ਫੇਸਬੁੱਕ ਸੰਬੰਧੀ ਸ਼ਿਕਾਇਤਾਂ ਤੋਂ ਤੰਗ ਆ ਕੇ ਪੁਲਸ ਨੇ ਕਿਹਾ— ''ਪਲੀਜ਼ ਸਾਨੂੰ ਫੋਨ ਨਾ ਕਰੋ''

10/16/2017 5:32:15 PM

ਵਾਸ਼ਿੰਗਟਨ(ਬਿਊਰੋ)— ਕੀ ਕਦੇ ਤੁਹਾਡੇ ਨਾਲ ਅਜਿਹਾ ਹੋਇਆ ਹੈ ਕਿ ਫੇਸਬੁੱਕ ਉੱਤੇ ਸਰਫਿੰਗ ਕਰਦੇ ਹੋਏ ਅਚਾਨਕ ਸਕਰੀਨ ਉੱਤੇ ਮੈਸਜ ਆਏ ਕਿ 'ਸੌਰੀ ਕੁੱਝ ਸਮੇਂ ਲਈ ਸਾਈਟ ਕੰਮ ਨਹੀਂ ਕਰੇਗੀ? ਅਜਿਹਾ ਹੋਣ ਉੱਤੇ ਤੁਹਾਨੂੰ ਬਹੁਤ ਗੁੱਸਾ ਆਇਆ ਹੋਵੇਗਾ? ਪਰ ਕੀ ਕਦੇ ਤੁਸੀਂ ਇਸ ਗੱਲ ਤੋਂ ਪ੍ਰੇਸ਼ਾਨ ਹੋ ਕੇ ਪੁਲਸ ਵਿਚ ਸ਼ਿਕਾਇਤ ਕੀਤੀ ਹੈ?
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਮਰੀਕਾ ਵਿਚ ਲੋਕ ਅਜਿਹਾ ਕਰਦੇ ਹਨ। ਹਾਲ ਹੀ ਵਿਚ ਅਮਰੀਕਾ ਦੀ ਬੋਥੇਲ (Bothell) ਪੁਲਸ ਨੇ ਇਕ ਟਵੀਟ ਕੀਤਾ। ਟਵੀਟ ਵਿਚ ਪੁਲਸ ਡਿਪਾਰਟਮੈਂਟ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਲਈ ਤੁਹਾਡੀ ਮਦਦ ਕਰ ਸਕਦੇ ਹਾਂ ਪਰ ਫੇਸਬੁੱਕ ਨਾਲ ਜੁੜੀ ਪ੍ਰੇਸ਼ਾਨੀ ਨੂੰ ਹੱਲ ਨਹੀਂ ਕਰ ਸਕਦੇ, ਇਸ ਲਈ ਪਲੀਜ਼ ਸਾਨੂੰ 911 ਐਮਰਜੈਂਸੀ 'ਤੇ ਫੋਨ ਨਾ ਕਰੋ।
ਦਰਅਸਲ ਬੋਥੇਲ ਸ਼ਹਿਰ ਦੀ ਪੁਲਸ ਇਸ ਗੱਲ ਤੋਂ ਪ੍ਰੇਸ਼ਾਨ ਹੈ ਕਿ ਫੇਸਬੁੱਕ ਖ਼ਰਾਬ ਹੋਣ ਨਾਲ ਜੁੜੀ ਸਮੱਸਿਆ ਵੀ ਲੋਕਾਂ ਨੂੰ ਐਮਰਜੈਂਸੀ ਲੱਗਣ ਲੱਗੀ ਹੈ ਅਤੇ ਉਹ 911 ਨੰਬਰ ਉੱਤੇ ਕਾਲ ਕਰਕੇ ਪੁਲਸ ਤੋਂ ਮਦਦ ਮੰਗਦੇ ਹਨ। ਜਦੋਂ ਪੁਲਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤਾਂ ਉਨ੍ਹਾਂ ਨੇ ਜਨਤਕ ਤੌਰ ਉੱਤੇ ਲੋਕਾਂ ਨੂੰ ਆਪੀਲ ਕੀਤੀ। ਆਪਣੇ ਟਵੀਟ ਵਿਚ ਪੁਲਸ ਨੇ ਲਿਖਿਆ- ਅਸੀਂ ਲੋਕਾਂ ਦੀ ਮਦਦ ਲਈ ਪਹਾੜਾਂ ਤੱਕ ਪਹੁੰਚ ਸਕਦੇ ਹਾਂ ਪਰ ਸਾਨੂੰ ਫੇਸਬੁੱਕ ਦੀ ਪ੍ਰੋਬਲਮ ਠੀਕ ਕਰਨੀ ਨਹੀਂ ਆਉਂਦੀ। ਪਲੀਜ਼ ਸਾਨੂੰ 911 ਐਮਰਜੈਂਸੀ ਉੱਤੇ ਫੋਨ ਕਰਕੇ ਇਹ ਨਾ ਕਹੋ ਕਿ ਤੁਹਾਡੀ ਫੇਸਬੁੱਕ ਨਹੀਂ ਚੱਲ ਰਹੀ।
ਦੱਸਣਯੋਗ ਹੈ ਕਿ ਬੋਥੇਲ ਸ਼ਹਿਰ ਅਮਰੀਕਾ ਦੇ ਵਾਸ਼ਿੰਗਟਨ ਸਟੇਟ ਵਿਚ ਆਉਂਦਾ ਹੈ। 911 ਨੰਬਰ ਅਮਰੀਕਾ ਵਿਚ ਕਿਸੇ ਵੀ ਤਰ੍ਹਾਂ ਦੀ ਸੰਕਟਕਾਲੀਨ ਸੇਵਾ ਲਈ ਹੈ। ਇਹ ਨੰਬਰ ਡਾਇਲ ਕਰਨ ਤੋਂ ਬਾਅਦ ਕਾਲ ਸਿੱਧਾ ਪੁਲਸ ਡਿਪਾਰਟਮੈਂਟ ਕੋਲ ਜਾਂਦੀ ਹੈ। ਪੁਲਸ ਦੀ ਇਸ ਅਜੀਬੋ-ਗਰੀਬ ਅਪੀਲ ਨੂੰ ਦੇਖ ਕੇ ਟਵਿਟਰ ਯੂਜ਼ਰਸ ਨੇ ਚੁਟਕੀ ਲੈਣਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ਨੇ ਮਜ਼ਾ ਲੈਂਦੇ ਹੋਏ ਕਿਹਾ-ਸਾਨੂੰ ਉਮੀਦ ਹੈ ਇੰਟਰਨੈਟ ਖ਼ਰਾਬ ਹੋਣ ਉੱਤੇ ਅਸੀਂ ਤੁਹਾਨੂੰ ਠੀਕ ਕਰਨ ਲਈ ਕਾਲ ਨਹੀਂ ਕਰਾਂਗੇ।

 


Related News