ਕੈਨੇਡਾ ਤੋਂ ਭਾਰਤੀਆਂ ਦੀ ਰਿਵਰਸ ਮਾਈਗ੍ਰੇਸ਼ਨ ਬਾਰੇ ਮਾਹਰਾਂ ਨੇ ਕੀਤੇ ਅਹਿਮ ਖੁਲਾਸੇ

Sunday, Jul 21, 2024 - 04:38 PM (IST)

ਕੈਨੇਡਾ ਤੋਂ ਭਾਰਤੀਆਂ ਦੀ ਰਿਵਰਸ ਮਾਈਗ੍ਰੇਸ਼ਨ ਬਾਰੇ ਮਾਹਰਾਂ ਨੇ ਕੀਤੇ ਅਹਿਮ ਖੁਲਾਸੇ

ਟੋਰਾਂਟੋ: ਕੈਨੇਡਾ ਵਿਚ ਵਿਦੇਸ਼ੀਆਂ ਦੀ ਗਿਣਤੀ ਘਟਾਉਣ ਲਈ ਜਿਸ ਤਰੀਕੇ ਨਾਲ ਕੈਨੇਡਾ ਸਰਕਾਰ ਵੱਲੋਂ ਕਦਮ ਉਠਾਏ ਜਾ ਰਹੇ ਹਨ, ਉਸ ਨੂੰ ਦੇਖਦਿਆਂ ਇਹ ਕਿਹਾ ਜਾ ਰਿਹਾ ਏ ਕਿ ਲੋਕ ਹੁਣ ਕੈਨੇਡਾ ਤੋਂ ਵਾਪਸ ਪਰਤਣ ਲੱਗ ਪਏ ਹਨ। ਜਦਕਿ ਮਾਹਿਰਾਂ ਮੁਤਾਬਕ ਇਸ ਗੱਲ ਵਿਚ ਕੋਈ ਜ਼ਿਆਦਾ ਸੱਚਾਈ ਨਹੀਂ। ਮਾਹਿਰਾਂ ਦਾ ਕਹਿਣਾ ਏ ਕਿ ਰਿਵਰਸ ਮਾਈਗ੍ਰੇਸ਼ਨ ਹੋਣਾ ਅਜੇ ਬਹੁਤ ਦੂਰ ਦੀ ਗੱਲ ਹੈ। ਮਾਹਿਰਾਂ ਦਾ ਕਹਿਣਾ ਏ ਕਿ ਪਿਛਲੇ ਅੱਠ ਮਹੀਨੇ ਵਿਚ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਵੱਲੋਂ ਭਾਰਤ ’ਤੇ ਜੋ ਪਾਬੰਦੀਆਂ ਲਗਾਈਆਂ ਗਈਆਂ ਹਨ, ਉਸ ਨਾਲ ਸਮੱਸਿਆ ਹੱਲ ਨਹੀਂ ਹੋਵੇਗੀ। ਇਨ੍ਹਾਂ ਨਾਲ ਵਿਦਿਆਰਥੀਆਂ ਦੀ ਗਿਣਤੀ ਵਿਚ ਜ਼ਰੂਰ ਕਮੀ ਆਈ ਹੈ ਪਰ ਰਿਵਰਸ ਮਾਈਗ੍ਰੇਸ਼ਨ ਉਦੋਂ ਹੀ ਸੰਭਵ ਹੋਵੇਗੀ ਜਦੋਂ ਭਾਰਤ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਕੈਨੇਡਾ ਤੋਂ ਬਿਹਤਰ ਹੋਵੇਗੀ। ਫਿਲਹਾਲ ਇਸ ਦੀ ਕੋਈ ਸੰਭਾਵਨਾ ਬਣਦੀ ਦਿਖਾਈ ਨਹੀਂ ਦੇ ਰਹੀ। 

