ਚੀਨ ਦੇ ਦਾਅਵਿਆਂ ਦਾ ਮਾਹਿਰਾਂ ਨੇ ਕੀਤਾ ਪਰਦਾਫਾਸ਼, ਤਿੱਬਤ ਨਹੀਂ ਸੀ ਚੀਨ ਦਾ ਹਿੱਸਾ
Sunday, Jun 26, 2022 - 01:30 PM (IST)
ਵਾਸ਼ਿੰਗਟਨ– ਹਾਂਗਕਾਂਗ ਦੀ ਸਿਟੀ ਯੂਨੀਵਰਸਿਟੀ ਦੇ ਸੇਵਾਮੁਕਤ ਚੇਅਰ ਪ੍ਰੋਫੈਸਰ ਅਤੇ ਮਾਹਿਰ ਹਾਨ ਜਿਯਾਂਗ ਲੌ ਨੇ ਤਿੱਬਤ ’ਤੇ ਚੀਨ ਦੇ ਦਾਅਵਿਆਂ ਦਾ ਪਰਦਾਫਾਸ਼ ਕੀਤਾ ਹੈ। ਤਿੱਬਤ ਰਾਈਟਸ ਕੁਲੈਕਟਿਵ ਦੀ ਰਿਪੋਰਟ ਮੁਤਾਬਕ ਉਨ੍ਹਾਂ ਕਿਹਾ ਕਿ ਤਿੱਬਤ 1949 ਤੋਂ ਪਹਿਲਾਂ ਇਤਿਹਾਸ ਵਿੱਚ ਕਦੇ ਵੀ ਚੀਨ ਦਾ ਹਿੱਸਾ ਨਹੀਂ ਸੀ। ਤਿੱਬਤ ’ਤੇ ਚੀਨ ਦੀ ਪ੍ਰਭੂਸੱਤਾ ਦਾ ਸਬੂਤ ਨਾ ਸਿਰਫ ਕਮੀਆਂ ’ਤੇ ਆਧਾਰਤ ਹੈ, ਬਲਕਿ 1949 ਤੋਂ ਪਹਿਲਾਂ ਦੇ ਚੀਨੀ ਰਿਕਾਰਡਾਂ ਦੀ ਪੂਰੀ ਤਰ੍ਹਾਂ ਮਨਘੜਤ ਅਤੇ ਜਾਅਲਸਾਜ਼ੀ ’ਤੇ ਵੀ ਆਧਾਰਤ ਹੈ।
‘ਤਿੱਬਤ : ਅਣਸੁਲਝੇ ਸੰਘਰਸ਼ ਨੂੰ ਸੁਲਝਾਉਣ ਲਈ ਰੁਕਾਵਟਾਂ’ ਵਿਸ਼ੇ ’ਤੇ ਸੁਣਵਾਈ ਲਈ ਚੀਨ ਦੇ ਕਾਂਗਰਸ-ਕਾਰਜਕਾਰੀ ਕਮਿਸ਼ਨ ਨੂੰ ਲਿਖਤੀ ਗਵਾਹੀ ਵਿਚ ਜ਼ਿਆਂਗ ਲੌ ਨੇ ਦਸਿਆ ਕਿ ਚੀਨ ਦੇ 1949 ਤੋਂ ਪਹਿਲਾਂ ਦੇ ਅਧਿਕਾਰਤ ਇਤਿਹਾਸਕ ਰਿਕਾਰਡ ਸਪੱਸ਼ਟ ਤੌਰ ’ਤੇ ਦਰਸਾਉਂਦੇ ਹਨ ਕਿ 1950 ਵਿੱਚ ਤਿੱਬਤ ਉੱਤੇ ਚੀਨੀ ਹਮਲੇ ਤੋਂ ਪਹਿਲਾਂ ਤਿੱਬਤ ਕਦੇ ਵੀ ਇਸ ਦਾ ਹਿੱਸਾ ਨਹੀਂ ਸੀ।
ਉਨ੍ਹਾਂ ਕਿਹਾ ਕਿ ਇਹ ਇੱਕ ਮਹੱਤਵਪੂਰਨ ਮੁੱਦਾ ਹੈ ਕਿਉਂਕਿ ਚੀਨ ਲੀਗ ਆਫ਼ ਨੇਸ਼ਨਜ਼ ਅਤੇ ਸੰਯੁਕਤ ਰਾਸ਼ਟਰ ਦੇ ਸਬੰਧਤ ਇਕਰਾਰਨਾਮਿਆਂ ਦਾ ਇੱਕ ਹਸਤਾਖਰਕਰਤਾ ਹੈ। ਮਤਲਬ ਇਹ ਕਿ 1919 ਤੋਂ ਚੀਨ ਨੇ ਵਾਅਦਾ ਕੀਤਾ ਹੈ ਕਿ ਉਹ ਫੌਜੀ ਜਿੱਤ ਰਾਹੀਂ ਖੇਤਰ ਹਾਸਲ ਨਹੀਂ ਕਰੇਗਾ।
ਹਾਨ ਜ਼ਿਆਂਗ ਨੇ ਕਿਹਾ ਕਿ ਬਦਕਿਸਮਤੀ ਨਾਲ ਅੱਜ ਬਹੁਤ ਸਾਰੀਆਂ ਸਰਕਾਰਾਂ ਇਸ ਹਾਸੋਹੀਣੇ ਝੂਠ ਨੂੰ ਗਲਤ ਤਰੀਕੇ ਨਾਲ ਸਵੀਕਾਰ ਕਰਦੀਆਂ ਹਨ । ਇਸੇ ਕਾਰਨ ਬਹੁਤ ਸਾਰੇ ਪੱਛਮੀ ਲੋਕਤੰਤਰ ਤਿੱਬਤ ਦੀ ਪ੍ਰਭੂਸੱਤਾ ਨੂੰ ਕਾਇਮ ਰੱਖਣ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਵਿੱਚ ਅਸਫਲ ਰਹਿੰਦੇ ਹਨ। ਇਸ ਦਾ ਮਤਲਬ ਇਹ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਇੱਕ ਮੌਜੂਦਾ ਸਥਾਈ ਮੈਂਬਰ ਨੇ 1950 ਵਿੱਚ ਫੌਜੀ ਪਖੋਂ ਕਿਸੇ ਹੋਰ ਦੇਸ਼ ਨੂੰ ਜਿੱਤ ਲਿਆ ਅਤੇ ਅੱਜ ਤੱਕ ਇਸ ਨੂੰ ਆਪਣੇ ਅਧੀਨ ਕਰ ਰਿਹਾ ਹੈ। ਇਹ ਅਪਰਾਧ ਅੰਤਰਰਾਸ਼ਟਰੀ ਭਾਈਚਾਰੇ ਦੇ ਦਖਲ ਨੂੰ ਮਜਬੂਰ ਕਰਦਾ ਹੈ।