ਸਾਊਥਾਲ ਦੀ ਮਨੀਂ ਬਸਰਾਨ ਨੇ ਯੂਕੇ ’ਚ ਗੱਡੇ ਝੰਡੇ, ਸਟਾਰਬਕਸ ਦਾ ਦੇਸ਼ ਪੱਧਰੀ ਮੁਕਾਬਲਾ ਜਿੱਤਿਆ

Monday, Sep 21, 2026 - 08:52 PM (IST)

ਸਾਊਥਾਲ ਦੀ ਮਨੀਂ ਬਸਰਾਨ ਨੇ ਯੂਕੇ ’ਚ ਗੱਡੇ ਝੰਡੇ, ਸਟਾਰਬਕਸ ਦਾ ਦੇਸ਼ ਪੱਧਰੀ ਮੁਕਾਬਲਾ ਜਿੱਤਿਆ

ਲੰਡਨ, (ਸਰਬਜੀਤ ਸਿੰਘ ਬਨੂੜ) : ਪੱਛਮੀ ਲੰਡਨ ਦੇ ਸਾਊਥਾਲ ਨਾਲ ਜੁੜੀ ਪੰਜਾਬੀ ਮੂਲ ਦੀ ਕਲਾਕਾਰ ਮਨੀਂ ਬਸਰਾਨ ਨੇ ਆਪਣੀ ਮਹਿੰਦੀ ਕਲਾ ਨਾਲ ਸਟਾਰਬਕਸ ਯੂਕੇ ਦੇ ਦੇਸ਼ ਪੱਧਰੀ ‘ਸਟਾਰਬਕਸ ਇਲਸਟ੍ਰੇਸ਼ਨ ਕਲੱਬ’ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਵੱਡੀ ਪ੍ਰਾਪਤੀ ਕੀਤੀ ਹੈ। 36 ਸਾਲਾ ਮਨੀਂ ਬਸਰਾਨ ਇਸ ਵੇਲੇ ਸਾਊਥਾਲ-ਈਲਿੰਗ ਵਿੱਚ ਰਹਿੰਦੀ ਹੈ ਅਤੇ ਕਿਰਾਏ ਦੀਆਂ ਜਾਇਦਾਦਾਂ ਦੇ ਪ੍ਰਬੰਧਕ ਵਜੋਂ ਕੰਮ ਕਰਨ ਦੇ ਨਾਲ-ਨਾਲ ਲਗਭਗ 20 ਸਾਲਾਂ ਤੋਂ ਮਹਿੰਦੀ ਕਲਾ ਨਾਲ ਜੁੜੀ ਹੋਈ ਹੈ।

ਜ਼ਿਕਰਯੋਗ ਹੈ ਕਿ ਸਟਾਰਬਕਸ ਵੱਲੋਂ ਕਰਵਾਏ ਗਏ ਇਸ ਮੁਕਾਬਲੇ ਵਿੱਚ ਦੇਸ਼ ਭਰ ਤੋਂ ਸੈਂਕੜੇ ਕਲਾਕਾਰਾਂ ਨੇ ਹਿੱਸਾ ਲਿਆ। ਮੁਕਾਬਲੇ ਦਾ ਵਿਸ਼ਾ ‘ਕੌਫੀ ਨੂੰ ਆਪਣੀ ਕਲਾ ਦਾ ਕੈਨਵਸ ਬਣਾਓ’ ਸੀ, ਜਿਸ ਤਹਿਤ ਭਾਗੀਦਾਰਾਂ ਨੂੰ ਸਟਾਰਬਕਸ ਦੇ ਕੱਪ ਉੱਤੇ ਆਪਣੀ ਮੌਲਿਕ ਕਲਾਕਾਰੀ ਤਿਆਰ ਕਰਨੀ ਸੀ। ਮੁਕਾਬਲਾ ਤਕਰੀਬਨ 18 ਦਿਨ ਤੱਕ ਚੱਲਿਆ ਅਤੇ ਨਿਯਮਾਂ ਮੁਤਾਬਕ ਏ.ਆਈ. ਨਾਲ ਬਣਾਏ ਡਿਜ਼ਾਈਨਾਂ ਦੀ ਇਜਾਜ਼ਤ ਨਹੀਂ ਸੀ।ਇਸ ਮੌਕੇ ਮਨੀਂ ਬਸਰਾਨ ਨੇ ਸਟਾਰਬਕਸ ਦੇ ਮਸ਼ਹੂਰ ਗੋਲ ਚਿੰਨ੍ਹ ਤੋਂ ਪ੍ਰੇਰਨਾ ਲੈਂਦਿਆਂ ਮੰਡਲਾ ਸ਼ੈਲੀ ਦਾ ਮਹਿੰਦੀ ਡਿਜ਼ਾਈਨ ਤਿਆਰ ਕੀਤਾ। ਖਾਸ ਗੱਲ ਇਹ ਰਹੀ ਕਿ ਉਸ ਨੇ ਪਹਿਲਾਂ ਕੋਈ ਖਾਕਾ ਜਾਂ ਯੋਜਨਾ ਤਿਆਰ ਨਹੀਂ ਕੀਤੀ, ਸਗੋਂ ਮਹਿੰਦੀ ਦੀ ਕੋਨ ਨਾਲ ਇੱਕੋ ਬੈਠਕ ਵਿੱਚ ਕੱਪ ਉੱਤੇ ਹੱਥੀਂ ਡਿਜ਼ਾਈਨ ਤਿਆਰ ਕਰ ਦਿੱਤਾ। ਮਨੀਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪੱਛਮੀ ਲੰਡਨ ਦੇ ਸਾਊਥਾਲ ਵਿੱਚ ਪਲੀ-ਵਧੀ ਹੈ ਅਤੇ ਮਹਿੰਦੀ ਬਚਪਨ ਤੋਂ ਹੀ ਉਸ ਦੇ ਆਲੇ-ਦੁਆਲੇ ਵਿਆਹਾਂ, ਤਿਉਹਾਰਾਂ ਅਤੇ ਹੋਰ ਖੁਸ਼ੀ ਦੇ ਮੌਕਿਆਂ ਦਾ ਅਹਿਮ ਹਿੱਸਾ ਰਹੀ ਹੈ। ਉਸ ਨੇ ਆਪਣੇ ਇਸ ਕਲਾਤਮਕ ਵਿਚਾਰ ਨੂੰ ‘ਕੋਨ ਤੋਂ ਕੱਪ ਤੱਕ’ ਦਾ ਰੂਪ ਦਿੱਤਾ।

