ਯੂਕੇ ਦੀ ਖੂਫੀਆ ਏਜੰਸੀ MI5 ਵੱਲੋਂ ਜਾਸੂਸੀ ਦੇ ਖਦਸ਼ਾ! ਅਕਾਦਮਿਕਾਂ ਨੂੰ ਚੀਨੀ ਸੰਸਥਾ ਨਾਲ ਸਬੰਧ ਖਤਮ ਕਰਨ ਦੀ ਚੇਤਾਵਨੀ
Friday, Oct 02, 2026 - 04:12 PM (IST)
ਲੰਡਨ: ਬ੍ਰਿਟੇਨ ਦੀ ਘਰੇਲੂ ਖੂਫੀਆ ਏਜੰਸੀ MI5 ਨੇ ਯੂਕੇ ਦੀਆਂ ਯੂਨੀਵਰਸਿਟੀਆਂ ਦੇ ਅਕਾਦਮਿਕਾਂ ਅਤੇ ਖੋਜਕਰਤਾਵਾਂ ਨੂੰ ਇੱਕ ਚੀਨੀ ਸੰਸਥਾ ਨਾਲ ਕੰਮ ਬੰਦ ਕਰਨ ਅਤੇ ਸਬੰਧ ਤੋੜਨ ਦੀ ਜਨਤਕ ਚਿਤਾਵਨੀ ਜਾਰੀ ਕੀਤੀ ਹੈ। ਖੂਫੀਆ ਏਜੰਸੀ ਅਨੁਸਾਰ ਇਸ ਚੀਨੀ ਸੰਸਥਾ ਦੇ ਚੀਨ ਦੀ ਮੁੱਖ ਜਾਸੂਸੀ ਏਜੰਸੀ ਨਾਲ ਬਹੁਤ ਮਜ਼ਬੂਤ ਸਬੰਧ ਹਨ ਤੇ ਇਹ ਬ੍ਰਿਟਿਸ਼ ਯੂਨੀਵਰਸਿਟੀਆਂ ਵਿੱਚ ਜਾਸੂਸੀ ਸਮਰੱਥਾ ਵਧਾਉਣ ਲਈ ਫੰਡਿੰਗ ਕਰ ਰਹੀ ਹੈ।
MI5 ਨੇ ਦੱਸਿਆ ਕਿ 'ਚਾਈਨਾ ਜਨਰਲ ਟੈਕਨਾਲੋਜੀ ਰਿਸਰਚ ਇੰਸਟੀਚਿਊਟ' ਦਾ ਮੁੱਖ ਮਕਸਦ ਅਜਿਹੀਆਂ ਅਕਾਦਮਿਕ ਖੋਜਾਂ ਨੂੰ ਵਿੱਤੀ ਸਹਾਇਤਾ ਦੇਣਾ ਹੈ ਜੋ ਚੀਨੀ ਖੂਫੀਆ ਏਜੰਸੀ 'ਮਿਨਿਸਟਰੀ ਆਫ ਸਟੇਟ ਸਿਕਿਓਰਿਟੀ' ਦੀ ਜਾਸੂਸੀ ਸਮਰੱਥਾ ਨੂੰ ਵਧਾ ਸਕਣ। ਇਸ ਸੰਸਥਾ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ , ਸਾਈਬਰ ਸੁਰੱਖਿਆ, ਗੁਪਤ ਸੰਚਾਰ ਪ੍ਰਣਾਲੀਆਂ ਅਤੇ ਸਟੈਗਨੋਗ੍ਰਾਫੀ ਵਰਗੇ ਸੰਵੇਦਨਸ਼ੀਲ ਖੇਤਰਾਂ ਵਿੱਚ ਕੰਮ ਕਰ ਰਹੇ 100 ਤੋਂ ਵੱਧ ਯੂਕੇ ਅਧਾਰਤ ਅਕਾਦਮਿਕਾਂ ਨੂੰ ਨਿਸ਼ਾਨਾ ਬਣਾਇਆ ਹੈ। ਖੂਫੀਆ ਏਜੰਸੀ ਨੇ ਸਪੱਸ਼ਟ ਕੀਤਾ ਕਿ ਬਹੁਤ ਸਾਰੇ ਅਕਾਦਮਿਕਾਂ ਨੇ ਇਸ ਸੰਸਥਾ ਦੇ ਚੀਨੀ ਜਾਸੂਸੀ ਏਜੰਸੀ ਨਾਲ ਸਬੰਧਾਂ ਤੋਂ ਅਣਜਾਣ ਹੋ ਕੇ ਇਮਾਨਦਾਰੀ ਨਾਲ ਕੰਮ ਕੀਤਾ ਸੀ। ਹਾਲਾਂਕਿ, ਹੁਣ ਜੋ ਵੀ ਅਕਾਦਮਿਕ ਜਾਂ ਸੰਸਥਾ CGTRI ਤੋਂ ਗ੍ਰਾਂਟਾਂ ਲਵੇਗੀ ਜਾਂ ਇਸ ਨਾਲ ਭਾਈਵਾਲੀ ਜਾਰੀ ਰੱਖੇਗੀ, ਉਸ 'ਤੇ ਨੈਸ਼ਨਲ ਸਿਕਿਓਰਿਟੀ ਐਕਟ 2023 ਤਹਿਤ ਕਾਨੂੰਨੀ ਕਾਰਵਾਈ ਦਾ ਖਤਰਾ ਹੋਵੇਗਾ।
ਯੂਕੇ ਦੇ ਸੁਰੱਖਿਆ ਮੰਤਰੀ ਡੈਨ ਜਾਰਵਿਸ ਨੇ ਬ੍ਰਿਟੇਨ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਸਟਾਫ ਵੱਲੋਂ CGTRI ਨਾਲ ਸਾਰੇ ਸਬੰਧ ਤੁਰੰਤ ਖਤਮ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਲੰਡਨ ਸਥਿਤ ਚੀਨੀ ਦੂਤਾਵਾਸ ਨੇ MI5 ਦੀ ਇਸ ਚਿਤਾਵਨੀ ਨੂੰ ਪੂਰੀ ਤਰ੍ਹਾਂ ਮਨਘੜਤ ਅਤੇ ਬਦਨਾਮ ਕਰਨ ਦੀ ਸਾਜ਼ਿਸ਼ ਦੱਸਦਿਆਂ ਖਾਰਜ ਕਰ ਦਿੱਤਾ ਹੈ। ਚੀਨ ਨੇ ਪਹਿਲਾਂ ਵੀ ਬ੍ਰਿਟੇਨ ਵੱਲੋਂ ਲਗਾਏ ਗਏ ਅਜਿਹੇ ਜਾਸੂਸੀ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