ਹਾਲ ਹੀ ਵਿਚ ਬ੍ਰੈਂਪਟਨ ਵਿਖੇ ਕੈਨੇਡੀਅਨ ਪੰਜਾਬੀ ਸੱਭਿਆਚਾਰਕ ਸੁਸਾਇਟੀ ਵੱਲੋਂ ਕਰਵਾਏ ਗਏ ਇਕ ਸੈਮੀਨਾਰ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਸੇਵਾਮੁਕਤ ਪ੍ਰੋਫੈਸਰ ਕੁਲਦੀਪ ਸਿੰਘ ਵੱਲੋਂ ਇਸ ਵਿਸ਼ੇ ’ਤੇ ਕਾਫ਼ੀ ਚਰਚਾ ਕੀਤੀ ਗਈ। ਇਕ ਰਿਪੋਰਟ ਮੁਤਾਬਕ ਉਨ੍ਹਾਂ ਆਖਿਆ ਕਿ ਕੋਈ ਵੀ ਵਿਅਕਤੀ ਉਦੋਂ ਹੀ ਵਾਪਸ ਪਰਤਣ ਦੀ ਕਲਪਨਾ ਕਰ ਸਕਦਾ ਏ, ਜਦੋਂ ਉਸ ਦੇ ਆਪਣੇ ਦੇਸ਼ ਵਿਚ ਜ਼ਿਆਦਾ ਮੌਕੇ ਦਿਸਣ। ਇਸ ਲਈ ਹਾਲੇ ਤੱਕ ਇਹ ਸਿਰਫ਼ ਕਲਪਨਾ ਹੀ ਹੈ, ਜੋ ਅਸਲੀਅਤ ਤੋਂ ਬਹੁਤ ਦੂਰ ਹੈ। ਵਿਸ਼ਵ ਵਿਕਾਸ ਰਿਪੋਰਟ ਦਾ ਹਵਾਲਾ ਦਿੰਦਿਆਂ ਪ੍ਰੋਫੈਸਰ ਕੁਲਦੀਪ ਸਿੰਘ ਨੇ ਆਖਿਆ ਕਿ ਕੌਮਾਂਤਰੀ ਵਿਦਿਆਰਥੀਆਂ ਦੇ ਰੂਪ ਵਿਚ ਦੁਨੀਆ ਭਰ ਵਿਚ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 2000 ਵਿਚ 2 ਫ਼ੀਸਦੀ ਤੋਂ ਵਧ ਕੇ 2023 ਵਿਚ 41 ਫ਼ੀਸਦੀ ਹੋ ਗਈ ਹੈ। ਕੈਨੇਡੀਅਨ ਇਮੀਗ੍ਰੇਸ਼ਨ ਦੇ ਅੰਕੜੇ ਦੱਸਦੇ ਨੇ ਕਿ ਭਾਰਤੀ ਵਿਦਿਆਰਥੀਆਂ ਦੇ ਕੈਨੇਡਾ ਪਰਵਾਸ ਵਿਚ 50 ਫ਼ੀਸਦੀ ਦਾ ਵਾਧਾ ਹੋਇਆ ਹੈ। ਸਿਰਫ਼ 2019 ਵਿਚ 1,98,235 ਵਿਦਿਆਰਥੀ ਭਾਰਤ ਤੋਂ ਕੈਨੇਡਾ ਆਏ ਅਤੇ ਇਸ ਵਿਚ 71 ਫ਼ੀਸਦੀ ਇਕੱਲੇ ਪੰਜਾਬ ਤੋਂ ਸਨ।

ਪੜ੍ਹੋ ਇਹ ਅਹਿਮ ਖ਼ਬਰ-ਭਾਰੀ ਵਿਰੋਧ ਤੋਂ ਬਾਅਦ ਬੰਗਲਾਦੇਸ਼ ਦੀ ਅਦਾਲਤ ਨੇ ਸਰਕਾਰੀ ਨੌਕਰੀਆਂ ਦਾ ਕੋਟਾ ਲਿਆ ਵਾਪਸ

ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਕਾਫ਼ੀ ਕੰਮ ਕੀਤਾ ਜਾ ਰਿਹਾ ਹੈ ਪਰ ਖੇਲ੍ਹ ਇੰਨਾ ਜ਼ਿਆਦਾ ਵਿਗੜਿਆ ਹੋਇਆ ਹੈ ਜੋ ਇੰਨੀ ਛੇਤੀ ਠੀਕ ਨਹੀਂ ਹੋਵੇਗਾ। ਪੰਜਾਬ ਦੇਸ਼ ਦਾ ਇਕ ਉੱਨਤ ਸੂਬਾ ਹੋਣ ਦੇ ਬਾਵਜੂਦ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਪਾ ਰਿਹਾ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਕਦੇ ਇਸ ਮੁੱਦੇ ’ਤੇ ਜ਼ਿਆਦਾ ਗ਼ੌਰ ਨਹੀਂ ਕੀਤੀ। ਕੋਈ ਵਿਦੇਸ਼ ਜਾਂਦਾ ਜਾਵੇ, ਪਿਛਲੀਆਂ ਸਰਕਾਰਾਂ ਨੇ ਇਸ ’ਤੇ ਕੋਈ ਮਤਲਬ ਨਹੀਂ ਰੱਖਿਆ। ਪੰਜਾਬ ਤੋਂ ਪਲਾਇਨ ਦਾ ਪ੍ਰਮੁੱਖ ਕਾਰਨ ਖੇਤੀ ਸੰਕਟ, ਉਦਯੋਗੀਕਰਨ ਦੀ ਹੌਲੀ ਰਫ਼ਤਾਰ, ਭਾਰਤੀ ਸਿੱਖਿਆ ਪ੍ਰਣਾਲੀ ਦਾ ਕਮਜ਼ੋਰ ਹੋਣਾ, ਰੁਜ਼ਗਾਰ ਦੇ ਮੌਕਿਆਂ ਦੀ ਕਮੀ ਹੈ, ਜਿਸ ਕਾਰਨ ਹੀ ਪੰਜਾਬੀ ਨੌਜਵਾਨ ਆਪਣੀ ਚੰਗੀ ਸਿੱਖਿਆ, ਰੁਜ਼ਗਾਰ ਅਤੇ ਰਹਿਣ ਦੀਆਂ ਸਹੂਲਤਾਂ ਲਈ ਵਿਦੇਸ਼ਾਂ ਦਾ ਰੁਖ਼ ਕਰਨ ਲਈ ਮਜਬੂਰ ਹਨ। 

