ਵਿਦੇਸ਼ਾਂ ’ਚ ਅਣਪਛਾਤੇ ਹਮਲਾਵਰਾਂ ਦੇ ਨਿਸ਼ਾਨੇ ’ਤੇ ਖਾਲਿਸਤਾਨੀ, ਵਾਲ-ਵਾਲ ਬਚਿਆ ਅੱਤਵਾਦੀ ਨਿੱਝਰ ਦਾ ਕਰੀਬੀ

Tuesday, Aug 20, 2024 - 10:42 AM (IST)

ਵਿਦੇਸ਼ਾਂ ’ਚ ਅਣਪਛਾਤੇ ਹਮਲਾਵਰਾਂ ਦੇ ਨਿਸ਼ਾਨੇ ’ਤੇ ਖਾਲਿਸਤਾਨੀ, ਵਾਲ-ਵਾਲ ਬਚਿਆ ਅੱਤਵਾਦੀ ਨਿੱਝਰ ਦਾ ਕਰੀਬੀ

ਜਲੰਧਰ (ਇੰਟ.)-ਕੈਨੇਡਾ ਤੋਂ ਲੈ ਕੇ ਅਮਰੀਕਾ ਤੱਕ ਹੁਣ ਖਾਲਿਸਤਾਨੀ ਅਣਪਛਾਤੇ ਹਮਲਾਵਰਾਂ ਦੇ ਨਿਸ਼ਾਨੇ ’ਤੇ ਹਨ। ਬੀਤੇ ਸਾਲ ਕੈਨੇਡਾ ਦੇ ਸਰੀ ’ਚ ਮਾਰੇ ਗਏ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦਾ ਕਰੀਬੀ ਸਾਥੀ ਵੀ ਅਮਰੀਕਾ ’ਚ ਤਾਬੜਤੋੜ ਫਾਈਰਿੰਗ ’ਚ ਵਾਲ-ਵਾਲ ਬਚਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ 11 ਅਗਸਤ ਨੂੰ ਨਿੱਝਰ ਦਾ ਕਰੀਬੀ ਸਤਿੰਦਰਪਾਲ ਸਿੰਘ ਰਾਜੂ ਅਮਰੀਕਾ ’ਚ ਪਿਕਅੱਪ ਟਰੱਕ ਰਾਹੀਂ ਕੈਲੀਫੋਰਨੀਆ ’ਚ ਇਕ ਨੈਸ਼ਨਲ ਹਾਈਵੇਅ ਤੋਂ ਲੰਘ ਰਿਹਾ ਸੀ ਤਾਂ ਉਸ ’ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਇਸ ਹਮਲੇ ’ਚ ਉਸ ਦੀ ਜਾਨ ਬਚ ਗਈ। ਰਾਜੂ ਹਾਲ ਹੀ ’ਚ ਕੈਲਗਰੀ ’ਚ ਅਖੌਤੀ ਖਾਲਿਸਤਾਨ ਰਾਏਸ਼ੁਮਾਰੀ ਦੇ ਮੁੱਖ ਪ੍ਰਬੰਧਕਾਂ ’ਚੋਂ ਇਕ ਸੀ।

PunjabKesari

ਖਾਲਿਸਤਾਨ ਰਾਏਸ਼ੁਮਾਰੀ ਦਾ ਪ੍ਰਬੰਧਕ

ਸਿੱਖਸ ਫਾਰ ਜਸਟਿਸ (ਐੱਸ. ਐੱਫ. ਜੇ.) ਦੇ ਮੁਖੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਰਾਜੂ ਨੂੰ ਨਿੱਝਰ ਦਾ ਕਰੀਬੀ ਸਾਥੀ ਅਤੇ ਖਾਲਿਸਤਾਨ ਰਾਏਸ਼ੁਮਾਰੀ ਦਾ ਸਰਗਰਮ ਪ੍ਰਬੰਧਕ ਦੱਸਿਆ ਹੈ। ਪੰਨੂ ਨੇ ਕਿਹਾ ਕਿ ਰਾਜੂ ਨੂੰ ਜਾਨਲੇਵਾ ਹਮਲੇ ’ਚ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਬਚ ਗਿਆ। ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਰਾਜੂ ਦਾ ਟਰੱਕ ਯੋਲੋ ਕਾਉਂਟੀ ਦੇ ਵੁੱਡਲੈਂਡ ’ਚ ਸੀ, ਜਦੋਂ ਉਸ ’ਤੇ 4-5 ਰਾਊਂਡ ਗੋਲੀਆਂ ਚਲਾਈਆਂ ਗਈਆਂ। ਪੰਨੂ ਮੁਤਾਬਕ ਪਿਛਲੇ ਸਾਲ 18 ਜੂਨ ਨੂੰ ਕੈਨੇਡਾ ਦੇ ਸਰੀ ’ਚ ਨਿੱਝਰ ਦੀ ਹੱਤਿਆ ਤੋਂ ਬਾਅਦ ਰਾਜੂ ਸਰੀ ’ਚ ਰਹਿ ਰਿਹਾ ਸੀ। ਇਸ ਸਾਲ ਉਸ ਨੇ 28 ਜੁਲਾਈ ਨੂੰ ਕੈਲਗਰੀ, ਅਲਬਰਟਾ ’ਚ ਆਯੋਜਿਤ ਰਾਏਸ਼ੁਮਾਰੀ ਨੂੰ ਕਰਵਾਉਣ ’ਚ ਮਦਦ ਕੀਤੀ ਸੀ।

