ਮੈਲਬੌਰਨ ਸੜਕ ''ਤੇ ''ਟਾਈਗਰ ਸੱਪ'' ਦੇਖਦੇ ਹੀ ਮਚੀ ਹਫੜਾ-ਦਫੜੀ
Friday, Feb 23, 2018 - 11:16 AM (IST)

ਮੈਲਬੌਰਨ (ਬਿਊਰੋ)— ਅਕਸਰ ਲੋਕ ਸੱਪ ਦਾ ਨਾਂ ਸੁਣਦੇ ਹੀ ਡਰ ਜਾਂਦੇ ਹਨ। ਜੇ ਸੱਪ ਕਿਤੇ ਉਨ੍ਹਾਂ ਦੇ ਸਾਹਮਣੇ ਆ ਜਾਵੇ ਤਾਂ ਉਨ੍ਹਾਂ ਨੂੰ ਹੱਥਾਂ-ਪੈਰਾਂ ਦੀ ਪੈ ਜਾਂਦੀ ਹੈ। ਅਜਿਹਾ ਹੀ ਕੁਝ ਮੈਲਬੌਰਨ ਵਿਚ ਹੋਇਆ। ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿਚ ਇਕ ਸੱਪ ਨੇ ਸ਼ਹਿਰ ਦੀ ਸਭ ਤੋਂ ਬਿਜ਼ੀ ਸੜਕ 'ਤੇ ਆਵਾਜਾਈ ਕਈ ਘੰਟਿਆਂ ਤੱਕ ਰੋਕ ਦਿੱਤੀ। ਮੈਲਬੌਰਨ ਦੀ ਸਪੈਂਸਰ ਐਂਡ ਕੌਲੀਨਸ ਸਟ੍ਰੀਟ 'ਤੇ ਇਕ ਟਾਈਗਰ ਸੱਪ ਦੇ ਆਉਣ ਨਾਲ ਹਫੜਾ-ਦਫੜੀ ਮਚ ਗਈ। ਇਹ ਸੱਪਾਂ ਦੀ ਸਭ ਤੋਂ ਖਤਰਨਾਕ ਪ੍ਰਜਾਤੀ ਹੈ। ਜੇ ਇਹ ਟਾਈਗਰ ਸੱਪ ਕਿਸੇ ਵਿਅਕਤੀ ਨੂੰ ਡੱਸ ਲੈਂਦਾ ਹੈ ਤਾਂ ਉਸ ਦੀ ਤੁਰੰਤ ਮੌਤ ਹੋ ਜਾਂਦੀ ਹੈ। ਆਸਟ੍ਰੇਲੀਆ ਵਿਚ ਸੱਪ ਦੇ ਕੱਟਣ ਨਾਲ ਹੋਣ ਵਾਲੀਆਂ ਮੌਤਾਂ ਵਿਚ 17 ਫੀਸਦੀ ਮੌਤਾਂ ਟਾਈਗਰ ਸੱਪ ਦੇ ਡੱਸਣ ਨਾਲ ਹੁੰਦੀਆਂ ਹਨ। ਸੜਕ ਕਿਨਾਰੇ ਗਟਰ ਨੇੜੇ ਇਸ ਟਾਈਗਰ ਸੱਪ ਨੂੰ ਦੇਖ ਕੇ ਸਾਰੇ ਲੋਕ ਸਹਿਮ ਗਏ ਸਨ। ਪੁਲਸ ਨੇ ਮਾਮਲਾ ਆਪਣੇ ਹੱਥਾਂ ਵਿਚ ਲੈਂਦੇ ਹੋਏ ਸੜਕ 'ਤੇ ਆਵਾਜਾਈ ਬੰਦ ਕਰਵਾ ਦਿੱਤੀ ਅਤੇ ਸੱਪ ਨੂੰ ਫੜਨ ਦੀ ਕੋਸ਼ਿਸ਼ ਵਿਚ ਜੁੱਟ ਗਏ।
Please avoid the corner of Collins & Spencer streets. We’re currently trying to remove a snake who seems to be a little lost. pic.twitter.com/ujN3IU52uw
— City of Melbourne (@cityofmelbourne) February 22, 2018
ਪੁਲਸ ਨੇ ਟਵਿੱਟਰ ਜ਼ਰੀਏ ਲੋਕਾਂ ਨੂੰ ਇਸ ਸੜਕ ਵੱਲ ਆਉਣ ਤੋਂ ਮਨਾ ਕੀਤਾ। ਸਿਟੀ ਆਫ ਮੈਲਬੌਰਨ ਨੇ ਟਵੀਟ ਕੀਤਾ,''ਕੌਲੀਨਸ ਐਂਡ ਸਪੈਂਸਰ ਸਟ੍ਰੀਟ ਦੀ ਵਰਤੋਂ ਕਰਨ ਤੋਂ ਬਚੋ। ਇੱਥੇ ਇਕ ਸੱਪ ਨੂੰ ਫੜਨ ਦੀ ਪ੍ਰਕਿਰਿਆ ਜਾਰੀ ਹੈ।'' ਇਸ ਕੰਮ ਲਈ ਇਕ ਸੱਪ ਫੜਨ ਵਾਲੇ ਨੂੰ ਬੁਲਾਇਆ ਗਿਆ।
ਕਾਫੀ ਜੱਦੋ-ਜਹਿਦ ਮਗਰੋਂ ਬੈਰੀ ਗੋਲਡ ਸਮਿਥ ਨੇ ਸੱਪ ਨੂੰ ਫੜ ਲਿਆ। ਗੋਲਡ ਸਮਿਥ ਮੁਤਾਬਕ ਸੱਪ ਨੂੰ ਕਿਸੇ ਕਾਰ ਨੇ ਟੱਕਰ ਮਾਰੀ ਸੀ ਅਤੇ ਉਹ ਜ਼ਖਮੀ ਹਾਲਤ ਵਿਚ ਉੱਥੇ ਪਿਆ ਸੀ।