ਲੰਡਨ ''ਚ £181 ਮਿਲੀਅਨ ਦੇ ਮੋਬਾਈਲ ਤਸਕਰੀ ਗੈਂਗ ਦਾ ਪਰਦਾਫਾਸ਼, ਅਫ਼ਗਾਨ ਸ਼ਰਨਾਰਥੀ ਨਿਕਲਿਆ ਮਾਸਟਰਮਾਈਂਡ
Tuesday, Sep 29, 2026 - 06:24 AM (IST)
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) : ਅਫ਼ਗਾਨਿਸਤਾਨ ਤੋਂ ਆਏ ਇੱਕ ਸ਼ਰਨ ਮੰਗਣ ਵਾਲੇ ਵਿਅਕਤੀ ਨੂੰ £181 ਮਿਲੀਅਨ ਦੀ ਮੋਬਾਈਲ ਫ਼ੋਨ ਤਸਕਰੀ ਕਾਰਵਾਈ ਦਾ ਮੁੱਖ ਸੂਤਰਧਾਰ ਹੋਣ ਦੇ ਮਾਮਲੇ ਵਿੱਚ ਕੈਦ ਦੀ ਸਜ਼ਾ ਸੁਣਾਈ ਗਈ ਹੈ। 35 ਸਾਲਾ ਅਮੀਰ ਖ਼ਾਦਿਖੇਲ ਨੇ 33 ਸਾਲਾ ਇਸਮਤ ਮਿਆਖੇਲ ਅਤੇ 30 ਸਾਲਾ ਭਾਰਤੀ ਮਨਸੂਰ ਮੁਹੰਮਦ ਦੇ ਨਾਲ ਮਿਲ ਕੇ ਬਰਤਾਨੀਆ ਭਰ ਵਿੱਚ ਮੋਬਾਈਲ ਫ਼ੋਨ ਖੋਹਣ ਵਾਲੇ ਚੋਰਾਂ ਤੋਂ ਚੋਰੀ ਕੀਤੇ ਗਏ ਹਜ਼ਾਰਾਂ ਫ਼ੋਨ ਪ੍ਰਾਪਤ ਕਰਨ ਦੀ ਗੱਲ ਕਬੂਲ ਕੀਤੀ। ਅਦਾਲਤ ਨੂੰ ਦੱਸਿਆ ਗਿਆ ਕਿ ਮੁਲਜ਼ਮਾਂ ਖ਼ਿਲਾਫ਼ ਜਾਂਚ ਤੋਂ ਬਾਅਦ ਸਾਡੇ ਪੰਜ ਮਿਲੀਅਨ ਪੌਂਡ ਦੀ ਕੀਮਤ ਵਾਲੇ 5,000 ਤੋਂ ਵੱਧ ਮੋਬਾਈਲ ਫ਼ੋਨ ਜ਼ਬਤ ਕੀਤੇ ਗਏ।
ਸਾਊਥਵਰਕ ਕ੍ਰਾਊਨ ਕੋਰਟ ਵਿੱਚ ਜੱਜ ਐਡਮ ਹਿਡਲਸਟਨ ਨੇ ਵਾਨਸਟੇਡ ਦੇ ਈਸਟਵੇਅ ਰਹਿਣ ਵਾਲੇ ਖ਼ਾਦਿਖੇਲ ਨੂੰ 9 ਸਾਲ 6 ਮਹੀਨੇ ਦੀ ਕੈਦ, ਵਾਲਥਮਸਟੋ ਦੇ ਦਿ ਡਰਾਈਵ ਦੇ ਰਹਿਣ ਵਾਲੇ ਮਿਆਖੇਲ ਨੂੰ 9 ਸਾਲ ਦੀ ਕੈਦ ਅਤੇ ਵੁੱਡ ਗ੍ਰੀਨ ਦੇ ਹਾਈ ਰੋਡ ਰਹਿਣ ਵਾਲੇ ਮੁਹੰਮਦ ਨੂੰ 6 ਸਾਲ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ। ਜਾਂਚਕਰਤਾਵਾਂ ਨੇ ਪਾਇਆ ਕਿ ਸੜਕਾਂ ’ਤੇ ਮੋਬਾਈਲ ਫ਼ੋਨ ਖੋਹਣ ਵਾਲੇ ਚੋਰਾਂ ਨੂੰ ਹਰੇਕ ਫ਼ੋਨ ਲਈ 300 ਪੌਂਡ ਤੱਕ ਦਿੱਤੇ ਜਾਂਦੇ ਸਨ। ਕੁਝ ਫ਼ੋਨ ਬਾਅਦ ਵਿੱਚ ਚੀਨ ਵਿੱਚ 5,000 ਅਮਰੀਕੀ ਡਾਲਰ ਤੱਕ ਵਿੱਚ ਵੇਚੇ ਜਾਂਦੇ ਸਨ। ਪੁਲਸ ਦੀ ਜਾਂਚ ਦਸੰਬਰ 2024 ਵਿੱਚ ਸ਼ੁਰੂ ਹੋਈ, ਜਦੋਂ ਹਾਂਗਕਾਂਗ ਭੇਜੇ ਜਾ ਰਹੇ ਡੱਬਿਆਂ ਵਿੱਚ 865 ਸਮਾਰਟਫ਼ੋਨ ਮਿਲੇ। ਇਹ ਫ਼ੋਨ ਕਿਚਨ ਫ਼ੋਇਲ ਵਿੱਚ ਲਪੇਟੇ ਹੋਏ ਸਨ, ਜੋ ਮੋਬਾਈਲ ਅਤੇ ਵਾਈ-ਫਾਈ ਸਿਗਨਲਾਂ ਨੂੰ ਰੋਕ ਸਕਦੀ ਹੈ। ਇਹ ਡੱਬੇ ਹੀਥਰੋ ਏਅਰਪੋਰਟ ਨੇੜੇ ਇੱਕ ਵੇਅਰਹਾਊਸ ਵਿੱਚ ਮਿਲੇ ਸਨ। ਇੱਕ ਵਿਅਕਤੀ ਦਾ ਫ਼ੋਨ ਚੋਰੀ ਹੋ ਗਿਆ ਸੀ, ਨੇ "ਡੀ ਐੱਚ ਐੱਲ" ਨਾਲ ਸੰਪਰਕ ਕੀਤਾ ਸੀ ਕਿਉਂਕਿ ਉਸ ਨੇ ਆਪਣੇ ਚੋਰੀ ਹੋਏ ਫ਼ੋਨ ਦੀ ਲੋਕੇਸ਼ਨ "ਡੀ ਐੱਚ ਐੱਲ" ਦੀ ਹੀਥਰੋ ਸਾਈਟ ਤੱਕ ਟ੍ਰੈਕ ਕੀਤੀ ਸੀ।
ਇਹ ਵੀ ਪੜ੍ਹੋ : ਪਲਕ ਝਪਕਦਿਆਂ ਨਦੀ 'ਚ ਸਮਾਇਆ ਪੂਰਾ ਪਹਾੜ ! ਨੇਪਾਲ ’ਚ 24 ਲੋਕਾਂ ਦੀ ਗਈ ਜਾਨ
ਪੁਲਸ ਅਧਿਕਾਰੀਆਂ ਨੇ ਡੱਬਿਆਂ ਦੀ ਤਲਾਸ਼ੀ ਲਈ ਅਤੇ ਪਤਾ ਲੱਗਾ ਕਿ ਲਗਭਗ ਸਾਰੇ ਫ਼ੋਨ ਚੋਰੀ ਕੀਤੇ ਹੋਏ ਸਨ। ਇਸ ਤੋਂ ਬਾਅਦ ‘ਆਪਰੇਸ਼ਨ ਐਕੋਸਟੀਪ’ ਸ਼ੁਰੂ ਕੀਤਾ ਗਿਆ। ਜਾਂਚ ਵਿੱਚ ਚੋਰੀਸ਼ੁਦਾ ਫ਼ੋਨਾਂ ਦੀ ਇੱਕ ਪੂਰੀ ਸਪਲਾਈ ਚੇਨ ਸਾਹਮਣੇ ਆਈ, ਜਿਸ ਵਿੱਚ ਸੜਕਾਂ ’ਤੇ ਫ਼ੋਨ ਚੋਰੀ ਕਰਨ ਵਾਲੇ, ਵਿਚੋਲਿਆਂ ਅਤੇ ਚੋਰੀ ਕੀਤੇ ਫ਼ੋਨਾਂ ਨੂੰ ਬਰਤਾਨੀਆ ਤੋਂ ਬਾਹਰ ਭੇਜਣ ਵਾਲੇ ਲੋਕ ਸ਼ਾਮਲ ਸਨ। ਦੁਕਾਨ ਦੇ ਬੇਸਮੈਂਟ ਵਿੱਚ ਮਿਲੇ ਫ਼ੋਨ ਅਤੇ ਨਕਦੀ ਸਤੰਬਰ 2025 ਵਿੱਚ ਪੁਲਿਸ ਨੇ ਪੂਰਬੀ ਲੰਡਨ ਦੀ ਲੀ ਬ੍ਰਿਜ ਰੋਡ ਸਥਿਤ ਰੋਸ਼ਨ ਡਰਾਈ ਫਰੂਟਸ ਐਂਡ ਨਟਸ ਨਾਮਕ ਦੁਕਾਨ ਦੀ ਤਲਾਸ਼ੀ ਲਈ। ਸਰਕਾਰੀ ਵਕੀਲਾਂ ਨੇ ਦੱਸਿਆ ਕਿ ਇਹ ਦੁਕਾਨ ਇੱਕ ਸਟੋਰੇਜ ਸਥਾਨ ਸੀ, ਜਿਸ ਦਾ ਸਬੰਧ ਖ਼ਾਦਿਖੇਲ ਅਤੇ ਮਿਆਖੇਲ ਨਾਲ ਜੋੜਿਆ ਜਾ ਸਕਦਾ ਸੀ। ਦੁਕਾਨ ਵਿੱਚ ਇੱਕ ਖੁੱਲ੍ਹਾ ‘ਟ੍ਰੈਪ ਡੋਰ’ ਸੀ, ਜੋ ਬੇਸਮੈਂਟ ਵੱਲ ਜਾਂਦਾ ਸੀ। ਉੱਥੇ ਪੁਲਸ ਨੂੰ ਕਿਚਨ ਫ਼ੋਇਲ ਵਿੱਚ ਲਪੇਟੇ ਹੋਏ ਸਮਾਰਟਫ਼ੋਨ ਅਤੇ 44,665 ਪੌਂਡ ਨਕਦ ਮਿਲੇ। ਸਤੰਬਰ 2025 ਵਿੱਚ ਗ੍ਰਿਫ਼ਤਾਰੀ ਸਮੇਂ ਖ਼ਾਦਿਖੇਲ ਅਤੇ ਮਿਆਖੇਲ ਦੋਵਾਂ ਨੇ ਅਜਿਹੇ ਹਾਰ ਪਹਿਨੇ ਹੋਏ ਸਨ ਜਿਨ੍ਹਾਂ ਨਾਲ ਸਿਮ ਕਾਰਡ ਕੱਢਣ ਵਾਲੇ ਉਪਕਰਣ ਲੱਗੇ ਹੋਏ ਸਨ। ਮਿਆਖੇਲ ਦੇ ਫ਼ੋਨ ਵਿੱਚ ਦਸੰਬਰ 2024 ਤੋਂ ਮਈ 2025 ਤੱਕ ਦੇ ਅਜਿਹੇ ਸੁਨੇਹੇ ਮਿਲੇ, ਜਿਨ੍ਹਾਂ ਵਿੱਚ ਚੋਰੀ ਦੇ ਫ਼ੋਨ ਮੁਹੱਈਆ ਕਰਵਾਉਣ ਵਾਲੇ ਲੋਕਾਂ ਨੂੰ ਕੁੱਲ 243,050 ਪੌਂਡ ਦੀਆਂ ਅਦਾਇਗੀਆਂ ਦਾ ਜ਼ਿਕਰ ਸੀ।
ਭਾਰਤੀ ਨੌਜਵਾਨ ਮਨਸੂਰ ਮੁਹੰਮਦ ਦੀ ਭੂਮਿਕਾ
ਅਦਾਲਤ ਨੂੰ ਦੱਸਿਆ ਗਿਆ ਕਿ ਮਨਸੂਰ ਮੁਹੰਮਦ ਇਸ ਗਿਰੋਹ ਦੇ ਵਿਚਕਾਰਲੇ ਪੱਧਰ ’ਤੇ ਕੰਮ ਕਰਦਾ ਸੀ। ਉਹ ਚੋਰਾਂ ਤੋਂ ਫ਼ੋਨ ਇਕੱਠੇ ਕਰਕੇ ਉਨ੍ਹਾਂ ਨੂੰ ਖ਼ਾਦਿਖੇਲ ਅਤੇ ਮਿਆਖੇਲ ਤੱਕ ਪਹੁੰਚਾਉਂਦਾ ਅਤੇ ਇਸ ਵਿੱਚੋਂ ਆਪਣਾ ਮੁਨਾਫ਼ਾ ਕਮਾਉਂਦਾ ਸੀ। ਮੁਹੰਮਦ 