ਆਸਟ੍ਰੇਲੀਆ ਭਰ ''ਚ ਪੰਜਾਬੀਆਂ ਵੱਲੋ ਕਿਸਾਨੀ ਸੰਘਰਸ਼ ਦਾ ਸਮਰਥਨ

Wednesday, Dec 02, 2020 - 12:12 PM (IST)

ਆਸਟ੍ਰੇਲੀਆ ਭਰ ''ਚ ਪੰਜਾਬੀਆਂ ਵੱਲੋ ਕਿਸਾਨੀ ਸੰਘਰਸ਼ ਦਾ ਸਮਰਥਨ

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)- ਭਾਰਤ ਵਿਚ ਕਿਸਾਨਾਂ ਦੇ ਲਗਾਤਾਰ ਚੱਲ ਰਹੇ ਸੰਘਰਸ਼ ਦੇ ਸਮਰਥਨ ‘ਚ ਆਸਟ੍ਰੇਲੀਆ ਭਰ 'ਚ ਵੱਖ-ਵੱਖ ਇਲਾਕਿਆਂ 'ਚ ਪੰਜਾਬੀ ਅਤੇ ਹਰਿਆਣਵੀ ਭਾਈਚਾਰਿਆਂ ਵੱਲੋਂ ਵੱਡੀ ਗਿਣਤੀ ‘ਚ ਭਾਰਤੀ ਹਕੂਮਤ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਰੋਸ ਮੁਜ਼ਾਹਰੇ ਲਗਾਤਾਰ ਜਾਰੀ ਹਨ। 

ਬ੍ਰਿਸਬੇਨ ਦੇ ਜਿਲਮੇਅਰ ਵਿਖੇ ਹਰਜਾਪ ਸਿੰਘ ਭੰਗੂ ਨੇ ਤਕਰੀਰ 'ਚ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਹੀ ਕੇਂਦਰ ਵੱਲੋਂ ਪੰਜਾਬੀਅਤ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਇਹ ਲੋਕਤੰਤਰ ਦਾ ਘਾਣ ਤੇ ਨਿੰਦਣਯੋਗ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਬਾਬਤ ਸਾਡੇ ਪੁਰਖਿਆਂ ਦੀਆਂ ਮਿਹਨਤਾਂ ਨਾਲ ਕਮਾਈਆਂ ਜ਼ਮੀਨਾਂ ‘ਤੇ ਕਬਜ਼ਾ ਜਮਾਉਣਾ ਚਾਹੁੰਦੀ ਹੈ।

ਗਾਇਕ ਮਲਕੀਤ ਧਾਲੀਵਾਲ ਨੇ ਕਿਹਾ ਕਿ ਮੁਲਕ ਦੀ ਕਿਸਾਨੀ ਅਤੇ ਅਰਥਚਾਰੇ ਨੂੰ ਬੁਚਾਉਣ ਲਈ ਹੁਣ ਸਿਆਸੀ ਜਮਾਤਾਂ ਨੂੰ ਵੀ ਕਿਸਾਨ ਜਥੇਬੰਦੀਆਂ ਨਾਲ ਇਕਜੁੱਟ ਹੋ ਕੇ ਕੇਂਦਰ ਸਰਕਾਰ ‘ਤੇ ਦਬਾਅ ਪਾਉਣਾ ਸਮੇਂ ਦੀ ਮੰਗ ਹੈ। ਉਨ੍ਹਾਂ ਇਸ ਸ਼ਾਂਤਮਈ ਕਿਸਾਨੀ ਸੰਘਰਸ਼ ‘ਤੇ ਪ੍ਰਸ਼ਾਸਨ ਵੱਲੋਂ ਹੋ ਰਹੇ ਤਸ਼ੱਦਦ ਅਤੇ ਬੇਸਿੱਟਾ ਮੀਟਿੰਗਾਂ ਨੂੰ ਮੰਦਭਾਗਾ ਕਿਹਾ ਅਤੇ ਸੰਘਰਸ਼ ਨੂੰ ਲਗਾਤਾਰ ਜਾਰੀ ਰੱਖਣ ਲਈ ਕਿਹਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜਸਵਿੰਦਰ ਕਾਹਲੋਂ, ਜਸਪਾਲ ਬੈਂਸ, ਚਰਨਜੀਤ ਸਿੰਘ, ਗਾਇਕ ਮਲਕੀਤ ਧਾਲੀਵਾਲ, ਕਮਲ ਬੈਂਸ, ਸਿਮਰਨ ਬਰਾੜ, ਹਰਪ੍ਰੀਤ ਧਾਨੀ, ਧਰਿੰਦਰ ਸੋਨੀ, ਲਖਵੀਰ ਬੱਲ ਹਰਜੀਤ ਕੰਗ, ਸਿਮਰਨ ਬਿੱਲਾ, ਗੁਰਬਾਜ਼ ਸੰਧੂ, ਜਸਕਰਨ ਸਿੰਘ, ਕੁਲਦੀਪ ਬਿੱਲਾ, ਕੁਲਜੀਤ ਵਿਰਕ, ਅਵਤਾਰ ਸੰਘੇੜਾ, ਜਗਜੋਧ ਸਿੰਘ, ਬਲਜੀਤ ਸਿੰਘ, ਨਾਇਬ ਸਿੰਘ, ਆਦੇਸ਼ ਸਿੰਘ, ਲਖਵਿੰਦਰ, ਹਰਮਨ ਕੰਗ ਆਦਿ ਹਾਜ਼ਰ ਸਨ। 


author

Lalita Mam

Content Editor

Related News