AI ਤਕਨਾਲੋਜੀ ਦੀ ਗਲਤ ਵਰਤੋਂ: ਬੱਚੀਆਂ ਦੀਆਂ ਅਸ਼ਲੀਲ ਤਸਵੀਰਾਂ ਬਣਾਉਣ ਵਾਲੇ ਨੂੰ 2 ਸਾਲ ਤੋਂ ਵੱਧ ਦੀ ਕੈਦ

Tuesday, Sep 29, 2026 - 08:50 AM (IST)

AI ਤਕਨਾਲੋਜੀ ਦੀ ਗਲਤ ਵਰਤੋਂ: ਬੱਚੀਆਂ ਦੀਆਂ ਅਸ਼ਲੀਲ ਤਸਵੀਰਾਂ ਬਣਾਉਣ ਵਾਲੇ ਨੂੰ 2 ਸਾਲ ਤੋਂ ਵੱਧ ਦੀ ਕੈਦ

ਐਨਫੀਲਡ, ਇੰਗਲੈਂਡ (ਮਨਦੀਪ ਖੁਰਮੀ ਹਿੰਮਤਪੁਰਾ) : ਐਨਫੀਲਡ ਦੇ ਰਹਿਣ ਵਾਲੇ 32 ਸਾਲਾ ਜ਼ਫ਼ਰ ਦੋਗਾਨ ਨੂੰ 7 ਸਾਲ ਦੀਆਂ ਬੱਚੀਆਂ ਤੱਕ ਦੀਆਂ ਹਜ਼ਾਰਾਂ ਤਸਵੀਰਾਂ ਖਿੱਚ ਕੇ 'ਏ-ਆਈ' ਰਾਹੀਂ ਉਨ੍ਹਾਂ ਨੂੰ ਨੰਗੀਆਂ ਬਨਾਉਣ ਦੇ ਦੋਸ਼ ਹੇਠ ਦੋ ਸਾਲ ਤੋਂ ਵੱਧ ਦੀ ਕੈਦ ਹੋਣ ਦਾ ਸਮਾਚਾਰ ਹੈ। 32 ਸਾਲਾ ਜ਼ਫ਼ਰ ਦੋਗਾਨ ਨੇ ਔਰਤਾਂ ਅਤੇ ਬੱਚਿਆਂ ਦੀਆਂ ਹਜ਼ਾਰਾਂ ਤਸਵੀਰਾਂ ਉਨ੍ਹਾਂ ਦੀ ਜਾਣਕਾਰੀ ਜਾਂ ਸਹਿਮਤੀ ਤੋਂ ਬਿਨਾਂ ਖਿੱਚੀਆਂ ਅਤੇ 'ਏ-ਆਈ' ਦੀ ਵਰਤੋਂ ਕਰਕੇ ਉਨ੍ਹਾਂ ਨੂੰ ਜਿਨਸੀ ਰੂਪ ਵਿੱਚ ਬਦਲਿਆ। ਉਸ ਨੂੰ ਵੀਰਵਾਰ ਨੂੰ ਵੁੱਡ ਗ੍ਰੀਨ ਕ੍ਰਾਊਨ ਕੋਰਟ ਵਿੱਚ ਦੋ ਸਾਲ ਅਤੇ ਚਾਰ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਸ ਤੋਂ ਪਹਿਲਾਂ ਉਸ ਨੇ ਬੱਚਿਆਂ ਨਾਲ ਸਬੰਧਤ ਅਸ਼ਲੀਲ ਤਸਵੀਰਾਂ ਬਣਾਉਣ ਸਮੇਤ ਕਈ ਅਪਰਾਧਾਂ ਲਈ ਦੋਸ਼ ਕਬੂਲ ਕੀਤੇ ਸਨ। 

