ਆਸਟ੍ਰੇਲੀਆ, ਕੈਨੇਡਾ ਸਣੇ ਪ੍ਰਵਾਸ ਨੂੰ ਸੀਮਤ ਕਰਨ ਵੱਲ ਵਧੇ ਪ੍ਰਮੁੱਖ ਦੇਸ਼, ਇਮੀਗ੍ਰੇਸ਼ਨ ਨੀਤੀਆਂ ’ਚ ਵੱਡੇ ਬਦਲਾਅ

Monday, Sep 21, 2026 - 10:54 AM (IST)

ਆਸਟ੍ਰੇਲੀਆ, ਕੈਨੇਡਾ ਸਣੇ ਪ੍ਰਵਾਸ ਨੂੰ ਸੀਮਤ ਕਰਨ ਵੱਲ ਵਧੇ ਪ੍ਰਮੁੱਖ ਦੇਸ਼, ਇਮੀਗ੍ਰੇਸ਼ਨ ਨੀਤੀਆਂ ’ਚ ਵੱਡੇ ਬਦਲਾਅ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਦੁਨੀਆ ਦੇ ਕਈ ਪ੍ਰਮੁੱਖ ਦੇਸ਼ਾਂ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਵਿੱਚ ਸਖ਼ਤੀ ਕੀਤੀ ਜਾ ਰਹੀ ਹੈ। ਵਧ ਰਹੇ ਪ੍ਰਵਾਸ, ਰਿਹਾਇਸ਼ ਦੀ ਘਾਟ, ਜਨਤਕ ਸੇਵਾਵਾਂ ’ਤੇ ਪੈ ਰਹੇ ਦਬਾਅ, ਗੈਰ-ਨਿਯਮਿਤ ਇਮੀਗ੍ਰੇਸ਼ਨ ਅਤੇ ਸਰਹੱਦਾਂ ਨਾਲ ਜੁੜੀਆਂ ਚੁਣੌਤੀਆਂ ਦੇ ਮੱਦੇਨਜ਼ਰ ਕਈ ਦੇਸ਼ਾਂ ਦੀਆ ਸਰਕਾਰਾਂ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸਿਹਤ, ਤਕਨਾਲੋਜੀ, ਨਿਰਮਾਣ, ਇੰਜੀਨੀਅਰਿੰਗ, ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਹੁਨਰਮੰਦ ਕਾਮਿਆਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਹੁਨਰ-ਅਧਾਰਿਤ ਪ੍ਰਵਾਸ ਨੂੰ ਤਰਜੀਹ ਦੇਣ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।

ਆਸਟ੍ਰੇਲੀਆ ਨੇ ਵਿਦਿਆਰਥੀਆਂ, ਬੈਕਪੈਕਰਾਂ, ਵੀਜ਼ਾ ਮਿਆਦ ਤੋਂ ਬਾਅਦ ਰਹਿ ਰਹੇ ਲੋਕਾਂ ਅਤੇ ਵੀਜ਼ਾ-ਹਾਪਿੰਗ ’ਤੇ ਨਵੇਂ ਨਿਯਮ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਕੈਨੇਡਾ, ਅਮਰੀਕਾ, ਬ੍ਰਿਟੇਨ ਅਤੇ ਯੂਰਪੀ ਦੇਸ਼ਾਂ ਵੱਲੋਂ ਵੀ ਪ੍ਰਵਾਸ ਨੂੰ ਨਿਯੰਤਰਿਤ ਕਰਨ ਲਈ ਵੱਖ-ਵੱਖ ਕਦਮ ਚੁੱਕੇ ਜਾ ਰਹੇ ਹਨ।