ਪੰਨੂ ਨੇ ਭਾਰਤ ਸਰਕਾਰ ’ਤੇ ਰਾਜੂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ ਹੈ। ਪੰਨੂ ਨੇ ਕਿਹਾ ਕਿ ਭਾਰਤ ਆਲਮੀ ਖਾਲਿਸਤਾਨ ਰਾਏਸ਼ੁਮਾਰੀ ਮੁਹਿੰਮ ਨੂੰ ਹਿੰਸਕ ਢੰਗ ਨਾਲ ਦਬਾ ਰਿਹਾ ਹੈ।ਫਿਲਹਾਲ ਅਮਰੀਕੀ ਪੁਲਸ ਵੱਲੋਂ ਘਟਨਾ ਦੇ ਸਬੰਧ ’ਚ ਕਿਸੇ ਵੀ ਗ੍ਰਿਫਤਾਰੀ ਦਾ ਐਲਾਨ ਨਹੀਂ ਕੀਤਾ ਹੈ ਅਤੇ ਨਾ ਹੀ ਕਿਸੇ ਮਕਸਦ ਦਾ ਪਤਾ ਲਾਇਆ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ 90 ਫੁੱਟ ਦੀ ਹਨੂੰਮਾਨ ਦੀ 'ਮੂਰਤੀ' ਦਾ ਉਦਘਾਟਨ

ਸਰੀ ’ਚ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਦੇ ਘਰ ’ਤੇ ਵੀ ਗੋਲੀਬਾਰੀ

ਇਸ ਤੋਂ ਪਹਿਲਾਂ 10 ਅਗਸਤ ਨੂੰ ਸਰੀ ਸਥਿਤ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਰਘਬੀਰ ਨਿੱਝਰ ਦੇ ਘਰ ’ਤੇ ਕਈ ਵਾਰ ਗੋਲੀਬਾਰੀ ਕੀਤੀ ਗਈ। ਹਾਲਾਂਕਿ ਪੁਲਸ ਨੇ ਘਰ ਦੇ ਮਾਲਕ ਦੀ ਪਛਾਣ ਨਹੀਂ ਦੱਸੀ ਹੈ ਪਰ 13 ਅਗਸਤ ਨੂੰ ਇਕ ਬਿਆਨ ’ਚ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ ਨੇ ਕਿਹਾ ਕਿ ਇਹ ਘਟਨਾ ਸਵੇਰੇ 3:10 ਵਜੇ ਦੇ ਕਰੀਬ ਵਾਪਰੀ ਸੀ।ਬਿਆਨ ’ਚ ਕਿਹਾ ਗਿਆ ਹੈ ਕਿ ਮੌਕੇ ਤੋਂ ਗੋਲੀਬਾਰੀ ਅਤੇ ਸਾੜ-ਫੂਕ ਦੀ ਕੋਸ਼ਿਸ਼ ਨਾਲ ਜੁੜੇ ਸਬੂਤ ਮਿਲੇ ਹਨ। ਇਸ ’ਚ ਇਹ ਵੀ ਕਿਹਾ ਗਿਆ ਹੈ ਕਿ ਮੰਨਿਆ ਜਾ ਰਿਹਾ ਹੈ ਕਿ ਇਹ ਘਟਨਾ ਜਬਰਨ ਵਸੂਲੀ ਕਾਂਡ ਨਾਲ ਜੁੜੀ ਹੋ ਸਕਦੀ ਹੈ।ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਕੈਨੇਡਾ ’ਚ ਇੰਡੋ-ਕੈਨੇਡੀਅਨ ਕਾਰੋਬਾਰਾਂ ਅਤੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਦੀਆਂ ਅਜਿਹੀਆਂ ਕਈ ਵਾਰਦਾਤਾਂ ਕੀਤੀਆਂ ਗਈਆਂ ਹਨ। ਮਰਨ ਤੋਂ ਪਹਿਲਾਂ ਨਿੱਝਰ ਵੀ ਸਰੀ ਦੇ ਇਸੇ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸੀ। ਉਸ ਦਾ ਕਰੀਬੀ ਰਾਜੂ ਭਾਰਤ ’ਚ ਪਾਬੰਦੀਸ਼ੁਦਾ ਸਮੂਹ ਸਿੱਖਸ ਫਾਰ ਜਸਟਿਸ ਦਾ ਸਰਗਰਮ ਕਾਰਕੁੰਨ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News