ਇੰਗਲੈਂਡ : ਪੰਜ ਕੌਂਸਲਾਂ ਨੇ ਪੱਬਾਂ ਤੇ ਰੈਸਟੋਰੈਂਟਾਂ ’ਚ ਆਊਟਡੋਰ ਸਿਗਰਟਨੋਸ਼ੀ ’ਤੇ ਲਾਈ ਪਾਬੰਦੀ
Friday, Jun 04, 2021 - 03:32 PM (IST)
![ਇੰਗਲੈਂਡ : ਪੰਜ ਕੌਂਸਲਾਂ ਨੇ ਪੱਬਾਂ ਤੇ ਰੈਸਟੋਰੈਂਟਾਂ ’ਚ ਆਊਟਡੋਰ ਸਿਗਰਟਨੋਸ਼ੀ ’ਤੇ ਲਾਈ ਪਾਬੰਦੀ](https://static.jagbani.com/multimedia/2021_6image_15_30_3638139494manoj8.jpg)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਇੰਗਲੈਂਡ ਦੀਆਂ ਪੰਜ ਕੌਂਸਲਾਂ ਨੇ ਸਿਗਰਟਨੋਸ਼ੀ ਦੇ ਸਿਹਤ ਪ੍ਰਤੀ ਬੁਰੇ ਪ੍ਰਭਾਵਾਂ ਦੇ ਮੱਦੇਨਜ਼ਰ ਪੱਬਾਂ, ਰੈਸਟੋਰੈਂਟਾਂ ਤੇ ਕੈਫੇ ਆਦਿ ਦੇ ਬਾਹਰ ਬਣੇ ਫੁੱਟਪਾਥ ’ਤੇ ਸਿਗਰਟ ਪੀਣ ’ਤੇ ਪਾਬੰਦੀ ਲਾ ਦਿੱਤੀ ਹੈ। ਇਨ੍ਹਾਂ ਨਵੀਆਂ ਪਾਬੰਦੀਆਂ ਤਹਿਤ ਨੌਰਥਮਬਰਲੈਂਡ, ਡਰਹਮ, ਨੌਰਥ ਟਾਈਨੇਸਾਈਡ, ਨਿਊਕੈਸਲ ਅਤੇ ਮੈਨਚੈਸਟਰ ਸਿਟੀ ਦੇ ਤੰਬਾਕੂਨੋਸ਼ੀ ਕਰਨ ਵਾਲੇ ਲੋਕਾਂ ਨੂੰ ਹੁਣ ਇਨ੍ਹਾਂ ਥਾਵਾਂ ਦੀ ਜਗ੍ਹਾ ਕੋਈ ਹੋਰ ਸਥਾਨ ਲੱਭਣੇ ਪੈਣਗੇ। ਇਨ੍ਹਾਂ ਕੌਂਸਲਾਂ ਨੇ ਜਿਹੜੀਆਂ ਬਾਰਜ਼, ਰੈਸਟੋਰੈਂਟਾਂ ਅਤੇ ਕੈਫੇ ਆਦਿ ਕੋਲ ਫੁੱਟਪਾਥ ’ਤੇ ਟੇਬਲ ਲਾਉਣ ਦਾ ਲਾਇਸੈਂਸ ਹੈ, ਉੱਤੇ ਲੋਕਾਂ ਦੀ ਸੁਰੱਖਿਆ ਲਈ ਇਹ ਪਾਬੰਦੀ ਲਾਈ ਗਈ ਹੈ।
ਇਹ ਵੀ ਪੜ੍ਹੋ : ਕਰਾਚੀ ’ਚ 14 ਸਾਲਾ ਈਸਾਈ ਲੜਕੀ ਨੂੰ ਅਗਵਾ ਕਰਕੇ ਕੀਤਾ ਸਮੂਹਿਕ ਜਬਰ-ਜ਼ਿਨਾਹ
ਇਨ੍ਹਾਂ ਕੌਸਲਾਂ ਤੋਂ ਇਲਾਵਾ ਆਕਸਫੋਰਡਸ਼ਾਇਰ ਕਾਉਂਟੀ ਵੀ ਸਰਕਾਰ ਦੀ ਸਮਾਂ ਹੱਦ ਤੋਂ ਪੰਜ ਸਾਲ ਪਹਿਲਾਂ 2025 ਤੱਕ ਯੂ. ਕੇ. ਦੀ ਪਹਿਲੀ ਤੰਬਾਕੂਨੋਸ਼ੀ ਰਹਿਤ ਕਾਉਂਟੀ ਬਣਨ ਦੀ ਉਮੀਦ ਕਰ ਰਹੀ ਹੈ। ਦਫਤਰ ਫਾਰ ਨੈਸ਼ਨਲ ਸਟੈਟਿਸਟਿਕਸ ਅਨੁਸਾਰ ਆਕਸਫੋਰਡਸ਼ਾਇਰ ’ਚ ਬਾਕੀ ਖੇਤਰਾਂ ਨਾਲੋਂ ਪਹਿਲਾਂ ਹੀ ਤੰਬਾਕੂਨੋਸ਼ੀ ਦੀ ਦਰ ਘੱਟ ਹੈ, ਜਿਸ ’ਚ 12 ਫੀਸਦੀ ਆਬਾਦੀ ਤੰਬਾਕੂਨੋਸ਼ੀ ਕਰਦੀ ਹੈ, ਜਦਕਿ ਯੂ. ਕੇ. ’ਚ ਇਹ ਦਰ 14.1 ਫੀਸਦੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ : ਪਤੀ ਤੋਂ ਬਦਲਾ ਲੈਣ ਲਈ ਪਹਿਲੀ ਪਤਨੀ ਦੇ 8 ਸਾਲਾ ਬੱਚੇ ਦਾ ਕੀਤਾ ਕਤਲ
ਅਗਲੇ ਚਾਰ ਸਾਲਾਂ ’ਚ ਇਸ ਗਿਣਤੀ ਨੂੰ 5 ਫੀਸਦੀ ਤੋਂ ਵੀ ਘੱਟ ਕਰਨ ਦਾ ਸਰਕਾਰ ਦਾ ਟੀਚਾ ਹੈ। ਇੰਗਲੈਂਡ ਦੇ ਸਿਹਤ ਮਾਹਿਰਾਂ ਅਨੁਸਾਰ ਦੇਸ਼ ’ਚ ਸਿਗਰਟਨੋਸ਼ੀ ਕਾਰਨ ਸੈਂਕੜੇ ਲੋਕਾਂ ਦੀ ਸਿਹਤ ’ਤੇ ਬੁਰਾ ਅਸਰ ਪੈਣ ਦੇ ਨਾਲ ਮੌਤਾਂ ਵੀ ਹੁੰਦੀਆਂ ਹਨ। ਹਾਲਾਂਕਿ ਸਿਹਤ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇੰਗਲੈਂਡ 2030 ਤੱਕ ਸਿਗਰਟ ਮੁਕਤ ਹੋਣ ਦੇ ਟੀਚੇ ਤੋਂ ਲੇਟ ਹੋ ਸਕਦਾ ਹੈ। ਕੈਂਸਰ ਰਿਸਰਚ ਯੂ. ਕੇ. ਦੀ 2020 ਦੀ ਰਿਪੋਰਟ ਅਨੁਸਾਰ ਇਹ ਟੀਚਾ 2037 ਤੱਕ ਪੂਰਾ ਹੋ ਸਕਦਾ ਹੈ।