2019 ਵਿੱਚ ਵੀਜ਼ੇ ’ਤੇ ਭਾਰਤ ਤੋਂ ਬਰਤਾਨੀਆ ਆਇਆ ਸੀ। ਉਸ ਨੂੰ ਸਤੰਬਰ 2025 ਵਿੱਚ ਇੱਕ ਕਾਰ ਚਲਾਉਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ। ਗੱਡੀ ਦੇ ਗਲਵ ਬਾਕਸ ਵਿੱਚ ਛੇ ਫੈਰਾਡੇਅ ਬੈਗ ਮਿਲੇ ਸਨ, ਜੋ ਇਲੈਕਟ੍ਰੋਮੈਗਨੈਟਿਕ ਅਤੇ ਰੇਡੀਓ ਫ੍ਰੀਕਵੈਂਸੀ ਸਿਗਨਲਾਂ ਨੂੰ ਰੋਕਦੇ ਹਨ। ਇਸ ਤੋਂ ਇਲਾਵਾ ਕਿਚਨ ਫ਼ੋਇਲ ਦੇ ਸੱਤ ਰੋਲ ਅਤੇ ਮੋਬਾਈਲ ਫ਼ੋਨ ਵੀ ਮਿਲੇ।
ਇਹ ਵੀ ਪੜ੍ਹੋ : ਹੁਣ ਸੋਸ਼ਲ ਮੀਡੀਆ ਅਕਾਊਂਟ ਨਹੀਂ ਬਣਾ ਸਕਦੇ ਨਾਬਾਲਗ ! ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿੱਤੇ ਇਹ ਹੁਕਮ
ਅਦਾਲਤ ਨੂੰ ਦੱਸਿਆ ਗਿਆ ਕਿ ਮੁਹੰਮਦ ਪਹਿਲਾਂ ਇੱਕ ਟੈਲੀਫ਼ੋਨ ਮੁਰੰਮਤ ਦੀ ਦੁਕਾਨ ’ਤੇ ਕੰਮ ਕਰਦਾ ਸੀ, ਜਿੱਥੇ ਉਸ ਦਾ ਅਜਿਹੇ ਲੋਕਾਂ ਨਾਲ ਸੰਪਰਕ ਹੋਇਆ ਜੋ ਸਪੱਸ਼ਟ ਤੌਰ ’ਤੇ ਚੋਰੀ ਕੀਤੇ ਹੋਏ ਫ਼ੋਨ ਵੇਚਣਾ ਚਾਹੁੰਦੇ ਸਨ। ਸਰਕਾਰੀ ਵਕੀਲ ਕੈਰਨ ਰੌਬਿਨਸਨ ਨੇ ਕਿਹਾ ਕਿ ਇਹ ਤਿੰਨੇ ਇੱਕ “ਸੁਚੱਜੇ ਅਤੇ ਸੰਗਠਿਤ ਅਪਰਾਧਿਕ ਨੈੱਟਵਰਕ” ਦਾ ਹਿੱਸਾ ਸਨ, ਜਿਸ ਨੇ ਬ੍ਰਿਟੇਨ ਤੋਂ ਹਜ਼ਾਰਾਂ ਕੀਮਤੀ ਚੋਰੀ ਕੀਤੇ ਮੋਬਾਈਲ ਫ਼ੋਨ ਜ਼ਿਆਦਾਤਰ ਆਈਫੋਨ ਵਿਦੇਸ਼ ਭੇਜਣ ਵਿੱਚ ਮਦਦ ਕੀਤੀ। ਉਨ੍ਹਾਂ ਕਿਹਾ ਕਿ ਲੰਡਨ ਵਿੱਚ ਮੋਬਾਈਲ ਫ਼ੋਨ ਚੋਰੀ ਸਮਾਜ ਲਈ ਬਹੁਤ ਗੰਭੀਰ ਸਮੱਸਿਆ ਹੈ।
ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ ਦੀ ਸਾਇਰਾ ਪਾਈਕ ਨੇ ਕਿਹਾ ਕਿ ਖ਼ਾਦਿਖੇਲ, ਮਿਆਖੇਲ ਅਤੇ ਮੁਹੰਮਦ ਲੰਡਨ ਭਰ ਵਿੱਚ ਲੋਕਾਂ ਤੋਂ ਚੋਰੀ ਕੀਤੇ ਮੋਬਾਈਲ ਫ਼ੋਨਾਂ ਤੋਂ ਮੁਨਾਫ਼ਾ ਕਮਾਉਣ ਵਾਲੀ ਸੰਗਠਿਤ ਅਪਰਾਧਿਕ ਕਾਰਵਾਈ ਦੇ ਕੇਂਦਰ ਵਿੱਚ ਸਨ। ਉਨ੍ਹਾਂ ਅੱਗੇ ਕਿਹਾ ਕਿ ਪੁਲਸ ਨਾਲ ਮਿਲ ਕੇ ਮਜ਼ਬੂਤ ਕੇਸ ਤਿਆਰ ਕੀਤਾ ਗਿਆ ਅਤੇ ਸਬੂਤਾਂ ਦੀ ਮਜ਼ਬੂਤੀ ਕਾਰਨ ਤਿੰਨਾਂ ਮੁਲਜ਼ਮਾਂ ਨੇ ਮੁਕੱਦਮੇ ਤੋਂ ਥੋੜ੍ਹਾ ਪਹਿਲਾਂ ਆਪਣੇ ਦੋਸ਼ ਕਬੂਲ ਕਰ ਲਏ।
ਖ਼ਾਦਿਖੇਲ ਨੂੰ ਇਸ ਤੋਂ ਪਹਿਲਾਂ ਮਾਰਚ 2022 ਵਿੱਚ ਵੀ ਚੋਰੀ ਦਾ ਸਮਾਨ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਸਮੇਂ ਪੁਲਸ ਨੇ ਉਸ ਨੂੰ 14 ਫ਼ੋਨਾਂ ਸਮੇਤ ਕਾਬੂ ਕੀਤਾ ਸੀ, ਜਦੋਂ ਉਹ ਉਨ੍ਹਾਂ ਨੂੰ ਰਸੋਈ ਵਿੱਚ ਵਰਤੀ ਜਾਣ ਵਾਲੀ ਫ਼ੋਇਲ ਵਿੱਚ ਲਪੇਟ ਰਿਹਾ ਸੀ। ਖ਼ਾਦਿਖੇਲ ਵੱਲੋਂ ਪੱਖ ਰੱਖਦਿਆਂ ਵਕੀਲ ਬ੍ਰਾਇਨ ਕੈਨੇਡੀ ਨੇ ਕਿਹਾ ਕਿ ਉਹ 2019 ਵਿੱਚ ਅਫ਼ਗਾਨਿਸਤਾਨ ਛੱਡ ਕੇ ਸ਼ਰਣ ਮੰਗਣ ਵਾਲੇ ਵਜੋਂ ਬ੍ਰਿਟੇਨ ਆਇਆ ਸੀ ਅਤੇ ਆਪਣੀ ਪਤਨੀ ਤੇ ਦੋ ਬੱਚਿਆਂ ਨੂੰ ਪਿੱਛੇ ਛੱਡ ਆਇਆ ਸੀ। ਵਕੀਲ ਨੇ ਕਿਹਾ ਕਿ ਖ਼ਾਦਿਖੇਲ ਮੰਨਦਾ ਹੈ ਕਿ ਉਸ ਨੂੰ ਪਤਾ ਸੀ ਕਿ ਵੱਡੀ ਗਿਣਤੀ ਵਿੱਚ ਫ਼ੋਨ ਇਕੱਠੇ ਕਰਕੇ ਵਿਦੇਸ਼ ਭੇਜੇ ਜਾ ਰਹੇ ਸਨ, ਪਰ ਉਹ ਇਸ ਕਾਰਵਾਈ ਦੇ ਪੂਰੇ ਪੈਮਾਨੇ ਤੋਂ ਅਣਜਾਣ ਸੀ। ਵਕੀਲ ਨੇ ਇਹ ਵੀ ਕਿਹਾ ਕਿ ਉਹ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
