ਮਿਸਟਰ ਸਿੰਘਜ਼ ਇੰਡੀਆ ਦੇ ਮਾਲਕ ਜੀਤ ਸਿੰਘ ਮਸਤਾਨਾ ਦਾ ''ਲਾਈਫ ਟਾਈਮ ਅਚੀਵਮੈਂਟ ਐਵਾਰਡ'' ਨਾਲ ਸਨਮਾਨ
Friday, Sep 25, 2026 - 08:42 AM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਆ ਕੇ ਸਿਰਫ ਆਪਣੇ ਪਰਿਵਾਰ ਹੀ ਨਹੀਂ ਪਾਲੇ, ਸਗੋਂ ਪੰਜਾਬੀਅਤ ਦਾ ਸ਼ਮਲਾ ਵੀ ਉੱਚਾ ਰੱਖਿਆ ਹੈ। ਜਿਸ ਦੌਰ ਵਿੱਚ ਬਰਤਾਨੀਆ ਵਰਗੇ ਮੁਲਕਾਂ ਵਿੱਚ ਰੰਗ ਭੇਦਭਾਵ ਸਿਖਰਾਂ 'ਤੇ ਸੀ, ਉਸ ਸਮੇਂ ਨਾ ਸਿਰਫ ਹੱਡ ਤੋੜਵੀਂ ਮਿਹਨਤ ਕੀਤੀ, ਇਸਦੇ ਨਾਲ ਨਾਲ ਸਵੈ ਮਾਨ ਵੀ ਕਾਇਮ ਰੱਖਿਆ। ਵੱਡੇ-ਵੱਡੇ ਕਾਰੋਬਾਰ ਸਥਾਪਤ ਕੀਤੇ, ਪਰ ਉਨ੍ਹਾਂ ਕਾਰੋਬਾਰਾਂ ਦੀਆਂ ਨੀਂਹਾਂ ਵਿੱਚ ਲੱਗਿਆ ਸੰਘਰਸ਼, ਅਕਸਰ ਹੀ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ। ਸਕਾਟਲੈਂਡ ਵਾਸੀ ਸਰਦਾਰ ਜੀਤ ਸਿੰਘ ਮਸਤਾਨਾ ਉਹ ਸ਼ਖਸ ਹਨ, ਜਿਨ੍ਹਾਂ ਦਾ ਕਾਰੋਬਾਰ "ਮਿਸਟਰ ਸਿੰਘਜ਼ ਇੰਡੀਆ" ਇੱਕ ਕਾਰੋਬਾਰ ਨਾ ਹੋ ਕੇ ਇਕ ਬ੍ਰਾਂਡ ਬਣ ਗਿਆ ਹੈ। ਪੌਣੀ ਸਦੀ ਤੋਂ ਵੱਧ ਦੇ ਸੰਘਰਸ਼ ਨੂੰ ਸਲਾਮ ਕਹਿਣ ਲਈ ਇੰਡੀਅਨ ਕੌਂਸਲ ਆਫ ਸਕਾਟਲੈਂਡ ਤੇ ਯੂਨਾਈਟਿਡ ਕਿੰਗਡਮ ਦੇ ਚੇਅਰਮੈਨ ਤੇ ਪ੍ਰਧਾਨ ਨੀਲ ਲਾਲ ਦੇ ਉਪਰਾਲੇ ਨਾਲ ਜੀਤ ਸਿੰਘ ਮਸਤਾਨਾ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਬਦਲੇ "ਲਾਈਫ ਟਾਈਮ ਅਚੀਵਮੈਂਟ ਐਵਾਰਡ" ਨਾਲ ਸਨਮਾਨਿਤ ਕੀਤਾ ਗਿਆ।

ਗਲਾਸਗੋ ਸਥਿਤ ਮਿਸਟਰ ਸਿੰਘਜ਼ ਇੰਡੀਆ ਵਿਖੇ ਆਯੋਜਿਤ ਇਸ ਸਨਮਾਨ ਸਮਾਰੋਹ ਦੌਰਾਨ, ਜਿੱਥੇ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ, ਉੱਥੇ ਸਕਾਟਲੈਂਡ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਜਿਕਰਯੋਗ ਹੈ ਕਿ ਜੀਤ ਸਿੰਘ ਮਸਤਾਨਾ ਨੇ ਆਪਣੇ ਕਾਰੋਬਾਰ ਦੇ ਲੋਗੋ ਵਿੱਚ, ਜਿੱਥੇ ਭਾਰਤ ਦੇ ਨਕਸ਼ੇ ਨੂੰ ਰੂਪਮਾਨ ਕਰਨ ਦੀ ਪਹਿਲਕਦਮੀ ਕੀਤੀ ਸੀ, ਉੱਥੇ ਦਸਤਾਰ ਅਤੇ ਸਿੱਖ ਵੇਸ਼ ਭੂਸ਼ਾ ਨੂੰ ਵੀ ਉਸ ਲੋਗੋ ਦਾ ਹਿੱਸਾ ਬਣਾਇਆ ਸੀ। ਸਨਮਾਨ ਸਮਾਰੋਹ ਦੌਰਾਨ ਬੁਲਾਰਿਆ ਨੇ ਉਨ੍ਹਾਂ ਦੇ ਹਿੰਦੁਸਤਾਨ ਪ੍ਰਤੀ ਪ੍ਰੇਮ ਦੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ਦੀ ਸ਼ੁਰੂਆਤ ਸਰਦਾਰ ਜੀਤ ਸਿੰਘ ਮਸਤਾਨਾ ਦੇ ਸਪੁੱਤਰ ਸੱਤੀ ਸਿੰਘ ਵੱਲੋਂ ਹਾਜ਼ਰੀਨ ਨੂੰ ਜੀ ਆਇਆਂ ਕਹਿਣ ਨਾਲ ਹੋਈ। ਮਾਸਟਰ ਆਫ ਸੈਰੇਮਨੀਜ਼ ਮਿਸਟਰ ਅਲਸਡੇਰ ਮੌਰੀਸਨ ਵੱਲੋਂ ਜੀਤ ਸਿੰਘ ਮਸਤਾਨਾ ਦੇ ਜੀਵਨ ਬਾਰੇ ਜਾਣਨਾ ਪਾਉਣ ਵਾਲੀ ਵਿਸਥਾਰਤ ਸਪੀਚ ਨੇ ਸਭ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਜੀਤ ਸਿੰਘ ਮਸਤਾਨਾ ਨੂੰ ਹਮੇਸ਼ਾ ਹੀ ਪਿਆਰ ਨਾਲ "ਪਾਪਾ ਸਿੰਘ" ਆਖ ਕੇ ਬੁਲਾਉਂਦੇ ਹਨ, ਕਿਉਂਕਿ ਵੱਖ ਧਰਮ, ਫਿਰਕੇ ਨਾਲ ਸਬੰਧਿਤ ਹੋਣ ਦੇ ਬਾਵਜੂਦ ਵੀ ਉਹ ਪਿਓ ਵਾਂਗ ਪਿਆਰ ਦਿੰਦੇ ਹਨ।

ਇਸ ਉਪਰੰਤ ਇੰਡੀਅਨ ਕੌਂਸਲ ਆਫ ਸਕਾਟਲੈਂਡ ਵੱਲੋਂ ਨੀਲ ਲਾਲ ਨੇ ਜੀਤ ਸਿੰਘ ਮਸਤਾਨਾ ਦੇ ਪੈਰੀਂ ਹੱਥ ਲਗਾਉਣ ਉਪਰੰਤ ਉਨ੍ਹਾਂ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਬਹੁਤ ਹੀ ਮੋਹ ਨਾਲ ਭੇਂਟ ਕੀਤਾ ਤਾਂ ਮਾਹੌਲ ਬੇਹੱਦ ਭਾਵੁਕ ਹੋ ਗਿਆ। ਇਸ ਤੋਂ ਇਲਾਵਾ ਮੈਂਬਰ ਪਾਰਲਾਮੈਂਟ ਡਾਕਟਰ ਜੁਬੈਰ ਅਹਿਮਦ, ਚਰਨ ਗਿੱਲ, ਸੁਰਜੀਤ ਸਿੰਘ ਚੌਧਰੀ, ਏਆਈਓ ਦੇ ਮੀਤ ਪ੍ਰਧਾਨ ਸੋਹਨ ਸਿੰਘ ਰੰਧਾਵਾ, ਪ੍ਰਦੀਪ ਸਿੰਘ ਲਾਂਡਾ, ਪਦਮ ਸਿੰਘ ਦਾਸ, ਦਿਲਾਵਰ ਸਿੰਘ, ਜੇਮਜ਼ ਮੌਰਟੀਮਰ ਮਿਸਟਰ ਗਲਾਸਗੋ, ਕੋਵਲਆਤਮ ਸਿੰਘ, ਮਾਈਕਲ ਸਿੰਘ ਆਦਿ ਵੱਲੋਂ ਆਪੋ ਆਪਣੇ ਸੰਬੋਧਨ ਰਾਹੀਂ ਜੀਤ ਸਿੰਘ ਮਸਤਾਨਾ ਦੀ ਸਕਾਟਲੈਂਡ ਵਸਦੇ ਭਾਈਚਾਰੇ ਨੂੰ ਦੇਣ ਬਾਰੇ ਚਾਨਣਾ ਪਾਇਆ ਗਿਆ। ਸਮਾਗਮ ਦੌਰਾਨ ਹਰ ਕੋਈ ਮਹਿਸੂਸ ਕਰ ਰਿਹਾ ਸੀ ਕਿ ਜੇਕਰ ਤੁਸੀਂ ਭਾਈਚਾਰੇ ਦੀ ਨਿਸ਼ਕਾਮ ਸੇਵਾ ਕਰਦੇ ਹੋ ਤਾਂ ਤੁਹਾਨੂੰ ਮਾਨ-ਸਨਮਾਨ ਦੇਣ ਵਾਲੇ ਖੁਦ ਹੀ ਲੱਭ ਲੈਂਦੇ ਹਨ। ਸਨਮਾਨ ਉਪਰੰਤ ਸਰਦਾਰ ਜੀਤ ਸਿੰਘ ਮਸਤਾਨਾ ਨੇ ਜਿੱਥੇ ਹਾਜ਼ਰੀਨ ਦਾ ਧੰਨਵਾਦ ਕੀਤਾ, ਉੱਥੇ ਬੇਹੱਦ ਮਾਣ ਨਾਲ ਕਿਹਾ ਕਿ ਉਨ੍ਹਾਂ ਦੇ ਪੁੱਤਰਾਂ ਨੇ ਉਨ੍ਹਾਂ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ ਹੈ ਤਾਂ ਹੀ ਉਹ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਪਾ ਸਕੇ ਹਨ। ਆਪਣੀ ਔਲਾਦ ਪੱਖੋਂ ਸੰਤੁਸ਼ਟੀ ਇਸ ਗੱਲੋਂ ਹੀ ਝਲਕਦੀ ਸੀ ਜਦੋਂ ਉਨ੍ਹਾਂ ਦੁਆ ਮੰਗੀ ਕਿ ਵਾਹਿਗੁਰੂ ਉਨ੍ਹਾਂ ਦੇ ਪੁੱਤਰਾਂ ਵਰਗੇ ਸਲੱਗ ਪੁੱਤ ਹਰ ਕਿਸੇ ਨੂੰ ਦੇਵੇ।
ਸਮਾਗਮ ਦੇ ਅਖੀਰ ਵਿੱਚ ਸੱਤੀ ਸਿੰਘ ਵੱਲੋਂ ਸਭ ਦਾ ਧੰਨਵਾਦ ਕਰਦਿਆਂ ਸਮਾਗਮ ਵਿੱਚ ਪਹੁੰਚਣ, ਉਨ੍ਹਾਂ ਦੇ ਪਿਤਾ ਨੂੰ ਸਨਮਾਨਤ ਕਰਨ ਵਰਗੀ ਦਿਆਨਤਦਾਰੀ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਬਹੁਤ ਔਖੇ ਸਮੇਂ ਵਿੱਚੋਂ ਨਿਕਲ ਕੇ ਵੱਖਰੀ ਪਛਾਣ ਬਣਾਈ ਹੈ। ਉਹ ਭਾਈਚਾਰੇ ਨਾਲ ਵਾਅਦਾ ਕਰਦੇ ਹਨ ਕਿ ਉਹ ਹਰ ਸਾਹ ਪੰਜਾਬ, ਪੰਜਾਬੀ, ਪੰਜਾਬੀਅਤ, ਸਿੱਖੀ ਅਤੇ ਮਾਨਵਤਾ ਦੇ ਭਲੇ ਲਈ ਹਰ ਸੰਭਵ ਯੋਗਦਾਨ ਪਹਿਲਾਂ ਵਾਂਗ ਹੀ ਪਾਉਂਦੇ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