ਰਿਫਿਊਜ਼ੀਜ਼ ਐਂਡ ਸਿਟੀਜ਼ਟਸ਼ਿਪ ਕੈਨੇਡਾ ਦੇ ਅੰਕੜਿਆਂ ਮੁਤਾਬਕ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ 2014 ਵਿਚ 3.26 ਲੱਖ ਤੋਂ ਵੱਧ ਕੇ 2022 ਵਿਚ 8 ਤੋਂ ਵੀ ਜ਼ਿਆਦਾ ਹੋ ਗਈ। ਦਸੰਬਰ 2023 ਦੇ ਆਖ਼ਰ ਤੱਕ ਦੇਸ਼ ਵਿਚ ਸਟੱਡੀ ਪਰਮਿਟ ਧਾਰਕਾਂ ਦੀ ਗਿਣਤੀ 10 ਲੱਖ ਨੂੰ ਪਾਰ ਕਰ ਗਈ ਸੀ, ਜਿਨ੍ਹਾਂ ਵਿਚੋਂ ਅੱਧੇ ਤੋਂ ਜ਼ਿਆਦਾ ਇਕੱਲੇ ਓਂਟਾਰੀਓ ਵਿਚ ਹਨ। ਇਕ ਹੋਰ ਮਾਹਿਰ ਪ੍ਰੋਫੈਸਰ ਜੋਗਾ ਸਿੰਘ ਮੁਤਾਬਕ ਪਿਛਲੀ ਪੰਜਾਬੀ ਪੀੜ੍ਹੀ ਦੇਸ਼ ਛੱਡਣ ਦੇ ਖ਼ਿਲਾਫ਼ ਸੀ ਪਰ ਨਵੀਂ ਪੀੜ੍ਹੀ ਹੁਣ ਨੌਜਵਾਨਾਂ ਨੂੰ ਬਿਹਤਰ ਭਵਿੱਖ ਦੇ ਲਈ ਵਿਦੇਸ਼ ਵਿਚ ਵਸਣ ਲਈ ਪ੍ਰੇਰਿਤ ਕਰ ਰਹੀ ਐ ਕਿਉਂਕਿ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਰਗੇ ਮੁਲਕਾਂ ਨੇ ਪਰਵਾਸੀਆਂ ਨੂੰ ਨਵੇਂ ਮੌਕੇ ਪ੍ਰਦਾਨ ਕੀਤੇ ਹਨ ਅਤੇ ਉਨ੍ਹਾਂ ਦਾ ਸਵਾਗਤ ਕਰਕੇ ਨਵੇਂ ਰਸਤੇ ਖੋਲ੍ਹੇ ਹਨ। ਅਜਿਹੇ ਵਿਚ ਇਨ੍ਹਾਂ ਦੇਸ਼ਾਂ ਵਿਚ ਵੱਸਣਾ ਅਜੇ ਵੀ ਨੌਜਵਾਨਾਂ ਲਈ ਇਕ ਸੁਪਨਾ ਬਣਿਆ ਹੋਇਆ ਹੈ ਅਤੇ ਰਿਵਰਸ ਮਾਈਗ੍ਰੇਸ਼ਨ ਦੀਆਂ ਗੱਲਾਂ ਸਿਰਫ਼ ਹਵਾ ਵਿਚ ਹੀ ਹੋ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News