ਦੋਗਾਨ ਮਕੈਨਿਕ ਵਜੋਂ ਕੰਮ ਕਰਦਾ ਸੀ ਤੇ ਉਸ ਵੱਲੋਂ ਪੈਦਾ ਕੀਤੇ ਸਥਾਨਕ ਖ਼ਤਰੇ ਦੇ ਬਾਵਜੂਦ ਕਈ ਵਾਰ ਜ਼ਮਾਨਤ ਦਿੱਤੀ ਗਈ। ਉਸ ਦਾ ਫਲੈਟ ਇੱਕ ਖੇਡ ਮੈਦਾਨ ਦੇ ਸਾਹਮਣੇ ਸੀ। ਮੈਟਰੋਪੋਲੀਟਨ ਪੁਲਿਸ ਕਮਿਸ਼ਨਰ ਸਰ ਮਾਰਕ ਰੌਲੀ ਨੇ ਜਿਨਸੀ ਅਪਰਾਧਾਂ ਦੇ ਪੀੜਤਾਂ ਨਾਲ ਬਿਹਤਰ ਢੰਗ ਨਾਲ ਪੇਸ਼ ਆਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ “ਬੱਚਿਆਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਸੀ, ਨਾ ਕਿ ਬਾਲ ਯੌਨ ਸ਼ੋਸ਼ਣ ਕਰਨ ਵਾਲੇ ਨੂੰ।” ਉਨ੍ਹਾਂ ਕਿਹਾ “ਅਦਾਲਤਾਂ ’ਤੇ ਲੋਕਾਂ ਨੂੰ ਹਿਰਾਸਤ ਵਿੱਚ ਨਾ ਰੱਖਣ ਦਾ ਬਹੁਤ ਦਬਾਅ ਹੈ। ਪਰ ਇਸ ਵਿਅਕਤੀ ਨੂੰ ਪੀੜਤਾਂ ਦੇ ਇਲਾਕੇ ਦੇ ਨੇੜੇ ਵਾਪਸ ਭੇਜ ਦਿੱਤਾ ਗਿਆ। ਸਿਤਮ ਦੀ ਹੱਦ ਇਹ ਕਿ ਉਲਟਾ ਪੀੜਤਾਂ ਨੂੰ ਆਪਣਾ ਘਰ ਛੱਡਣਾ ਪਿਆ।” ਇਸ ਮਾਮਲੇ ਦੀ ਜਾਂਚ ਦੀ ਅਗਵਾਈ ਕਰਨ ਵਾਲੀ ਪੁਲਿਸ ਕਾਂਸਟੇਬਲ ਨੈਟਲੀ ਸਕੈਗਲਿਆਰਿਨੀ ਨੇ ਕਿਹਾ, “ਇਹ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਮਾਮਲਾ ਹੈ। ਦੋਗਾਨ ਦੀਆਂ ਕਾਰਵਾਈਆਂ ਸ਼ਿਕਾਰੀ ਬਿਰਤੀ ਵਾਲੀਆਂ ਅਤੇ ਖ਼ਤਰਨਾਕ ਸਨ। ਉਸ ਨੇ ਬੱਚਿਆਂ ਦੇ ਖੇਡਣ ਜਾਂ ਆਪਣੇ ਮਾਪਿਆਂ ਨਾਲ ਬਾਹਰ ਜਾਣ ਵਰਗੇ ਬਿਲਕੁਲ ਆਮ ਦ੍ਰਿਸ਼ਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਤਸਵੀਰਾਂ ਨੂੰ ਬਹੁਤ ਹੀ ਘਿਨਾਉਣੇ ਢੰਗ ਨਾਲ ਬਦਲਿਆ।”

