ਸਕਾਟਲੈਂਡ ਦੀਆਂ ਲੋਕ ਪੱਖੀ ਸੰਸਥਾਵਾਂ ਵਲੋਂ ਕਿਸਾਨ ਸੰਘਰਸ਼ ਦੀ ਹਮਾਇਤ ’ਚ ਇਕੱਤਰਤਾ

Tuesday, Dec 01, 2020 - 08:29 AM (IST)

ਗਲਾਸਗੋ, (ਮਨਦੀਪ ਖੁਰਮੀ)- ਭਾਰਤ ਵਿਚ ਚੱਲ ਰਹੇ ਕਿਸਾਨ ਸੰਘਰਸ਼ ਦੇ ਹੱਕ ’ਚ ਅਤੇ ਭਾਰਤ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਖਿਲਾਫ਼ ਆਵਾਜ਼ ਬੁਲੰਦ ਕਰਦਿਆਂ ਸਕਾਟਲੈਂਡ ਦੀਆਂ ਲੋਕ ਪੱਖੀ ਜੱਥੇਬੰਦੀਆਂ ਤੇ ਸੰਸਥਾਵਾਂ ਵਲੋਂ ਗਲਾਸਗੋ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਕੋਵਿਡ-19 ਸਬੰਧੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਏ ਇਸ ਪ੍ਰਦਰਸ਼ਨ ਦੌਰਾਨ ਗੁਰਦੁਆਰਾ ਕੌਂਸਲ ਸਕਾਟਲੈਂਡ, ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਗਲਾਸਗੋ, ਸਿੰਘ ਸਭਾ ਸੈਂਟਰਲ ਗੁਰਦੁਆਰਾ ਗਲਾਸਗੋ, ਗੁਰੂ ਨਾਨਕ ਸਿੱਖ ਟੈਂਪਲ ਗਲਾਸਗੋ, ਪੰਜਾਬੀ ਸਾਹਿਤ ਸਭਾ, ਸ੍ਰੀ ਗੁਰੂ ਰਵਿਦਾਸ ਭਾਈਚਾਰਾ, ਇੰਡੀਅਨ ਵਰਕਰਜ਼ ਐਸੋਸੀਏਸ਼ਨ, ਡਾ. ਅੰਬੇਡਕਰ ਮਿਸ਼ਨ ਸੁਸਾਇਟੀ, ਸਿੱਖ ਕੌਂਸਲ ਆਫ ਸਕਾਟਲੈਂਡ, ਸਕਾਟਿਸ਼ ਇੰਡੀਅਨ ਫਾਰ ਜਸਟਿਸ, ਇੰਡੀਅਨ ਸਟੂਡੈਂਟਸ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ।

ਸੰਬੋਧਨ ਦੌਰਾਨ ਲਭਾਇਆ ਸਿੰਘ ਮਹਿਮੀ, ਦਲਜੀਤ ਸਿੰਘ ਦਿਲਬਰ, ਗੁਰਦੀਪ ਸਿੰਘ ਸਮਰਾ, ਭੁਪਿੰਦਰ ਸਿੰਘ ਬਰਮੀਂ, ਪਰਮਜੀਤ ਸਿੰਘ ਬਾਸੀ, ਨਿਰੰਜਨ ਸਿੰਘ ਬਿਨਿੰਗ, ਸੁਰਜੀਤ ਸਿੰਘ ਚੌਧਰੀ, ਜਸਪਾਲ ਸਿੰਘ ਖਹਿਰਾ, ਡਾ. ਜਸਮੀਤ ਬਿੰਦਰਾ ਆਦਿ ਨੇ ਕਿਹਾ ਕਿ ਭਾਰਤ ਸਰਕਾਰ ਆਪਣੇ ਜ਼ਿੱਦੀ ਰਵੱਈਏ ਕਰ ਕੇ ਸੰਘਰਸ਼ਸ਼ੀਲ ਲੋਕਾਂ ਨਾਲ ਦੋ ਨੰਬਰ ਦੇ ਸਹਿਰੀਆਂ ਵਾਲਾ ਸਲੂਕ ਕਰਦੀ ਆ ਰਹੀ ਹੈ। ਬੁਲਾਰਿਆਂ ਨੇ ਕਿਸਾਨ ਸੰਘਰਸ਼ ’ਚ ਸ਼ਾਮਿਲ ਹਰ ਮਜ਼ਦੂਰ ਕਿਸਾਨ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਏਕਤਾ ਦਾ ਇਤਿਹਾਸ ਜ਼ਰੂਰ ਬਣੇਗਾ। ਇਸੇ ਤਰ੍ਹਾਂ ਹੀ ਏਕਤਾ ’ਤੇ ਜ਼ਾਬਤਾ ਬਰਕਰਾਰ ਰਿਹਾ ਤਾਂ ਜਿੱਤ ਯਕੀਨਨ ਹੋਵੇਗੀ। ਆਗੂਆਂ ਨੇ ਕਿਹਾ ਕਿ ਉਹ ਇਕ ਵਫਦ ਦੇ ਤੌਰ 'ਤੇ ਇੰਡੀਅਨ ਕੌਂਸਲੇਟ ਜਨਰਲ ਐਡਿਨਬਰਾ ਵਿਖੇ ਪਹੁੰਚ ਕੇ ਮੰਗ ਪੱਤਰ ਵੀ ਭੇਟ ਕਰਨ ਜਾ ਰਹੇ ਹਨ।

 


Lalita Mam

Content Editor

Related News