57 ਫਰੈਕਚਰ, ਗੰਭੀਰ ਸੱਟਾਂ... ਨਸ਼ੇੜੀ ਮਾਪਿਆਂ ਨੇ ਲਈ 'ਮਾਸੂਮ' ਦੀ ਜਾਨ, ਸੁਣਵਾਈ ਦੌਰਾਨ ਰੋ ਪਿਆ ਜੱਜ
Sunday, Apr 16, 2023 - 11:02 AM (IST)
ਇੰਟਰਨੈਸ਼ਨਲ ਡੈਸਕ- ਅਕਸਰ ਕਿਹਾ ਜਾਂਦਾ ਕਿ ਦੁਨੀਆ ਵਿੱਚ ਮਾਂ-ਬਾਪ ਦਾ ਦਰਜਾ ਰੱਬ ਤੋਂ ਵੀ ਉੱਚਾ ਹੈ। ਬੱਚਿਆਂ ਨਾਲ ਪਿਆਰ ਅਤੇ ਉਹਨਾਂ ਦੀ ਦੇਖਭਾਲ ਮਾਪਿਆਂ ਤੋਂ ਵੱਧ ਕੋਈ ਨਹੀਂ ਕਰ ਸਕਦਾ ਪਰ ਬ੍ਰਿਟੇਨ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। 10 ਮਹੀਨੇ ਦੇ ਮਾਸੂਮ ਫਿਨਲੇ ਬੋਡੇਨ ਨਾਲ ਉਸ ਦੇ ਮਾਤਾ-ਪਿਤਾ ਨੇ ਜੋ ਕੀਤਾ, ਉਸ ਅਪਰਾਧ ਦੀ ਸੁਣਵਾਈ ਦੌਰਾਨ ਜੱਜ ਵੀ ਰੋ ਪਿਆ ਸੀ।
10 ਮਹੀਨੇ ਦੇ ਮਾਸੂਮ 'ਤੇ 39 ਦਿਨਾਂ ਤੱਕ ਤਸ਼ੱਦਦ ਅਤੇ ਫਿਰ ਕਤਲ
ਸ਼ੈਨਨ ਮਾਰਸਡੇਨ (22) ਅਤੇ ਸਟੀਫਨ ਬੋਡੇਨ (30) ਨੂੰ ਆਪਣੇ 10 ਮਹੀਨਿਆਂ ਦੇ ਬੱਚੇ ਨੂੰ ਲਗਭਗ 39 ਦਿਨਾਂ ਤੱਕ ਤਸੀਹੇ ਦੇਣ ਅਤੇ ਤੜਫਾ-ਤੜਫਾ ਕੇ ਜਾਨੋ ਮਾਰਨ ਦਾ ਦੋਸ਼ੀ ਪਾਇਆ ਗਿਆ। ਹਾਲਾਂਕਿ ਉਹਨਾਂ ਨੂੰ ਸਜ਼ਾ ਸੁਣਾਈ ਜਾਣੀ ਬਾਕੀ ਹੈ। ਦਰਅਸਲ ਫਿਨਲੇ ਦੇ ਜਨਮ ਤੋਂ ਪਹਿਲਾਂ ਹੀ 21 ਜਨਵਰੀ, 2020 ਨੂੰ ਉਸ ਨੂੰ ਉਸਦੇ ਮਾਪਿਆਂ ਦੇ ਨਸ਼ੇ ਦੀ ਲਤ ਕਾਰਨ ਸਮਾਜਿਕ ਸੇਵਾਵਾਂ ਦੁਆਰਾ ਬਾਲ ਸੁਰੱਖਿਆ ਆਰਡਰ ਦੇ ਅਧੀਨ ਰੱਖਿਆ ਗਿਆ ਸੀ। ਫਿਨਲੇ ਦਾ ਜਨਮ 15 ਫਰਵਰੀ, 2020 ਨੂੰ ਹੋਇਆ ਸੀ। ਮਾਸੂਮ ਦੀ ਮੌਤ ਤੋਂ 39 ਦਿਨ ਪਹਿਲਾਂ ਨਵੰਬਰ 2020 'ਚ ਮਾਪਿਆਂ ਦੇ ਸੁਧਰਨ ਦੀ ਸ਼ਰਤ 'ਤੇ ਉਨ੍ਹਾਂ ਨੂੰ ਬੱਚਾ ਸੌਂਪ ਦਿੱਤਾ ਗਿਆ ਸੀ। ਮਾਪਿਆਂ ਨੂੰ ਸੌਂਪੇ ਜਾਣ ਤੋਂ ਦੋ ਦਿਨ ਬਾਅਦ ਹੀ ਇੱਕ ਸੋਸ਼ਲ ਵਰਕਰ ਨੇ ਫਿਨਲੇ ਦੇ ਸਿਰ ਵਿੱਚ ਸੱਟ ਦੇਖੀ। ਫਿਰ ਸਟੀਫਨ ਅਤੇ ਸ਼ੈਨਨ ਨੇ ਕਿਹਾ ਕਿ ਉਸਨੇ ਖਿਡੌਣੇ ਨਾਲ ਆਪਣੇ ਆਪ ਨੂੰ ਸੱਟ ਮਾਰੀ ਹੈ।