ਜੇਤੂ ਡਿਜ਼ਾਈਨ ਦੀ ਚੋਣ ਕਰਨ ਵਾਲੇ ਨਿਰਣਾਇਕ ਮੰਡਲ ਵਿੱਚ ਬ੍ਰਿਟਿਸ਼-ਨਾਈਜੀਰੀਅਨ ਕਲਾਕਾਰ ਯਿੰਕਾ ਇਲੋਰੀ ਐੱਮ.ਬੀ.ਈ., ਕਲਾਕਾਰ ਰੌਬ ਡਰੇਪਰ, ਸਟਾਰਬਕਸ ਨਾਲ ਜੁੜੇ ਕਲਾਕਾਰ ਐਰਨ ਗੋਂਜ਼ਾਲੇਸ ਅਤੇ ਸਟਾਰਬਕਸ ਯੂਰਪ, ਮੱਧ ਪੂਰਬ ਤੇ ਅਫ਼ਰੀਕਾ ਦੀ ਡਿਜ਼ਾਈਨ ਡਾਇਰੈਕਟਰ ਪਾਓਲਾ ਤਸਾਰਾ ਸ਼ਾਮਲ ਸਨ। ਜੇਤੂ ਬਣਨ ਤੋਂ ਬਾਅਦ ਮਨੀਂ ਬਸਰਾਨ ਦੇ ਡਿਜ਼ਾਈਨ ਨੂੰ ਬ੍ਰਿਟੇਨ ਭਰ ਦੇ ਚੋਣਵੇਂ ਬਿਲਬੋਰਡਾਂ ਅਤੇ ਬਾਹਰੀ ਵਿਗਿਆਪਨ ਸਥਾਨਾਂ ਉੱਤੇ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਦੇ ਨਾਲ ਉਸ ਨੂੰ ਯਿੰਕਾ ਇਲੋਰੀ ਐੱਮ.ਬੀ.ਈ. ਤੋਂ ਨਿੱਜੀ ਤੌਰ ’ਤੇ ਕਲਾ ਸਬੰਧੀ ਮਾਰਗਦਰਸ਼ਨ ਹਾਸਲ ਕਰਨ ਦਾ ਮੌਕਾ ਵੀ ਮਿਲਿਆ ਹੈ। ਮੁਕਾਬਲੇ ਦੇ ਨੌਂ ਹੋਰ ਚੁਣੇ ਗਏ ਡਿਜ਼ਾਈਨ ਵੀ ਦੇਸ਼ ਪੱਧਰੀ ਪ੍ਰਚਾਰ ਮੁਹਿੰਮ ਵਿੱਚ ਸ਼ਾਮਲ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਮਨੀਂ ਬਸਰਾਨ ਦਾ 13 ਸਤੰਬਰ ਨੂੰ ਆਨੰਦ ਕਾਰਜ ਹੋਇਆ ਹੈ। ਸਾਊਥਾਲ ਦੀਆਂ ਮਹਿੰਦੀ ਦੀਆਂ ਰਵਾਇਤਾਂ ਤੋਂ ਸ਼ੁਰੂ ਹੋਇਆ ਮਨੀਂ ਬਸਰਾਨ ਦਾ ਕਲਾਤਮਕ ਸਫ਼ਰ ਹੁਣ ਸਟਾਰਬਕਸ ਦੇ ਕੱਪ ਰਾਹੀਂ ਬ੍ਰਿਟੇਨ ਦੇ ਬਿਲਬੋਰਡਾਂ ਤੱਕ ਪਹੁੰਚ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shubam Kumar

Content Editor

Related News