ਆਸਟ੍ਰੇਲੀਆ : ਨਕਲੀ ਡਾਕਟਰ ਨੇ ਝੂਠ ਬੋਲ ਕੇ ਠੱਗੇ ਲੋਕ, ਖੁੱਲ੍ਹੀ ਪੋਲ
Monday, Jul 01, 2019 - 01:17 PM (IST)
ਵਿਕਟੋਰੀਆ— ਆਸਟ੍ਰੇਲੀਆ 'ਚ ਇਕ ਫਰਜ਼ੀ ਡਾਕਟਰ ਦੀ ਪੋਲ ਖੁੱਲ੍ਹੀ ਹੈ। ਅਸਲ 'ਚ ਇਹ ਡਾਕਟਰ ਹੋਮੋਪੈਥਿਕ ਸੀ ਪਰ ਲੋਕਾਂ ਨੂੰ ਦੱਸਦਾ ਸੀ ਕਿ ਉਹ ਫਰਟੀਲਿਟੀ ਸਪੈਸ਼ਲਿਸਟ ਹੈ। ਲਗਭਗ ਇਕ ਦਹਾਕੇ ਤੋਂ ਰਾਫਾਲੇ ਡੀ ਪਾਓਲੋ ਨਾਂ ਦਾ ਵਿਅਕਤ ਲੋਕਾਂ ਨੂੰ ਇਹ ਦੱਸਦਾ ਸੀ ਕਿ ਉਹ ਔਰਤਾਂ ਦੀਆਂ ਸਮੱਸਿਆਵਾਂ ਦਾ ਮਾਹਿਰ ਹੈ। ਇਸ ਝੂਠ ਰਾਹੀਂ ਉਸ ਨੇ ਕੁਈਨਜ਼ਲੈਂਡ ਅਤੇ ਵਿਕਟੋਰੀਆ ਦੀਆਂ ਔਰਤਾਂ ਤੋਂ ਕਾਫੀ ਪੈਸੇ ਲੁੱਟੇ। ਉਹ ਮਾਹਿਰ ਨਹੀਂ ਸੀ ਪਰ ਖਤਰਨਾਕ ਇਲਾਜ ਰਾਹੀਂ ਕਈਆਂ ਦੀਆਂ ਜਾਨਾਂ ਨਾਲ ਖੇਡ ਰਿਹਾ ਸੀ।
ਅਧਿਕਾਰੀਆਂ ਨੇ ਉਸ ਨੂੰ 28,000 ਡਾਲਰ ਦਾ ਜੁਰਮਾਨਾ ਲਗਾਇਆ ਸੀ ਪਰ ਆਸਟ੍ਰੇਲੀਅਨ ਹੈਲਥ ਪ੍ਰੈਕਟੀਸ਼ਨਰ ਰੈਗੂਲੇਸ਼ਨ ਅਥਾਰਟੀ ਵਲੋਂ ਇਕ ਰਜਿਸਟਰਡ ਪ੍ਰੈਕਟੀਸ਼ਨਰ ਬਣਨ ਦਾ ਨਾਟਕ ਕਰਨ ਵਾਲੇ ਡਾਕਟਰ ਨੂੰ ਸਖਤ ਸਜ਼ਾ ਦਿਵਾਉਣ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ ਤਾਂ ਕਿ ਕੋਈ ਹੋਰ ਅਜਿਹਾ ਨਾ ਕਰ ਸਕੇ। ਇਸ ਦੇ ਨਾਲ ਹੀ ਉਸ 'ਤੇ ਲੱਗਾ ਜੁਰਮਾਨਾ ਵੀ ਦੁੱਗਣਾ ਕਰਨ ਲਈ ਅਪੀਲ ਕੀਤੀ ਜਾਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕ ਵਿਅਕਤੀ ਵਲੋਂ ਕੀਤੇ ਗਏ ਇਸ ਤਰ੍ਹਾਂ ਦੇ ਧੋਖੇ ਦਾ ਜੁਰਮਾਨਾ 30,000 ਤੋਂ 60,000 ਹੁੰਦਾ ਹੈ ਅਤੇ ਜੇਕਰ ਕੋਈ ਅਧਾਰਾ ਵੀ ਉਸ ਨਾਲ ਜੁੜਿਆ ਹੋਵੇ ਤਾਂ ਇਹ ਜੁਰਮਾਨਾ 60,000 ਤੋਂ 1,20,000 ਤਕ ਹੁੰਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਦੰਦਾਂ, ਹੱਡੀਆਂ ਦੇ ਰੋਗਾਂ ਮਾਹਿਰ ਅਤੇ ਸਾਈਕੋਲੋਜਿਸਟ ਹੋਣ ਦੇ ਝੂਠੇ ਦਾਅਵੇ ਕਰਕੇ ਲੋਕਾਂ ਨੂੰ ਲੁੱਟਦੇ ਹਨ ਅਤੇ ਇਨ੍ਹਾਂ ਨੂੰ ਸਖਤ ਸਜ਼ਾ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਝੂਠੇ ਡਾਕਟਰਾਂ ਦੇ ਸਿਕੰਜੇ 'ਚ ਫਸ ਜਾਂਦੇ ਹਨ ਅਤੇ ਸਮਾਂ, ਸਿਹਤ ਤੇ ਪੈਸੇ ਦੀ ਬਰਬਾਦੀ ਕਰ ਬੈਠਦੇ ਹਨ।