ਆਸਟ੍ਰੇਲੀਆ

ਆਸਟ੍ਰੇਲੀਆ ਸਰਕਾਰ ਨੇ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਨੂੰ 2,92,100 ਤੋਂ ਘਟਾ ਕੇ 2026-27 ਵਿੱਚ 2,45,000 ਅਤੇ ਇਸ ਤੋਂ ਬਾਅਦ ਸਾਲਾਨਾ 2,25,000 ਕਰਨ ਦਾ ਟੀਚਾ ਰੱਖਿਆ ਹੈ। ਕੰਮਕਾਜੀ ਛੁੱਟੀ (ਵਰਕਿੰਗ ਹੋਲੀਡੇ ਮੇਕਰ) ਵਾਲੇ ਵੀਜ਼ਿਆਂ ਤਹਿਤ ਦੂਜੇ ਸਾਲ ਲਈ ਥਾਂ 57,000 ਤੋਂ ਘਟਾ ਕੇ 45,000 ਅਤੇ ਤੀਜੇ ਸਾਲ ਲਈ 31,000 ਤੋਂ ਘਟਾ ਕੇ ਸਿਰਫ਼ 5,000 ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਲਗਭਗ 77,000 ਵੀਜ਼ਾ ਓਵਰਸਟੇਅਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪਰਿਵਾਰਕ ਮੈਂਬਰਾਂ ਨੂੰ ਨਾਲ ਲਿਆਉਣ ’ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ।

ਨਿਊਜ਼ੀਲੈਂਡ

ਨਿਊਜ਼ੀਲੈਂਡ ਵੱਲੋਂ ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਲਈ ਸਕਿਲਡ ਮਾਈਗ੍ਰੇਸ਼ਨ ਤਹਿਤ ਨਵੇਂ ਰਿਹਾਇਸ਼ੀ ਰਸਤੇ ਸ਼ੁਰੂ ਕੀਤੇ ਗਏ ਹਨ। ਟਰੇਡਜ਼, ਟੈਕਨੀਸ਼ੀਅਨ ਅਤੇ ਤਜਰਬੇਕਾਰ ਹੁਨਰਮੰਦ ਕਾਮਿਆਂ ਲਈ ਯੋਗਤਾ ਅਤੇ ਤਜਰਬੇ ਦੇ ਆਧਾਰ ’ਤੇ ਰਿਹਾਇਸ਼ (ਪੀ.ਆਰ) ਦੇ ਰਸਤੇ ਬਣਾਏ ਗਏ ਹਨ। ਇਸ ਤਰ੍ਹਾਂ ਦੇ ਕਦਮਾਂ ਰਾਹੀਂ ਦੇਸ਼ ਦੀ ਲੋੜ ਅਨੁਸਾਰ ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨ ’ਤੇ ਧਿਆਨ ਦਿੱਤਾ ਜਾ ਰਿਹਾ ਹੈ।

ਕੈਨੇਡਾ

ਕੈਨੇਡਾ ਨੇ 2026 ਵਿੱਚ ਅਸਥਾਈ ਨਿਵਾਸੀਆਂ ਲਈ ਟੀਚਾ 3,85,000 ਰੱਖਿਆ ਹੈ, ਜੋ ਪਹਿਲਾਂ ਦੇ 5,16,600 ਦੇ ਟੀਚੇ ਨਾਲੋਂ 25 ਫ਼ੀਸਦੀ ਘੱਟ ਹੈ। 2026 ਵਿੱਚ ਵੱਧ ਤੋਂ ਵੱਧ 4,08,000 ਸਟੱਡੀ ਪਰਮਿਟ ਜਾਰੀ ਕਰਨ ਦੀ ਯੋਜਨਾ ਹੈ, ਜੋ 2025 ਦੇ ਟੀਚੇ ਨਾਲੋਂ 7 ਫ਼ੀਸਦੀ ਅਤੇ 2024 ਨਾਲੋਂ 16 ਫ਼ੀਸਦੀ ਘੱਟ ਹੈ। ਕੈਨੇਡਾ ਦਾ ਟੀਚਾ 2027 ਦੇ ਅੰਤ ਤੱਕ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਕੁੱਲ ਆਬਾਦੀ ਦੇ 5 ਫ਼ੀਸਦੀ ਤੋਂ ਹੇਠਾਂ ਲਿਆਉਣਾ ਹੈ।

