ਐਡਿਨਬਰਾ : ਰਾਇਲ ਬੋਟੈਨਿਕ ਗਾਰਡਨ ਦੇ ਨਵੀਨੀਕਰਨ ਲਈ ਵੱਢਿਆ ਜਾਵੇਗਾ 200 ਸਾਲ ਪੁਰਾਣਾ ਦਰੱਖਤ

09/25/2021 6:17:33 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਦੇ ਸ਼ਹਿਰ ਐਡਿਨਬਰਾ ’ਚ ਸਥਿਤ ਰਾਇਲ ਬੋਟੈਨਿਕ ਗਾਰਡਨ ’ਚ ਲੱਗੇ ਇੱਕ 200 ਸਾਲ ਪੁਰਾਣੇ ਪਾਮ ਦਰੱਖਤ ਨੂੰ ਇਸ ਗਾਰਡਨ ਦੇ ਨਵੀਨੀਕਰਨ ਲਈ ਵੱਢਿਆ ਜਾਵੇਗਾ। ਇਸ ਗਾਰਡਨ ਦੇ ਬਹੁ-ਮਿਲੀਅਨ ਪੌਂਡ ਦੇ ਨਵੀਨੀਕਰਨ ਤੋਂ ਪਹਿਲਾਂ 40,000 ਤੋਂ ਵੱਧ ਪੌਦਿਆਂ ਨੂੰ ਇਸ ਗਲਾਸ ਹਾਊਸ ’ਚੋਂ ਕੱਢ ਦਿੱਤਾ ਗਿਆ ਹੈ। ਇਸ ਪਾਮ ਦਰੱਖਤ ਦੀ ਪਿਛਲੇ 10 ਸਾਲਾਂ ਤੋਂ ਸੰਭਾਲ ਕਰ ਰਹੇ ਵਿਅਕਤੀ ਸਾਈਮਨ ਐਲਨ ਨੇ ਇਸ ਨੂੰ ਇੱਕ ਦੁੱਖ ਭਰੀ ਗੱਲ ਦੱਸਿਆ ਹੈ। ਇਹ ਪਾਮ ਦਰੱਖਤ ਜ਼ਿਆਦਾ ਲੰਬਾ ਹੋਣ ਕਰਕੇ ਅਗਲੇ ਹਫਤੇ ਇਸ ਨੂੰ ਹਿੱਸਿਆਂ ’ਚ ਕੱਟਿਆ ਜਾਵੇਗਾ, ਜਦਕਿ ਇਸ ਬੋਟੈਨੀਕਲ ਗਾਰਡਨ ਦੇ ਬਨਸਪਤੀ ਮਾਹਿਰਾਂ ਅਨੁਸਾਰ ਇਹ ਬਰਮੂਡੀਅਨ ਫੈਨ ਪਾਮ 'ਸਬਲ ਬਰਮੂਡਾਨਾ' ਆਪਣੀ ਜ਼ਿੰਦਗੀ ਦੇ ਅੰਤ ਦੇ ਨੇੜੇ ਸੀ। ਇਸ 60 ਫੁੱਟ ਲੰਬੇ ਪਾਮ ਨੂੰ ਰਾਇਲ ਬੋਟੈਨਿਕ ਗਾਰਡਨ ਐਡਿਨਬਰਾ ’ਚ ਸਭ ਤੋਂ ਪੁਰਾਣਾ ਦਰੱਖਤ ਮੰਨਿਆ ਜਾਂਦਾ ਹੈ।

ਇਸ ਨੂੰ 1810 ’ਚ ਪੋਰਟ ਆਫ ਲੀਥ ਭੇਜਣ ਤੋਂ ਪਹਿਲਾਂ ਬਰਮੂਡਾ ਤੋਂ ਜਰਮਨੀ ਲਿਜਾਇਆ ਗਿਆ ਸੀ। ਉਸ ਸਮੇਂ ਇਸ ਨੂੰ ਲੀਥ ਵਾਕ ਦੇ ਬਾਹਰ ਲਗਾਇਆ ਗਿਆ ਸੀ, ਜੋ ਉਸ ਸਮੇਂ ਰਾਇਲ ਬੋਟੈਨਿਕ ਗਾਰਡਨ ਐਡਿਨਬਰਾ ਦੀ ਇੱਕ ਸਾਈਟ ਸੀ। ਫਿਰ 12 ਸਾਲਾਂ ਬਾਅਦ ਇਸ ਨੂੰ ਮੌਜੂਦਾ ਸਾਈਟ ’ਤੇ ਇਨਵਰਲੇਥ ਵਿਖੇ ਭੇਜ ਦਿੱਤਾ ਗਿਆ ਸੀ, ਜਿੱਥੇ ਇਹ ਉਦੋਂ ਤੋਂ ਮੌਜੂਦ ਹੈ। ਇਸ ਗਾਰਡਨ ਦੇ ਨਵੀਨੀਕਰਨ ’ਚ ਇਸ ਦੇ ਸ਼ੀਸ਼ੇ ਦੇ ਪੈਨਲਾਂ ਨੂੰ ਹਟਾਉਣਾ ਪਵੇਗਾ, ਜਿਸ ਲਈ ਇਸ ਦਰੱਖਤ ਨੂੰ ਕੱਟਣਾ ਪਵੇਗਾ। ਇਸ ਦਾ ਭਾਰ ਅੱਠ ਟਨ ਹੈ ਅਤੇ ਮੰਗਲਵਾਰ ਨੂੰ ਇਸ ਨੂੰ ਭਾਗਾਂ ਵਿੱਚ ਕੱਟਿਆ ਜਾਵੇਗਾ।


Manoj

Content Editor

Related News