ਕੈਨੇਡਾ:ਇਲਾਜ ਦੌਰਾਨ ਕੋਮਾ ''ਚ ਗਈ ਪੰਜਾਬਣ ਬੱਚੀ ਦੇ ਮਾਪਿਆਂ ਨੇ ਚੁੱਕਿਆ ਵੱਡਾ ਕਦਮ, ਡਾਕਟਰਾਂ ਨੂੰ ਸਿਖਾਉਣਗੇ ਸਬਕ

02/24/2017 12:44:31 PM

ਐਡਮਿੰਟਨ (ਗਗਨ ਵਰਮਾ)— ਕੈਨੇਡਾ ਵਿਚ ਦੰਦਾਂ ਦੇ ਇਲਾਜ ਦੌਰਾਨ ਡਾਕਟਰਾਂ ਵੱਲੋਂ ਵਰਤੀ ਗਈ ਅਣਗਹਿਲੀ ਕਾਰਨ ਕੋਮਾ ਵਿਚ ਗਈ ਪੰਜ ਸਾਲਾ ਪੰਜਾਬੀ ਬੱਚੀ ਐਂਬਰ ਅਟਵਾਲ ਦੇ ਪਰਿਵਾਰ ਨੇ ਡਾ. ਵਿਲੀਅਮ ਅਤੇ ਉਸ ਦੇ ਸਟਾਫ ਦੇ ਖਿਲਾਫ 26.5 ਮਿਲੀਅਨ ਡਾਲਰ (ਤਕਰੀਬਨ 1 ਅਰਬ 34 ਕਰੋੜ ਰੁਪਏ) ਦਾ ਮੁਕੱਦਮਾ ਦਾਇਰ ਕਰ ਦਿੱਤਾ ਹੈ। ਇਹ ਮੁਕੱਦਮਾ ਡਾ. ਵਿਲੀਅਮ ਅਤੇ ਸਟਾਫ ਦੇ 8 ਮੈਂਬਰਾਂ ਦੇ ਖਿਲਾਫ ਦਾਇਰ ਕੀਤਾ ਗਿਆ, ਜੋ ਇਲਾਜ ਦੌਰਾਨ ਹਸਪਤਾਲ ਵਿਚ ਮੌਜੂਦ ਸਨ। ਦੋਸ਼ ਹੈ ਕਿ ਡਾ. ਵਿਲੀਅਮ ਅਤੇ ਸਟਾਫ ਦੀ ਅਣਗਹਿਲੀ ਕਾਰਨ ਜਦੋਂ ਐਂਬਰ ਨੂੰ ਦੰਦਾਂ ਦੇ ਇਲਾਜ ਲਈ ਬੇਹੋਸ਼ ਕੀਤਾ ਗਿਆ ਸੀ ਤਾਂ ਉਸ ਨੂੰ ਪੂਰੀ ਆਕਸੀਜਨ ਨਹੀਂ ਮਿਲ ਸਕੀ, ਜਿਸ ਕਾਰਨ ਉਹ ਕੋਮਾ ਵਿਚ ਚਲੀ ਗਈ ਅਤੇ ਹੁਣ ਵੀ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। 
ਜ਼ਿਕਰਯੋਗ ਹੈ ਕਿ ਐਂਬਰ ਦਾ ਪਰਿਵਾਰ ਵਧੀਆ ਸਹੂਲਤਾਂ ਅਤੇ ਜ਼ਿੰਦਗੀ ਦੀ ਆਸ ਵਿਚ ਕੈਨੇਡਾ ਆਇਆ ਸੀ। ਪਰਿਵਾਰ ਦੇ ਜੀਵਨ ਵਿਚ ਉਸ ਸਮੇਂ ਭੂਚਾਲ ਆ ਗਿਆ ਜਦੋਂ ਅਚਾਨਕ ਪਰਿਵਾਰ ਦੀ ਬੱਚੀ ਐਂਬਰ ਦੇ ਦੰਦਾਂ ਵਿਚ ਤੇਜ ਦਰਦ ਸ਼ੁਰੂ ਹੋਇਆ। ਘਟਨਾ ਬੀਤੇ ਸਾਲ ਸਤੰਬਰ ਮਹੀਨੇ ਦੀ ਹੈ। ਐਂਬਰ ਦੇ ਪਿਤਾ ਰਮਨ ਅਟਵਾਲ ਅਤੇ ਮਾਤਾ ਤੁਰੰਤ ਉਸ ਨੂੰ ਦੰਦਾਂ ਦੇ ਮਾਹਰ ਡਾਕਟਰ ਕੋਲ ਲੈ ਗਏ। ਉੱਥੇ ਡਾਕਟਰ ਨੇ ਦੱਸਿਆ ਕਿ ਐਂਬਰ ਦੇ ਦੰਦਾਂ ਦਾ ਮਾਮੂਲੀ ਜਿਹਾ ਆਪਰੇਸ਼ਨ ਕਰਨਾ ਪਵੇਗਾ ਅਤੇ ਇਸ ਲਈ ਉਸ ਨੂੰ ਐਨਾਸਥੀਜੀਆ ਦੇ ਕੇ ਬੇਹੋਸ਼ ਕੀਤਾ ਗਿਆ। ਇਸ ਤੋਂ ਬਾਅਦ ਹੀ ਐਂਬਰ ਕੋਮਾ ਵਿਚ ਚਲੀ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਐਂਬਰ ਦੇ ਦਿਮਾਗ ''ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਪੂਰੀ ਤਰ੍ਹਾਂ ਠੀਕ ਹੋਣ ਵਿਚ ਉਸ ਨੂੰ ਲੰਬਾ ਸਮਾਂ ਲੱਗੇਗਾ। ਚਾਰ ਸਾਲ ਦੀ ਉਮਰ ਵਿਚ ਇਸ ਹਾਦਸੇ ਦੀ ਸ਼ਿਕਾਰ ਹੋਈ ਐਂਬਰ ਹੁਣ ਪੰਜ ਸਾਲਾਂ ਦੀ ਹੋ ਚੁੱਕੀ ਹੈ। ਹੁਣ ਉਸ ਨੂੰ ਕੁਝ ਹੋਸ਼ ਹੈ ਅਤੇ ਉਹ ਬੋਲ ਵੀ ਸਕਦੀ ਹੈ ਪਰ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਉਸ ਨੂੰ ਕਿਸੇ ਨਾ ਕਿਸੇ ਦੀ ਲੋੜ ਪੈਂਦੀ ਹੈ। 
ਰਮਨ ਅਟਵਾਲ ਨੇ ਕਿਹਾ ਕਿ ਉਹ ਆਪਣੀ ਬੱਚੀ ਨੂੰ ਪੂਰੀ ਤਰ੍ਹਾਂ ਤੰਦਰੁਸਤ ਦੇਖਣਾ ਚਾਹੁੰਦੇ ਹਨ ਅਤੇ ਉਸ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੇ ਇਸ ਐਂਬਰ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਐਂਬਰ ਦੀ ਹਰ ਲੋੜ ਪੂਰੀ ਕਰਨਾ ਚਾਹੁੰਦੇ ਤਾਂ ਜੋ ਇਸ ਘਟਨਾ ਕਰਕੇ ਉਸ ਨੂੰ ਕਿਸੇ ਦਾ ਮੁਥਾਜ ਨਾ ਹੋਣਾ ਪਵੇ ਅਤੇ ਉਸ ਦਾ ਪੂਰਾ ਅਤੇ ਸਹੀ ਇਲਾਜ ਕਰਵਾਇਆ ਜਾ ਸਕੇ। 
 

Kulvinder Mahi

News Editor

Related News