ਇਹ ਵੀ ਪੜ੍ਹੋ : ਪਲਕ ਝਪਕਦਿਆਂ ਨਦੀ 'ਚ ਸਮਾਇਆ ਪੂਰਾ ਪਹਾੜ ! ਨੇਪਾਲ ’ਚ 24 ਲੋਕਾਂ ਦੀ ਗਈ ਜਾਨ

ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਅਦਾਲਤ ਨੂੰ ਦੱਸਿਆ ਗਿਆ ਕਿ ਦੋਗਾਨ ਨੂੰ 16 ਜੁਲਾਈ ਨੂੰ ਬੱਚਿਆਂ ਨਾਲ ਸਬੰਧਤ ਅਸ਼ਲੀਲ ਤਸਵੀਰਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰੀ ਦੌਰਾਨ ਉਹ ਹੱਥਕੜੀਆਂ ਤੋਂ ਆਪਣੇ ਆਪ ਨੂੰ ਛੁਡਾ ਕੇ ਭੱਜ ਗਿਆ ਅਤੇ ਆਪਣਾ ਮੋਬਾਈਲ ਫ਼ੋਨ ਨੇੜਲੇ ਇੱਕ ਬਾਗ ਵਿੱਚ ਸੁੱਟ ਦਿੱਤਾ। ਹਾਲਾਂਕਿ ਉਸ ਨੂੰ ਥੋੜ੍ਹੀ ਦੇਰ ਬਾਅਦ ਰੋਕ ਲਿਆ ਗਿਆ ਅਤੇ ਉਸ ਦਾ ਫ਼ੋਨ ਕਬਜ਼ੇ ਵਿੱਚ ਲੈ ਲਿਆ ਗਿਆ। ਸਰਕਾਰੀ ਵਕੀਲ ਸਾਰਾਹ ਗਾਬੇ ਨੇ ਅਦਾਲਤ ਨੂੰ ਦੱਸਿਆ ਕਿ ਜਾਂਚਕਰਤਾਵਾਂ ਨੂੰ ਔਰਤਾਂ ਅਤੇ ਬੱਚਿਆਂ ਦੀਆਂ ਹਜ਼ਾਰਾਂ ਤਸਵੀਰਾਂ ਮਿਲੀਆਂ, ਜੋ ਕਥਿਤ ਤੌਰ ’ਤੇ ਉਨ੍ਹਾਂ ਦੀ ਜਾਣਕਾਰੀ ਜਾਂ ਸਹਿਮਤੀ ਤੋਂ ਬਿਨਾਂ ਖਿੱਚੀਆਂ ਗਈਆਂ ਸਨ। ਵਕੀਲ ਨੇ ਕਿਹਾ ਕਿ ਤਸਵੀਰਾਂ ਵਿੱਚ ਲੋਕ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਆਮ ਕੰਮ ਕਰ ਰਹੇ ਸਨ, ਜਿਨ੍ਹਾਂ ਵਿੱਚ ਖੇਡ ਮੈਦਾਨ ਵਿੱਚ ਖੇਡਦੇ ਬੱਚੇ ਵੀ ਸ਼ਾਮਲ ਸਨ। ਪੁਲਸ ਅਨੁਸਾਰ ਦੋਗਾਨ ਨੇ 5,000 ਤੋਂ ਵੱਧ ਤਸਵੀਰਾਂ ਖਿੱਚੀਆਂ ਸਨ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਤਸਵੀਰਾਂ ਉਸ ਦੇ ਆਪਣੇ ਬੈੱਡਰੂਮ ਦੀ ਖਿੜਕੀ ਤੋਂ ਖਿੱਚੀਆਂ ਗਈਆਂ ਸਨ, ਜੋ ਇੱਕ ਖੇਡ ਮੈਦਾਨ ਵੱਲ ਖੁੱਲ੍ਹਦੀ ਸੀ।

