''ਓਂਟਾਰੀਓ ਮੁੱਖ ਮੰਤਰੀ ਦੇ ਦੋਸ਼ ਝੂਠ, ਹਵਾਈ ਅੱਡਿਆਂ ''ਤੇ ਹੋ ਰਹੇ ਕੋਰੋਨਾ ਟੈਸਟ''

Wednesday, Dec 23, 2020 - 11:11 AM (IST)

''ਓਂਟਾਰੀਓ ਮੁੱਖ ਮੰਤਰੀ ਦੇ ਦੋਸ਼ ਝੂਠ, ਹਵਾਈ ਅੱਡਿਆਂ ''ਤੇ ਹੋ ਰਹੇ ਕੋਰੋਨਾ ਟੈਸਟ''

ਮਾਂਟਰੀਅਲ- ਸੰਘੀ ਸਰਕਾਰ ਦਾ ਕਹਿਣਾ ਹੈ ਕਿ ਓਂਟਾਰੀਓ ਸੂਬੇ ਦੇ ਮੁੱਖ ਮੰਤਰੀ ਵਲੋਂ ਇਹ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਹਵਾਈ ਅੱਡਿਆਂ 'ਤੇ ਕੋਰੋਨਾ ਸਬੰਧੀ ਚੰਗੀ ਤਰ੍ਹਾਂ ਜਾਂਚ ਨਹੀਂ ਹੋ ਰਹੀ ਜਦਕਿ ਅਜਿਹਾ ਨਹੀਂ ਹੈ। ਜਨਤਕ ਸੁਰੱਖਿਆ ਮੰਤਰੀ ਬਿਲ ਬਲੇਅਰ ਨੇ ਸਪੱਸ਼ਟੀਕਰਣ ਦਿੱਤਾ ਹੈ ਕਿ ਹਵਾਈ ਅੱਡਿਆਂ 'ਤੇ ਚੰਗੀ ਤਰ੍ਹਾਂ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ। ਜਿਹੜੇ ਲੋਕ ਕੈਨੇਡਾ ਪੁੱਜ ਰਹੇ ਹਨ, ਉਨ੍ਹਾਂ ਨੂੰ ਜ਼ਰੂਰੀ ਤੌਰ 'ਤੇ 14 ਦਿਨਾਂ ਲਈ ਇਕਾਂਤਵਾਸ ਕੀਤਾ ਜਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਕੁਝ ਦਿਨਾਂ ਤੋਂ ਅਜਿਹੇ ਬਿਆਨ ਸੁਣਨ ਵਿਚ ਆ ਰਹੇ ਹਨ, ਜੋ ਇਹ ਦਰਸਾ ਰਹੇ ਹਨ ਕਿ ਸਰਕਾਰ ਹਵਾਈ ਅੱਡਿਆਂ 'ਤੇ ਧਿਆਨ ਨਾਲ ਜਾਂਚ ਨਹੀਂ ਕਰਵਾ ਰਹੀ, ਜਦਕਿ ਇਹ ਸਭ ਲੋਕਾਂ ਨੂੰ ਵਹਿਮ ਵਿਚ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਾਮਲਿਆਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੌਮਾਂਤਰੀ ਯਾਤਰੀ 1.8 ਫੀਸਦੀ ਪ੍ਰਭਾਵਿਤ ਹੋਏ ਹਨ ਜਦਕਿ 98.2 ਫੀਸਦੀ ਮਾਮਲੇ ਕੋਰੋਨਾ ਕਮਿਊਨਿਟੀ ਟ੍ਰਾਂਸਮਿਸ਼ਨ ਕਰਕੇ ਵਧੇ ਹਨ। ਇਸ ਤੋਂ ਸਪੱਸ਼ਟ ਹੈ ਕਿ ਅਸੀਂ ਕੋਰੋਨਾ ਮਾਮਲਿਆਂ ਦਾ ਦੋਸ਼ੀ ਕੌਮਾਂਤਰੀ ਯਾਤਰੀਆਂ ਨੂੰ ਨਹੀਂ ਕਹਿ ਸਕਦੇ। 

ਜ਼ਿਕਰਯੋਗ ਹੈ ਕਿ ਓਂਟਾਰੀਓ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਲੋਕ ਉਨ੍ਹਾਂ ਨੂੰ ਫੋਨ ਕਰਕੇ ਦੱਸਦੇ ਹਨ ਕਿ ਬਹੁਤ ਸਾਰੀਆਂ ਫਲਾਈਟਾਂ ਵਿਚ ਲੋਕਾਂ ਦੇ ਕੋਰੋਨਾ ਟੈਸਟ ਦੀ ਰਿਪੋਰਟ ਦੀ ਮੰਗ ਨਹੀਂ ਕੀਤੀ ਜਾਂਦੀ ਤੇ ਕਈਆਂ ਨੂੰ ਕੈਨੇਡਾ ਪੁੱਜਣ 'ਤੇ ਵੀ ਟੈਸਟ ਲਈ ਨਹੀਂ ਕਿਹਾ ਜਾਂਦਾ, ਇਸ ਕਾਰਨ ਹੋਰ ਲੋਕਾਂ ਲਈ ਕੋਰੋਨਾ ਦਾ ਖਤਰਾ ਵੱਧਦਾ ਜਾ ਰਿਹਾ ਹੈ। 


author

Lalita Mam

Content Editor

Related News