕੇ ਇਸ ਪ੍ਰਕਿਰਿਆ ਵਿੱਚ ਸਮਾਂ ਲੱਗ ਸਕਦਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਅਫਗਾਨਿਸਤਾਨ ਵਿੱਚ ਤਕਰੀਬਨ 4000 ਬਰਤਾਨਵੀ ਅਤੇ ਉੱਥੋ ਤਬਦੀਲ ਹੋਣ ਯੋਗ ਸਥਾਨਕ ਨਾਗਰਿਕ ਰਹਿ ਰਹੇ ਸਨ।