ਅਦਾਲਤ ਨੂੰ ਦੱਸਿਆ ਗਿਆ ਕਿ 33 ਬਾਲਗ ਔਰਤਾਂ ਅਤੇ ਦੋ ਬੱਚਿਆਂ (7 ਅਤੇ 13 ਸਾਲ ਦੀ ਉਮਰ) ਦੀਆਂ ਤਸਵੀਰਾਂ ਨੂੰ ਏ-ਆਈ ਸਾਫ਼ਟਵੇਅਰ ਦੀ ਵਰਤੋਂ ਕਰਕੇ ਡਿਜ਼ਿਟਲ ਤੌਰ ’ਤੇ ਬਦਲਿਆ ਗਿਆ ਸੀ। ਦੋਗਾਨ ਨੂੰ 4 ਅਗਸਤ ਨੂੰ ਦੁਬਾਰਾ ਗ੍ਰਿਫ਼ਤਾਰ ਕੀਤਾ ਗਿਆ ਅਤੇ ਅਗਲੇ ਦਿਨ ਉਸ ’ਤੇ ਦੋਸ਼ ਲਗਾ ਕੇ ਹਿਰਾਸਤ ਵਿੱਚ ਭੇਜ ਦਿੱਤਾ ਗਿਆ। 6 ਅਗਸਤ ਨੂੰ ਹਾਈਬਰੀ ਕਾਰਨਰ ਮੈਜਿਸਟ੍ਰੇਟਸ ਕੋਰਟ ਵਿੱਚ ਪੇਸ਼ ਹੋਣ ’ਤੇ ਉਸ ਨੇ ਸਾਰੇ ਦੋਸ਼ ਕਬੂਲ ਕਰ ਲਏ। ਅਦਾਲਤ ਵਿੱਚ ਦੋਗਾਨ ਦੇ ਦੋ ਬੱਚਿਆਂ ਵਾਲੇ ਪੀੜਤਾਂ ਦੀਆਂ ਮਾਵਾਂ ਵੱਲੋਂ ਦਿੱਤੇ ਗਏ ਪ੍ਰਭਾਵ ਬਿਆਨ ਵੀ ਪੜ੍ਹੇ ਗਏ। ਕਾਨੂੰਨੀ ਕਾਰਨਾਂ ਕਰਕੇ ਉਨ੍ਹਾਂ ਬੱਚਿਆਂ ਦੀ ਪਛਾਣ ਜਨਤਕ ਨਹੀਂ ਕੀਤੀ ਜਾ ਸਕਦੀ। 13 ਸਾਲਾ ਬੱਚੀ ਦੀ ਮਾਂ ਨੇ ਕਿਹਾ ਕਿ ਜਦੋਂ ਪੁਲਿਸ ਨੇ ਉਸ ਨੂੰ ਘਟਨਾ ਬਾਰੇ ਦੱਸਿਆ ਤਾਂ ਉਸ ਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ “ਢਿੱਡ ਵਿੱਚ ਮੁੱਕਾ ਵੱਜਿਆ ਹੋਵੇ।” ਉਸ ਨੇ ਆਪਣੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਉਸ ਨੂੰ ਡਰ ਹੈ ਕਿ ਉਸ ਦੀ ਧੀ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਪਹੁੰਚ ਗਈਆਂ ਹੋਣ ਅਤੇ ਹੋਰ ਅਪਰਾਧੀਆਂ ਕੋਲ ਵੀ ਹੋ ਸਕਦੀਆਂ ਹਨ। 7 ਸਾਲਾ ਬੱਚੀ ਦੀ ਮਾਂ ਨੇ ਆਪਣੇ ਆਪ ਨੂੰ “ਬੇਬਸ” ਮਹਿਸੂਸ ਕਰਨ ਦੀ ਗੱਲ ਕਹੀ ਅਤੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਹੁਣ ਕਦੇ ਵੀ ਪਹਿਲਾਂ ਵਰਗੀ ਨਹੀਂ ਰਹੇਗੀ, ਕਿਉਂਕਿ ਇੱਕ ਵਿਅਕਤੀ ਨੇ ਉਸ ਦੀ ਬੱਚੀ ਦਾ ਸ਼ੋਸ਼ਣ ਕੀਤਾ। ਬਚਾਅ ਪੱਖ ਦੇ ਵਕੀਲ ਜੋਸਫ਼ ਕਾਰ ਨੇ ਅਦਾਲਤ ਨੂੰ ਦੱਸਿਆ ਕਿ ਦੋਗਾਨ “ਆਪਣੇ ਕੀਤੇ ਅਪਰਾਧ ਦੀ ਗੰਭੀਰਤਾ ਨੂੰ ਸਮਝਦਾ ਹੈ।”

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News