ਪਾਕਿ ''ਚ 27 ਸਤੰਬਰ ਨੂੰ ਵੱਡੇ ਮਾਰਚ ਦੀ ਤਿਆਰੀ, ਇਮਰਾਨ ਖ਼ਾਨ ਦੇ ਪੁੱਤਰ ਨੇ ਦੁਨੀਆ ਨੂੰ ਕੀਤੀ ਖ਼ਾਸ ਅਪੀਲ
Thursday, Sep 24, 2026 - 01:56 PM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (PTI) ਵੱਲੋਂ 27 ਸਤੰਬਰ ਨੂੰ ਰਾਜਧਾਨੀ ਇਸਲਾਮਾਬਾਦ ਵੱਲ ਕੀਤੇ ਜਾਣ ਵਾਲੇ ਵਿਸ਼ਾਲ ਪ੍ਰਦਰਸ਼ਨ ਮਾਰਚ ਤੋਂ ਪਹਿਲਾਂ ਦੇਸ਼ ਵਿੱਚ ਸਿਆਸੀ ਤਣਾਅ ਚਰਮ ਸੀਮਾ 'ਤੇ ਪਹੁੰਚ ਗਿਆ ਹੈ। ਇਸ ਦਰਮਿਆਨ ਇਮਰਾਨ ਖ਼ਾਨ ਦੇ ਲੰਡਨ ਰਹਿੰਦੇ 29 ਸਾਲਾ ਵੱਡੇ ਪੁੱਤਰ ਸੁਲੇਮਾਨ ਖ਼ਾਨ ਨੇ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਨੂੰ ਪਾਕਿਸਤਾਨ ਦੇ "ਜ਼ਾਲਮ ਸ਼ਾਸਕਾਂ" ਵਿਰੁੱਧ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ। ਸੁਲੇਮਾਨ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਹਿਰਾਸਤ ਨੂੰ ਸ਼ਰਮਨਾਕ ਦੱਸਦਿਆਂ ਪਾਕਿਸਤਾਨੀ ਹਕੂਮਤ ਨੂੰ ਫ਼ਾਸ਼ੀਵਾਦੀ ਰੇਜੀਮ ਕਰਾਰ ਦਿੱਤਾ ਹੈ।
ਐਤਵਾਰ ਨੂੰ ਹੋਣ ਵਾਲੇ ਮਾਰਚ ਤੋਂ ਪਹਿਲਾਂ ਪਾਕਿਸਤਾਨੀ ਅਧਿਕਾਰੀਆਂ ਨੇ ਇਮਰਾਨ ਖ਼ਾਨ ਦੀਆਂ ਤਿੰਨ ਭੈਣਾਂ- ਅਲੀਮਾ ਖ਼ਾਨ, ਉਜ਼ਮਾ ਖ਼ਾਨ ਅਤੇ ਨੋਰੀਨ ਨਿਆਜ਼ੀ ਨੂੰ 'ਪੰਜਾਬ ਮੇਨਟੇਨੈਂਸ ਆਫ਼ ਪਬਲਿਕ ਆਰਡਰ' (MPO) ਕਾਨੂੰਨ ਤਹਿਤ ਹਿਰਾਸਤ ਵਿੱਚ ਲੈ ਲਿਆ ਹੈ। ਸੁਲੇਮਾਨ ਖ਼ਾਨ ਨੇ ਦੋਸ਼ ਲਗਾਇਆ ਕਿ ਅੱਧੀ ਰਾਤ ਨੂੰ ਪਰਿਵਾਰਕ ਮੈਂਬਰਾਂ, ਔਰਤਾਂ ਅਤੇ ਬੱਚਿਆਂ ਨੂੰ ਬਿਨਾਂ ਕਿਸੇ ਕਾਰਨ ਚੁੱਕਣਾ ਫ਼ਾਸ਼ੀਵਾਦੀ ਰਵੱਈਏ ਦਾ ਸਬੂਤ ਹੈ ਅਤੇ ਇਹ ਸਭ 27 ਸਤੰਬਰ ਦੇ ਮਾਰਚ ਤੋਂ ਪਹਿਲਾਂ ਪਰਿਵਾਰ ਨੂੰ ਡਰਾਉਣ ਲਈ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਇਮਰਾਨ ਖ਼ਾਨ ਦੇ ਛੋਟੇ ਪੁੱਤਰ ਕਾਸਿਮ ਖ਼ਾਨ ਨੇ ਸੋਸ਼ਲ ਮੀਡੀਆ ਮੰਚ 'X' 'ਤੇ ਲਿਖਿਆ ਕਿ ਪਰਿਵਾਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ, ਪਰ 25 ਕਰੋੜ ਪਾਕਿਸਤਾਨੀ ਜਨਤਾ ਅਤੇ ਇੱਕ ਪੂਰੀ ਪੀੜ੍ਹੀ ਦੇ ਇਰਾਦਿਆਂ ਨੂੰ ਜੇਲ੍ਹ ਵਿੱਚ ਨਹੀਂ ਡੱਕਿਆ ਜਾ ਸਕਦਾ।
ਸ਼ਹਿਰ ਨੂੰ ਸੀਲ ਕਰਨ ਲਈ ਅਧਿਕਾਰੀਆਂ ਵੱਲੋਂ ਰਾਜਧਾਨੀ ਦੇ ਰਸਤਿਆਂ 'ਤੇ 2,000 ਤੋਂ ਵੱਧ ਸ਼ਿਪਿੰਗ ਕੰਟੇਨਰ ਲਗਾਏ ਜਾ ਰਹੇ ਹਨ। ਇਸਲਾਮਾਬਾਦ ਵਿੱਚ 22,000 ਤੋਂ ਵੱਧ, ਅਟਕ ਜ਼ਿਲ੍ਹੇ ਵਿੱਚ 30,000 ਅਤੇ ਰਾਵਲਪਿੰਡੀ ਵਿੱਚ 9,000 ਵਾਧੂ ਸੁਰੱਖਿਆ ਕਰਮਚਾਰੀ ਤੈਨਾਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਇਸਲਾਮਾਬਾਦ ਦੇ ਹਸਪਤਾਲਾਂ ਨੂੰ ਐਮਰਜੈਂਸੀ ਮੋਡ 'ਚ ਰੱਖਦਿਆਂ ਵੱਡੇ ਪੱਧਰ 'ਤੇ ਜਾਨੀ ਨੁਕਸਾਨ ਨਾਲ ਨਜਿੱਠਣ ਦੀਆਂ ਤਿਆਰੀਆਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪਾਕਿਸਤਾਨ ਦੇ ਗ੍ਰਹਿ ਮੰਤਰੀ ਮੁਹਸਿਨ ਨਕਵੀ ਨੇ ਪੀ.ਟੀ.ਆਈ. ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਸਰਕਾਰ ਸ਼ਹਿਰ ਨੂੰ ਕਈ ਦਿਨਾਂ ਲਈ ਬੰਦ ਕਰ ਦੇਵੇਗੀ ਅਤੇ ਪ੍ਰਦਰਸ਼ਨਕਾਰੀਆਂ ਨੂੰ ਇਸਲਾਮਾਬਾਦ ਤੱਕ ਨਹੀਂ ਪਹੁੰਚਣ ਦਿੱਤਾ ਜਾਵੇਗਾ।
Disgusting.
— Kasim Khan (@Kasim_Khan_1999) September 21, 2026
A peaceful protest is set to take place on the 27th. Yet the military plan to use it to make an example of anyone questioning their rule. They are planning a bloodbath.
I commend the brave souls who stand up for their country against this tyrannical regime.… https://t.co/az9wWnG6AW
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਨੇ 10 ਟਿਕਾਣਿਆਂ 'ਤੇ ਕਰ'ਤੀ Airstrike ! ਹਿਲ ਗਿਆ ਅਫਗਾਨਿਸਤਾਨ
'ਮਾਰਚ 100 ਫ਼ੀਸਦੀ ਹੋਵੇਗਾ': ਪੀ.ਟੀ.ਆਈ. ਆਗੂ ਜ਼ੁਲਫ਼ਿਕਾਰ ਬੁਖ਼ਾਰੀ
ਪੀ.ਟੀ.ਆਈ. ਦੇ ਸੀਨੀਅਰ ਆਗੂ ਜ਼ੁਲਫ਼ਿਕਾਰ ਅਲੀ ਬੁਖ਼ਾਰੀ ਨੇ ਸਪੱਸ਼ਟ ਕੀਤਾ ਹੈ ਕਿ ਦੇਸ਼ ਵਿਆਪੀ ਮਾਰਚ 100 ਫ਼ੀਸਦੀ ਹੋਵੇਗਾ ਅਤੇ ਇਹ ਪ੍ਰਦਰਸ਼ਨ ਇੱਕ ਦਿਨ ਦੀ ਬਜਾਏ ਕਈ ਦਿਨਾਂ ਤੱਕ ਵਧਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਮਾਰਚ ਇਮਰਾਨ ਖ਼ਾਨ ਦੀ ਰਿਹਾਈ ਅਤੇ ਦੇਸ਼ ਵਿੱਚ ਲੋਕਤੰਤਰ ਦੀ ਬਹਾਲੀ ਲਈ ਹੈ। ਜ਼ਿਕਰਯੋਗ ਹੈ ਕਿ 73 ਸਾਲਾ ਇਮਰਾਨ ਖ਼ਾਨ ਅਗਸਤ 2023 ਤੋਂ ਜੇਲ੍ਹ ਵਿੱਚ ਬੰਦ ਹਨ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਸਜ਼ਾ ਕੱਟ ਰਹੇ ਹਨ। ਉਨ੍ਹਾਂ ਦੇ ਪੁੱਤਰਾਂ ਨੇ ਖ਼ਦਸ਼ਾ ਜਤਾਇਆ ਹੈ ਕਿ ਜੇਲ੍ਹ ਦੀਆਂ ਖ਼ਰਾਬ ਸਥਿਤੀਆਂ ਕਾਰਨ ਉਨ੍ਹਾਂ ਦੇ ਪਿਤਾ ਨੂੰ ਹੌਲੀ-ਹੌਲੀ ਮਾਰਿਆ ਜਾ ਰਿਹਾ ਹੈ।ਮਨੁੱਖੀ ਅਧਿਕਾਰ ਸੰਸਥਾ 'ਐਮਨੈਸਟੀ ਇੰਟਰਨੈਸ਼ਨਲ' ਨੇ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਕੀਤੀਆਂ ਜਾ ਰਹੀਆਂ ਗ੍ਰਿਫ਼ਤਾਰੀਆਂ ਦੀ ਤਿੱਖੀ ਨਿੰਦਾ ਕਰਦਿਆਂ ਇਮਰਾਨ ਖ਼ਾਨ ਦੇ ਪਰਿਵਾਰਕ ਮੈਂਬਰਾਂ ਅਤੇ ਪੀ.ਟੀ.ਆਈ. ਵਰਕਰਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ। ਐਮਨੈਸਟੀ ਨੇ ਕਿਹਾ ਕਿ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਨੂੰ ਹਿੰਸਕ ਮੰਨ ਕੇ ਲੋਕਾਂ ਨੂੰ ਗ੍ਰਿਫ਼ਤਾਰ ਕਰਨਾ ਗ਼ੈਰ-ਕਾਨੂੰਨੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
