ਬੀਮੇ ਦੇ ਪੈਸਿਆਂ ਲਈ ਪਿਤਾ ਨੇ ਕੀਤਾ 2 ਪੁੱਤਰਾਂ ਦਾ ਕਤਲ, ਮਿਲੀ 212 ਸਾਲ ਦੀ ਸਜ਼ਾ
Sunday, Mar 14, 2021 - 09:55 AM (IST)
ਲਾਸ ਏਂਜਲਸ : ਪੈਸਿਆਂ ਦਾ ਲਾਲਚ ਇਨਸਾਨ ਨੂੰ ਇੰਨਾ ਅੰਨਾ ਕਰ ਸਕਦਾ ਹੈ ਕਿ ਉਹ ਆਪਣੇ ਖ਼ੁਦ ਦੇ ਬੱਚਿਆਂ ਨੂੰ ਵੀ ਮੌਤ ਦੇ ਘਾਟ ਉਤਾਰ ਸਕਦਾ ਹੈ। ਅਜਿਹਾ ਹੀ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਲਾਸ ਏਂਜਲਸ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਸ਼ਖ਼ਸ ਨੇ ਆਪਣੇ ਹੀ 2 ਬੱਚਿਆਂ ਨੂੰ ਝੀਲ ਵਿਚ ਡੁਬੋ ਕੇ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਕਿ ਬੀਮੇ ਦੇ ਪੈਸੇ ਮਿਲ ਸਕਣ। ਇੰਨਾ ਹੀ ਨਹੀਂ ਉਸ ਨੇ ਆਪਣੀ ਪਤਨੀ ਦਾ ਵੀ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਸ਼ਖ਼ਸ ਦੀ ਪਛਾਣ ਅਲੀ ਐਲਮੇਜ਼ਾਇਨ ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਇਟਲੀ 'ਚ ਮੁੜ ਹੋਈ ਤਾਲਾਬੰਦੀ, ਰਾਜਧਾਨੀ ਰੋਮ ਨੂੰ ਐਲਾਨਿਆ ਰੈੱਡ ਜ਼ੋਨ
ਬੱਚਿਆਂ ਦੇ ਕਤਲ ਦੇ ਕਰੀਬ 5 ਸਾਲ ਬਾਅਦ ਹੁਣ ਅਲੀ ਐਲਮੇਜ਼ਾਇਨ ਨੂੰ ਸਜ਼ਾ ਦਿੱਤੀ ਗਈ ਹੈ। ਇਸ ਮਾਮਲੇ ’ਤੇ ਸੁਣਵਾਈ ਕਰਦੇ ਹੋਏ ਅਮਰੀਕਾ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਉਸ ਨੂੰ 212 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। 45 ਸਾਲ ਦੇ ਅਲੀ ਐਲਮੇਜ਼ਾਇਨ ਨੇ ਸਾਲ 2015 ਵਿਚ ਬੀਮੇ ਦੇ ਪੈਸੇ ਲੈਣ ਲਈ ਆਪਣੇ ਬੱਚਿਆਂ ਅਤੇ ਪਤਨੀ ਦਾ ਕਤਲ ਕਰਨ ਦੀ ਯੋਜਨਾ ਬਣਾਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਸ ਨੇ ਜੁਲਾਈ 2012 ਤੋਂ ਮਾਰਚ 2013 ਦਰਮਿਆਨ 8 ਬੀਮਾ ਕੰਪਨੀਆਂ ਤੋਂ ਆਪਣੇ ਅਤੇ ਆਪਣੇ ਪਰਿਵਾਰ ਲਈ 3 ਮਿਲੀਅਨ ਡਾਲਰ (ਲਗਭਗ 21 ਕਰੋੜ ਰੁਪਏ) ਤੋਂ ਵੱਧ ਦੀ ਜੀਵਨ ਅਤੇ ਹਾਦਸੇ ਨਾਲ ਮੌਤ ਸਬੰਧੀ ਬੀਮਾ ਪਾਲਿਸੀਆਂ ਖ਼ਰੀਦੀਆਂ ਸਨ। ਇਸ ਦੌਰਾਨ ਉਸ ਨੇ ਲਗਾਤਾਰ ਬੀਮਾ ਕੰਪਨੀਆਂ ਤੋਂ ਜਾਣਕਾਰੀ ਮੰਗੀ ਕਿ, ਕੀ ਉਸ ਨੂੰ ਆਪਣੀ ਪਤਨੀ ਅਤੇ ਬੱਚਿਆਂ ਦੀ ਹਾਦਸੇ ਕਾਰਨ ਹੋਈ ਮੌਤ ਤੋਂ ਬਾਅਦ ਇਹ ਪੈਸਾ ਮਿਲੇਗਾ। ਬੀਮਾ ਪਾਲਿਸੀ ਖ਼ਤਮ ਹੋਣ ਤੋਂ 12 ਦਿਨ ਪਹਿਲਾਂ ਐਲਮੇਜ਼ਾਇਨ ਨੇ ਆਪਣੇ ਬੱਚਿਆਂ ਨੂੰ ਝੀਲ ਵਿਚ ਡੁਬੋ ਕੇ ਮਾਰ ਦਿੱਤਾ। ਇਸ ਤੋਂ ਇਲਾਵਾ ਉਸ ਨੇ ਆਪਣੀ ਪਹਿਲੀ ਪਤਨੀ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਕਿਸਮਤ ਚੰਗੀ ਸੀ ਕਿ ਉਹ ਬੱਚ ਗਈ।
ਰਿਪੋਰਟ ਮੁਤਾਬਕ ਅਲੀ ਨੇ ਪਤਨੀ ਅਤੇ ਬੱਚਿਆਂ ਨੂੰ ਕਾਰ ਵਿਚ ਬਿਠਾਇਆ ਅਤੇ ਕਾਰ ਨੂੰ ਪਾਣੀ ਵਿਚ ਲੈ ਗਿਆ। ਉਹ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਗਿਆ ਪਰ 8 ਸਾਲ ਅਤੇ 13 ਸਾਲ ਦੇ ਬੱਚੇ ਅਤੇ ਪਤਨੀ ਕਾਰ ਵਿਚ ਹੀ ਫਸੇ ਰਹੇ। ਇਸ ਦੌਰਾਨ ਕੁੱਝ ਮਛੇਰਿਆਂ ਨੇ ਪਾਣੀ ਵਿਚ ਛਾਲ ਮਾਰ ਕੇ ਪਤਨੀ ਨੂੰ ਤਾਂ ਬਚਾਅ ਲਿਆ ਪਰ ਬੱਚਿਆਂ ਦੀ ਮੌਤ ਹੋ ਗਈ। ਅਲੀ ਦਾ ਤੀਜਾ ਬੱਚਾ ਵੀ ਸੀ ਪਰ ਉਹ ਉਸ ਸਮੇਂ ਕਾਰ ਵਿਚ ਮੌਜੂਦ ਨਹੀਂ ਸੀ। ਅਮਰੀਕਾ ਦੇ ਜ਼ਿਲ੍ਹਾ ਜੱਜ ਜੋਹਨ ਅਤੇ ਵਾਲਟਰ ਨੇ ਐਲਮੇਜ਼ਾਇਨ ਨੂੰ ਬੇਰਹਿਮ ਅਤੇ ਲਾਲਚੀ ਦੱਸਦੇ ਹੋਏ 212 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਸ਼ਰਮ ਦੀ ਗੱਲ ਇਹ ਹੈ ਕਿ ਅਲੀ ਨੂੰ ਆਪਣੇ ਬੱਚਿਆਂ ਦੇ ਮਰਨ ਦਾ ਦੁੱਖ ਨਹੀਂ ਹੈ, ਉਸ ਨੂੰ ਸਿਰਫ਼ ਅਫ਼ਸੋਸ ਇਹ ਹੈ ਕਿ ਉਹ ਫੜਿਆ ਗਿਆ।
ਇਹ ਵੀ ਪੜ੍ਹੋ: ਟਰੰਪ ਸ਼ਾਸਨ ਦੌਰਾਨ ਐਚ-1ਬੀ ਵੀਜ਼ਾ ਨੂੰ ਲੈ ਕੇ ਦਰਜ ਇਤਰਾਜ਼ਾਂ ’ਤੇ ਬਾਈਡੇਨ ਪ੍ਰਸ਼ਾਸਨ ਮੁੜ ਕਰੇਗਾ ਵਿਚਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।