ਮਾਸੂਮ ਦੇ ਸਰੀਰ 'ਤੇ 71 ਗੰਭੀਰ ਸੱਟਾਂ, 57 ਫਰੈਕਚਰ
ਸ਼ੈਨਨ ਅਤੇ ਸਟੀਫਨ ਦੇ ਸਾਰੇ ਤਸ਼ੱਦਦ ਤੋਂ ਬਾਅਦ 25 ਦਸੰਬਰ 2020 ਨੂੰ ਕ੍ਰਿਸਮਸ ਵਾਲੇ ਦਿਨ ਫਿਨਲੇ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੇ ਸਰੀਰ 'ਤੇ ਕੁੱਲ 71 ਗੰਭੀਰ ਸੱਟਾਂ ਸਨ। ਇਸ ਤੋਂ ਇਲਾਵਾ 57 ਦੇ ਕਰੀਬ ਫਰੈਕਚਰ ਸਨ। ਸ਼ਾਇਦ ਇਹ ਜੋੜਾ ਭੰਗ ਦੇ ਨਸ਼ੇ 'ਚ ਮਾਸੂਮਾਂ ਨਾਲ ਜ਼ੁਲਮ ਕਰਦਾ ਸੀ। ਇੰਨਾ ਹੀ ਨਹੀਂ ਫਿਨਲੇ ਦੀ ਮੌਤ ਦੇ ਇਕ ਘੰਟੇ ਦੇ ਅੰਦਰ ਉਸ ਦੇ ਹੈਵਾਨ ਮਾਤਾ-ਪਿਤਾ ਨੂੰ ਹੱਸਦੇ ਅਤੇ ਮਜ਼ਾਕ ਕਰਦੇ ਦੇਖਿਆ ਗਿਆ ਅਤੇ ਇਸ ਦੌਰਾਨ ਸਟੀਫਨ ਸ਼ੈਨਨ ਨਾਲ ਫਿਨਲੇ ਦੀ ਪੁਸ਼ਚੇਅਰ ਨੂੰ ਆਨਲਾਈਨ ਵੇਚਣ ਬਾਰੇ ਗੱਲ ਕਰ ਰਿਹਾ ਸੀ। ਇੱਕ ਪੁਲਸ ਅਧਿਕਾਰੀ ਨੇ ਸੁਣਿਆ ਕਿ ਸ਼ੈਨਨ ਆਪਣੇ ਰਿਸ਼ਤੇਦਾਰਾਂ ਨੂੰ ਕ੍ਰਿਸਮਸ ਦੇ ਖਾਣੇ ਬਾਰੇ ਪੁੱਛ ਰਿਹਾ ਸੀ।
ਹੱਥ ਸਾੜਿਆ, ਤੋੜੀ ਕਮਰ ਦੀ ਹੱਡੀ
ਬੱਚੇ ਦੀ ਹਾਲਤ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ ਕਿ ਕੋਈ ਆਪਣੇ ਹੀ ਬੱਚੇ ਨਾਲ ਅਜਿਹਾ ਕਿਵੇਂ ਕਰ ਸਕਦਾ ਹੈ। ਫਿਨਲੇ ਦੀ ਕਮਰ ਦੀ ਹੱਡੀ ਦੋ ਥਾਵਾਂ ਤੋਂ ਟੁੱਟ ਗਈ ਸੀ। ਇਸ ਤੋਂ ਇਲਾਵਾ ਉਸ ਦੇ ਕਾਲਰ ਦੀ ਹੱਡੀ ਵੀ ਟੁੱਟ ਗਈ। ਉਸ ਦਾ ਖੱਬਾ ਹੱਥ ਦੋ ਥਾਵਾਂ ਤੋਂ ਸੜਿਆ ਹੋਇਆ ਸੀ। ਇੰਝ ਲੱਗਦਾ ਸੀ ਜਿਵੇਂ ਇਹ ਸਿਗਰਟ ਦੇ ਲਾਈਟਰ ਨਾਲ ਜਗਾਇਆ ਗਿਆ ਹੋਵੇ। ਬੱਚੇ ਨੂੰ ਡਰਬੀਸ਼ਾਇਰ ਵਿੱਚ ਜੋੜੇ ਦੇ ਘਰ ਵਿੱਚ ਗੰਭੀਰ ਹਾਲਤ ਵਿੱਚ ਪਾਇਆ ਗਿਆ ਸੀ ਅਤੇ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ। ਜਦੋਂ ਮਾਮਲਾ ਸਾਹਮਣੇ ਆਇਆ ਤਾਂ ਪੁਲਸ ਨੇ ਜਾਂਚ ਵਿੱਚ ਪਾਇਆ ਕਿ ਫਿਨਲੇ ਦੀ ਮੌਤ ਤੋਂ ਦੋ ਦਿਨ ਪਹਿਲਾਂ ਸਟੀਫਨ ਨੇ ਆਪਣੇ ਡਰੱਗ ਡੀਲਰ ਨੂੰ ਇੱਕ ਸੰਦੇਸ਼ ਵਿੱਚ ਲਿਖਿਆ ਸੀ - ਮਨ ਕਰਦਾ ਹੈ ਕਿ ਮੈਂ ਫਿਨਲੇ ਦਾ ਸਿਰ ਕੰਧ ਵਿਚ ਮਾਰ ਦੇਵਾਂ।
ਪੜ੍ਹੋ ਇਹ ਅਹਿਮ ਖ਼ਬਰ-ਦੁਬਈ ਦੀ ਇਮਾਰਤ 'ਚ ਲੱਗੀ ਭਿਆਨਕ ਅੱਗ, 16 ਲੋਕਾਂ ਦੀ ਮੌਤ ਤੇ 9 ਜ਼ਖਮੀ
ਘਰ ਵਿੱਚ ਖੂਨ, ਉਲਟੀਆਂ ਅਤੇ ਮਲ ਨਾਲ ਰੰਗੇ ਕੱਪੜੇ ਅਤੇ ਗੱਦੇ ਮਿਲੇ
ਕੇਸ ਦੀ ਸੁਣਵਾਈ ਦੌਰਾਨ ਅਦਾਲਤ ਵਿੱਚ ਜੋੜੇ ਦੇ ਖੰਡਰ ਘਰ ਦੀਆਂ ਤਸਵੀਰਾਂ ਦਿਖਾਈਆਂ ਗਈਆਂ, ਜਿਸ ਵਿੱਚ ਪੁਲਸ ਨੂੰ ਖੂਨ, ਉਲਟੀਆਂ ਅਤੇ ਮਲ ਨਾਲ ਰੰਗੇ ਕੱਪੜੇ ਅਤੇ ਗੱਦੇ ਮਿਲੇ ਹਨ। ਸਾਰਾ ਘਰ ਭੰਗ ਦੀ ਮਹਿਕ ਨਾਲ ਭਰਿਆ ਹੋਇਆ ਸੀ। ਘਰ ਦੇ ਅੰਦਰ ਲਈਆਂ ਗਈਆਂ ਤਸਵੀਰਾਂ ਬੈੱਡਸਾਈਡ ਟੇਬਲਾਂ 'ਤੇ ਐਨਰਜੀ ਡਰਿੰਕਸ, ਭੰਗ ਅਤੇ ਸਿਗਰੇਟ ਦੇ ਖਾਲੀ ਡੱਬੇ ਦਿਖਾਉਂਦੀਆਂ ਹਨ। ਇਸ ਤੋਂ ਸਾਫ਼ ਹੋ ਗਿਆ ਸੀ ਕਿ ਬੱਚੇ ਦੀ ਕਸਟਡੀ ਮਿਲਣ ਤੋਂ ਬਾਅਦ ਜੋੜੇ ਦੇ ਸੁਧਾਰ ਹੋਣ ਦੇ ਦਾਅਵੇ ਬਿਲਕੁਲ ਝੂਠੇ ਸਨ।
ਉੱਥੇ ਤਰਲ ਪੈਰਾਸੀਟਾਮੋਲ ਦੀਆਂ ਬੋਤਲਾਂ ਵੀ ਸਨ, ਜੋ ਕਿ ਜੋੜਾ ਬਿਮਾਰ ਅਤੇ ਰੋਂਦੇ ਫਿਨਲੇ ਦੇ ਇਲਾਜ ਲਈ ਵਰਤਦਾ ਸੀ। ਨੇੜੇ ਹੀ ਬੈੱਡਸਾਈਡ ਸਟੂਲ 'ਤੇ ਬੱਚੇ ਦੀ ਬੋਤਲ 'ਚ ਪਿਆ ਦੁੱਧ ਕਾਫੀ ਸਮੇਂ ਤੋਂ ਪਿਆ ਸੀ ਅਤੇ ਖਰਾਬ ਹੋ ਗਿਆ ਸੀ। ਬਾਥਰੂਮ ਦੇ ਬਾਥਟਬ ਵਿੱਚ ਭੰਗ ਅਤੇ ਫਿਨਲੇ ਦੇ ਖੂਨ ਨਾਲ ਲਿਬੜੇ ਕੱਪੜੇ ਸਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।