ਅਮਰੀਕਾ

ਅਮਰੀਕੀ ਸਰਕਾਰ ਵੱਲੋਂ ਗੈਰ-ਕਾਨੂੰਨੀ ਪ੍ਰਵਾਸ ਖ਼ਿਲਾਫ਼ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਗਈ ਹੈ। ਅਮਰੀਕੀ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਮੁਤਾਬਕ 6,05,000 ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਕੱਢਿਆ ਗਿਆ ਹੈ। ਸਰਕਾਰ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਹੋਰ 19 ਲੱਖ ਲੋਕਾਂ ਨੇ ਖੁਦ ਦੇਸ਼ ਛੱਡਿਆ ਹੈ।

ਬ੍ਰਿਟੇਨ

ਬ੍ਰਿਟੇਨ ਸਰਕਾਰ ਵੱਲੋਂ ਸਥਾਈ ਨਿਵਾਸ ਲਈ ਆਮ ਯੋਗਤਾ ਮਿਆਦ ਨੂੰ 5 ਸਾਲ ਤੋਂ ਵਧਾ ਕੇ 10 ਸਾਲ ਕਰਨ ਦਾ ਪ੍ਰਸਤਾਵ ਰੱਖਿਆ ਜਾ ਰਿਹਾ ਹੈ। ਕੁਝ ਪ੍ਰਵਾਸੀਆਂ ਲਈ ਸਥਾਈ ਨਿਵਾਸ ਦੀ ਉਡੀਕ 20 ਸਾਲ ਤੱਕ ਹੋ ਸਕਦੀ ਹੈ। ਇਹ ਪ੍ਰਸਤਾਵ 2021 ਤੋਂ ਬਾਅਦ ਬ੍ਰਿਟੇਨ ਪਹੁੰਚੇ ਲਗਭਗ 26 ਲੱਖ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-  ਪਾਕਿਸਤਾਨ ਨੇ ਗੁਆਂਢੀ ਮੁਲਕ 'ਤੇ ਕਰ'ਤੀ Airstrike! ਕਈ ਲੋਕ ਜ਼ਖਮੀ

ਯੂਰਪੀ ਯੂਨੀਅਨ

ਯੂਰਪੀ ਯੂਨੀਅਨ ਪੱਧਰ ’ਤੇ ਗੈਰ-ਨਿਯਮਿਤ ਤੌਰ ’ਤੇ ਰਹਿ ਰਹੇ ਤੀਜੇ ਦੇਸ਼ਾਂ ਦੇ ਨਾਗਰਿਕਾਂ ਦੀ ਵਾਪਸੀ ਲਈ ਨਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਇਨ੍ਹਾਂ ਕਾਨੂੰਨੀ ਪ੍ਰਬੰਧਾਂ ਵਿੱਚ ਡਿਟੈਨਸ਼ਨ ਦੀ ਮਿਆਦ ਵਧਾਉਣ, ਡਿਪੋਰਟੇਸ਼ਨ ਦੀ ਪ੍ਰਕਿਰਿਆ ਤੇਜ਼ ਕਰਨ ਅਤੇ ਐਂਟਰੀ ਬੈਨ ਨੂੰ ਸਖ਼ਤ ਕਰਨ ਵਰਗੇ ਕਦਮ ਸ਼ਾਮਲ ਹਨ। ਜਰਮਨੀ, ਡੈਨਮਾਰਕ, ਆਸਟ੍ਰੀਆ, ਗ੍ਰੀਸ ਅਤੇ ਨੀਦਰਲੈਂਡ ‘ਰਿਟਰਨ ਹੱਬ’ ਯੋਜਨਾ ’ਤੇ ਕੰਮ ਕਰ ਰਹੇ ਹਨ।

ਇਮੀਗ੍ਰੇਸ਼ਨ ਨੀਤੀ ਦਾ ਸਿਆਸੀ ਪੱਖ

ਇਨ੍ਹਾਂ ਤਬਦੀਲੀਆਂ ਦਾ ਇੱਕ ਮਹੱਤਵਪੂਰਨ ਪੱਖ ਇਮੀਗ੍ਰੇਸ਼ਨ ਨਾਲ ਜੁੜੀ ਰਾਜਨੀਤੀ ਵੀ ਹੈ। ਕਈ ਦੇਸ਼ਾਂ ਵਿੱਚ ਰੁਜ਼ਗਾਰ, ਰਿਹਾਇਸ਼, ਸਿਹਤ ਅਤੇ ਜਨਤਕ ਸੇਵਾਵਾਂ ’ਤੇ ਪੈ ਰਹੇ ਦਬਾਅ ਨੂੰ ਲੈ ਕੇ ਸਿਆਸੀ ਬਹਿਸ ਤੇਜ਼ ਹੋਈ ਹੈ। ਵਿਰੋਧੀ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਸਰਕਾਰਾਂ ਦੀਆਂ ਇਮੀਗ੍ਰੇਸ਼ਨ ਨੀਤੀਆਂ ’ਤੇ ਸਵਾਲ ਉਠਾਏ ਜਾ ਰਹੇ ਹਨ। ਚੋਣਾਂ ਦੇ ਨੇੜੇ ਆਉਣ ਨਾਲ ਇਮੀਗ੍ਰੇਸ਼ਨ ਦਾ ਮੁੱਦਾ ਕਈ ਦੇਸ਼ਾਂ ਵਿੱਚ ਸਿਆਸੀ ਚਰਚਾ ਦਾ ਕੇਂਦਰ ਬਣਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਇਨ੍ਹਾਂ ਨੀਤੀਆਂ ਪਿੱਛੇ ਸਿਰਫ਼ ਇਮੀਗ੍ਰੇਸ਼ਨ ਨੂੰ ਘਟਾਉਣਾ ਹੀ ਨਹੀਂ, ਸਗੋਂ ਦੇਸ਼ ਦੀ ਅਰਥਵਿਵਸਥਾ ਅਤੇ ਲੇਬਰ ਮਾਰਕੀਟ ਦੀ ਲੋੜ ਅਨੁਸਾਰ ਹੁਨਰਮੰਦ ਕਾਮਿਆਂ ਦੀ ਚੋਣ ਕਰਨਾ ਵੀ ਇੱਕ ਮਹੱਤਵਪੂਰਨ ਪੱਖ ਹੈ।

 ਏ.ਆਈ. ਦੇ ਦੌਰ ਵਿੱਚ ਹੁਨਰਮੰਦ ਕਾਮਿਆਂ ਲਈ ਮੌਕੇ

ਦੁਨੀਆ ਭਰ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ (ਏ.ਆਈ.) ਅਤੇ ਆਟੋਮੇਸ਼ਨ ਕਾਰਨ ਕਈ ਰਵਾਇਤੀ ਨੌਕਰੀਆਂ ਦੇ ਸਰੂਪ ਵਿੱਚ ਬਦਲਾਅ ਆ ਰਿਹਾ ਹੈ। ਸਿਹਤ ਸੰਭਾਲ, ਤਕਨਾਲੋਜੀ, ਆਈ.ਟੀ., ਇੰਜੀਨੀਅਰਿੰਗ, ਨਿਰਮਾਣ (ਉਸਾਰੀ), ਸਿੱਖਿਆ, ਸਾਈਬਰ ਸੁਰੱਖਿਆ ਅਤੇ ਹੁਨਰ-ਅਧਾਰਿਤ ਕਿੱਤਿਆਂ ਵਿੱਚ ਕਈ ਦੇਸ਼ਾਂ ਨੂੰ ਅਜੇ ਵੀ ਤਜਰਬੇਕਾਰ ਕਾਮਿਆਂ ਦੀ ਲੋੜ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News