''ਖ਼ਤਮ ਹੋ ਜਾਵੇਗੀ ਜੰਗ, ਬਸ ਇਸ ਗੱਲ ਦੀ ਗਾਰੰਟੀ ਦੇਵੇ ਇਰਾਨ..!'', ਚੋਣਾਂ ਤੋਂ ਪਹਿਲਾਂ ਟਰੰਪ ਨੇ ਦਿੱਤਾ ਵੱਡਾ ਬਿਆਨ

Saturday, Oct 31, 2026 - 05:23 PM (IST)

''ਖ਼ਤਮ ਹੋ ਜਾਵੇਗੀ ਜੰਗ, ਬਸ ਇਸ ਗੱਲ ਦੀ ਗਾਰੰਟੀ ਦੇਵੇ ਇਰਾਨ..!'', ਚੋਣਾਂ ਤੋਂ ਪਹਿਲਾਂ ਟਰੰਪ ਨੇ ਦਿੱਤਾ ਵੱਡਾ ਬਿਆਨ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੇ ਇਰਾਨ ਵਿਚਾਲੇ ਦੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਕੁਝ ਦਿਨ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਅਮਰੀਕਾ ਮਿਡਟਰਮ ਚੋਣਾਂ ਤੋਂ ਬਾਅਦ ਇਰਾਨ 'ਤੇ ਮੁੜ ਹਮਲੇ ਸ਼ੁਰੂ ਕਰੇਗਾ। ਇਸੇ ਦੌਰਾਨ ਟਰੰਪ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਹੈ ਕਿ ਇਰਾਨ ਨਾਲ ਜਾਰੀ ਜੰਗ ਜਲਦ ਹੀ ਖ਼ਤਮ ਹੋ ਜਾਵੇਗੀ। 3 ਨਵੰਬਰ ਦੀਆਂ Midterm ਚੋਣਾਂ ਦੀ ਪ੍ਰਚਾਰ ਮੁਹਿੰਮ ਦੌਰਾਨ ਇੱਕ ਇੰਟਰਵਿਊ 'ਚ ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਸਿਰਫ਼ ਇਸ ਗੱਲ ਦੀ ਗਾਰੰਟੀ ਚਾਹੀਦੀ ਹੈ ਕਿ ਇਰਾਨ ਕੋਲ ਕਦੇ ਵੀ ਪਰਮਾਣੂ ਹਥਿਆਰ ਨਹੀਂ ਹੋਣਗੇ।

ਅਮਰੀਕੀ ਸੈਂਟਰਲ ਕਮਾਂਡ ਦੇ ਮੁੱਖ ਅਧਿਕਾਰੀ ਐਡਮਿਰਲ ਬ੍ਰੈਡ ਕੂਪਰ ਅਨੁਸਾਰ ਹੋਰਮੁਜ਼ ਦੀ ਖਾੜੀ 'ਚ ਇਰਾਨੀ ਨੇਵੀ ਲਗਭਗ ਖ਼ਤਮ ਹੋ ਚੁੱਕੀ ਹੈ ਅਤੇ ਵਪਾਰਕ ਜਹਾਜ਼ਾਂ ਦੀ ਆਵਾਜਾਈ ਲਈ ਸੁਰੱਖਿਅਤ ਮਾਰਗ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਮਰੀਕੀ ਫੌਜ ਨੇ ਗਰਮੀਆਂ ਤੋਂ ਲੈ ਕੇ ਹੁਣ ਤੱਕ ਖਾੜੀ ਦੇਸ਼ਾਂ ਦੇ 1.5 ਅਰਬ ਬੈਰਲ ਤੋਂ ਵੱਧ ਕੱਚੇ ਤੇਲ ਦੇ ਨਿਰਯਾਤ 'ਚ ਮਦਦ ਕੀਤੀ ਹੈ। ਹਾਲਾਂਕਿ ਟਰੰਪ ਦੇ ਬਿਆਨਾਂ ਦੇ ਬਾਵਜੂਦ ਖੇਤਰ 'ਚ ਹਮਲੇ ਜਾਰੀ ਹਨ। ਸ਼ੁੱਕਰਵਾਰ ਨੂੰ ਓਮਾਨ ਨੇ ਹੋਰਮੁਜ਼ 'ਚ ਨਿਸ਼ਾਨਾ ਬਣਾਏ ਗਏ ਇੱਕ ਵਪਾਰਕ ਜਹਾਜ਼ 'ਚੋਂ 25 ਕ੍ਰੂ ਮੈਂਬਰਾਂ ਨੂੰ ਸੁਰੱਖਿਅਤ ਰੈਸਕਿਊ ਕੀਤਾ।

ਪਰ ਹੁਣ ਇਸ ਜੰਗ ਨੂੰ ਰੋਕਣ ਲਈ ਕੂਟਨੀਤਕ ਯਤਨ ਤੇਜ਼ ਹੋ ਗਏ ਹਨ। ਸ਼ਾਂਤੀ ਵਾਰਤਾ ਨੂੰ ਅੱਗੇ ਵਧਾਉਣ ਲਈ ਕਤਰ ਦਾ ਇੱਕ ਉੱਚ-ਪੱਧਰੀ ਵਫ਼ਦ ਸ਼ੁੱਕਰਵਾਰ ਨੂੰ ਤਹਿਰਾਨ ਪਹੁੰਚਿਆ। ਇਹ ਦੌਰਾ ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਵੱਲੋਂ ਇਰਾਨ ਦੇ ਸਕਿਓਰਿਟੀ ਚੀਫ਼ ਮੋਹਸਿਨ ਰਜ਼ਾਈ ਨੂੰ ਭੇਜੀ ਗਈ ਗੱਲਬਾਤ ਦੀ ਚਿੱਠੀ ਤੋਂ ਬਾਅਦ ਹੋਇਆ ਹੈ। ਇਸ ਤੋਂ ਪਹਿਲਾਂ ਸਾਊਦੀ ਅਰਬ, ਪਾਕਿਸਤਾਨ ਅਤੇ ਤੁਰਕੀ ਦੇ ਅਧਿਕਾਰੀ ਵੀ ਤਹਿਰਾਨ 'ਚ ਗੱਲਬਾਤ ਕਰ ਚੁੱਕੇ ਹਨ।

ਮੀਡੀਆ ਰਿਪੋਰਟਾਂ ਅਨੁਸਾਰ, ਅਮਰੀਕੀ ਫੌਜ ਨੇ ਵਾਈਟ ਹਾਊਸ 'ਚ ਰਾਸ਼ਟਰਪਤੀ ਟਰੰਪ ਨੂੰ ਇਰਾਨ ਵਿਰੁੱਧ ਅਗਲੇ ਸੰਭਾਵੀ ਫੌਜੀ ਕਾਰਵਾਈ ਦੀ ਰੂਪ-ਰੇਖਾ ਵੀ ਪੇਸ਼ ਕੀਤੀ ਹੈ, ਜਿਸ ਤੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੇਕਰ ਗੱਲਬਾਤ ਨੇਪਰੇ ਨਾ ਚੜ੍ਹੀ ਤਾਂ ਮਿਡਟਰਮ ਚੋਣਾਂ ਤੋਂ ਬਾਅਦ ਅਮਰੀਕਾ ਇਰਾਨ 'