ਟਰੰਪ ਦੀ ਨਾਕਾਬੰਦੀ ਨੂੰ ਡ੍ਰੈਗਨ ਦੀ ਚੁਣੌਤੀ! ਧਮਕੀਆਂ ਦੇ ਬਾਵਜੂਦ ਹੋਰਮੁਜ਼ ਚੋਂ ਕੱਢ ਲਿਆ ਤੇਲ ਟੈਂਕਰ
Tuesday, Apr 14, 2026 - 01:24 PM (IST)
ਇੰਟਰਨੈਸ਼ਨਲ ਡੈਸਕ (ਏਜੰਸੀ): ਚੀਨ ਅਤੇ ਅਮਰੀਕਾ ਵਿਚਾਲੇ ਤਣਾਅ ਇੱਕ ਵਾਰ ਫਿਰ ਸਿਖਰਾਂ 'ਤੇ ਪਹੁੰਚ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਹੋਰਮੁਜ਼ ਜਲਡਮਰੂ ਦੀ ਨਾਕਾਬੰਦੀ ਕਰਨ ਅਤੇ ਜਹਾਜ਼ਾਂ ਨੂੰ ਉੱਥੋਂ ਨਾ ਲੰਘਣ ਦੀ ਚੇਤਾਵਨੀ ਦੇਣ ਤੋਂ ਮਹਿਜ਼ ਕੁਝ ਘੰਟਿਆਂ ਬਾਅਦ ਹੀ ਚੀਨ ਨੇ ਆਪਣੇ ਇੱਕ ਤੇਲ ਟੈਂਕਰ ਨੂੰ ਉੱਥੋਂ ਸਫਲਤਾਪੂਰਵਕ ਲੰਘਾ ਕੇ ਅਮਰੀਕੀ ਦਬਾਅ ਨੂੰ ਨਕਾਰ ਦਿੱਤਾ ਹੈ।
ਸ਼ਿਪਿੰਗ ਡੇਟਾ ਅਤੇ 'ਲੰਡਨ ਸਟਾਕ ਐਕਸਚੇਂਜ ਗਰੁੱਪ' ਅਨੁਸਾਰ ਅਮਰੀਕਾ ਦੀ ਬਲੈਕਲਿਸਟ ਵਿੱਚ ਸ਼ਾਮਲ ਚੀਨੀ ਟੈਂਕਰ 'ਰਿਚ ਸਟੈਰੀ' (Rich Starry) ਮੰਗਲਵਾਰ ਸਵੇਰੇ ਹੋਰਮੁਜ਼ ਦੇ ਰਸਤੇ ਖਾੜੀ ਤੋਂ ਬਾਹਰ ਨਿਕਲਣ ਵਾਲਾ ਪਹਿਲਾ ਜਹਾਜ਼ ਬਣਿਆ ਹੈ। ਸ਼ੰਘਾਈ ਸ਼ੁਆਨ ਸ਼ਿਪਿੰਗ ਲਿਮਟਿਡ ਦੀ ਮਲਕੀਅਤ ਵਾਲੇ ਇਸ ਮੀਡੀਅਮ-ਰੇਂਜ ਦੇ ਟੈਂਕਰ ਵਿੱਚ ਲਗਭਗ 2,50,000 ਬੈਰਲ ਮੀਥੇਨੌਲ ਲੱਦਿਆ ਹੋਇਆ ਹੈ, ਜੋ ਸੰਯੁਕਤ ਅਰਬ ਅਮੀਰਾਤ ਦੇ ਹਮਰੀਆ ਬੰਦਰਗਾਹ ਤੋਂ ਲੋਡ ਕੀਤਾ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਸ਼ਕਤੀਸ਼ਾਲੀ ਭੂਚਾਲ, 5.7 ਰਹੀ ਤੀਬਰਤਾ
ਚੀਨੀ ਰੱਖਿਆ ਮੰਤਰੀ ਦਾ ਸਖ਼ਤ ਸੁਨੇਹਾ
ਚੀਨ ਦੇ ਰੱਖਿਆ ਮੰਤਰੀ ਐਡਮਿਰਲ ਡੋਂਗ ਜੂਨ ਨੇ ਅਮਰੀਕਾ ਨੂੰ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਉਹ ਇਸ ਨਾਕਾਬੰਦੀ ਨੂੰ ਸਵੀਕਾਰ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਚੀਨ ਦੇ ਈਰਾਨ ਨਾਲ ਵਪਾਰਕ ਅਤੇ ਊਰਜਾ ਸਮਝੌਤੇ ਹਨ, ਜਿਨ੍ਹਾਂ ਦਾ ਪੂਰਾ ਸਨਮਾਨ ਕੀਤਾ ਜਾਵੇਗਾ। ਡੋਂਗ ਜੂਨ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਕੋਈ ਵੀ ਤੀਜਾ ਦੇਸ਼ (ਅਮਰੀਕਾ) ਚੀਨ ਅਤੇ ਈਰਾਨ ਦੇ ਦੁਵੱਲੇ ਸਬੰਧਾਂ ਵਿੱਚ ਦਖ਼ਲ ਨਹੀਂ ਦੇ ਸਕਦਾ ਅਤੇ ਜੇਕਰ ਚੀਨੀ ਜਹਾਜ਼ਾਂ ਨੂੰ ਰੋਕਿਆ ਗਿਆ ਤਾਂ ਸਿੱਧਾ ਟਕਰਾਅ ਹੋ ਸਕਦਾ ਹੈ।
ਕਿਉਂ ਵਧਿਆ ਤਣਾਅ?
ਜ਼ਿਕਰਯੋਗ ਹੈ ਕਿ ਈਰਾਨ ਨਾਲ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਸੋਮਵਾਰ ਨੂੰ ਈਰਾਨੀ ਬੰਦਰਗਾਹਾਂ ਤੱਕ ਸਮੁੰਦਰੀ ਪਹੁੰਚ ਰੋਕਣ ਲਈ ਨਾਕਾਬੰਦੀ ਦਾ ਐਲਾਨ ਕੀਤਾ ਸੀ। ਹੋਰਮੁਜ਼ ਜਲਡਮਰੂ ਦੁਨੀਆ ਦਾ ਅਹਿਮ ਸਮੁੰਦਰੀ ਰਸਤਾ ਹੈ, ਜਿਸ ਰਾਹੀਂ ਖਾੜੀ ਦੇਸ਼ਾਂ ਤੋਂ ਏਸ਼ੀਆ ਸਮੇਤ ਪੂਰੀ ਦੁਨੀਆ ਨੂੰ ਤੇਲ ਅਤੇ ਗੈਸ ਦੀ ਸਪਲਾਈ ਹੁੰਦੀ ਹੈ। 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਦੇ ਜਵਾਬ ਵਿੱਚ ਈਰਾਨ ਵੱਲੋਂ ਇਸ ਰੂਟ 'ਤੇ ਕੰਟਰੋਲ ਵਧਾਉਣ ਤੋਂ ਬਾਅਦ ਖੇਤਰ ਵਿੱਚ ਸਥਿਤੀ ਕਾਫੀ ਨਾਜ਼ੁਕ ਬਣੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
