ਇੰਡੋਨੇਸ਼ੀਆ ਅਤੇ ਅਮਰੀਕਾ ''ਚ ਲੱਗੇ ਭੂਚਾਲ ਦੇ ਝਟਕੇ
Sunday, Apr 07, 2019 - 10:43 AM (IST)

ਜਕਾਰਤਾ, (ਭਾਸ਼ਾ)— ਇੰਡੋਨੇਸ਼ੀਆ ਦੇ ਨੁਸਾ ਟੇਂਗਾਰਾ ਸੂਬੇ 'ਚ ਐਤਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਹਾਲਾਂਕਿ ਇਸ ਕਾਰਨ ਸੁਨਾਮੀ ਆਉਣ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਅਮਰੀਕਾ ਦੇ ਅਲਾਸਕਾ ਟਾਪੂ 'ਤੇ ਵੀ 4.7 ਤੀਬਰਤਾ ਦਾ ਭੂਚਾਲ ਆਇਆ ਅਤੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਇੰਡੋਨੇਸ਼ੀਆ ਦੇ ਮੌਸਮ ਵਿਭਾਗ ਨੇ ਦੱਸਿਆ ਕਿ ਐਤਵਾਰ ਤੜਕੇ 4.54 'ਤੇ ਭੂਚਾਲ ਦੇ ਝਟਕੇ ਲੱਗੇ। ਇਸ ਦੀ ਤੀਬਰਤਾ 6.1 ਮਾਪੀ ਗਈ। ਭੂਚਾਲ ਦਾ ਕੇਂਦਰ ਇੱਥੋਂ 148 ਕਿਲੋਮੀਟਰ ਦੂਰ ਅਤੇ ਜ਼ਮੀਨ ਦੀ ਸਤ੍ਹਾ ਤੋਂ 573 ਕਿਲੋਮੀਟਰ ਦੀ ਡੂੰਘਾਈ 'ਚ ਸੀ। ਅਧਿਕਾਰੀ ਨੇ ਭੂਚਾਲ ਮਗਰੋਂ ਸੁਨਾਮੀ ਆਉਣ ਦਾ ਖਦਸ਼ਾ ਨਹੀਂ ਪ੍ਰਗਟਾਇਆ। ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਭੂਚਾਲ ਪ੍ਰਭਾਵਿਤ ਖੇਤਰ 'ਪੈਸੇਫਿਕ ਰਿੰਗ ਆਫ ਫਾਇਰ' 'ਚ ਸਥਿਤ ਹੈ, ਇਸ ਲਈ ਇੱਥੇ ਅਕਸਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ।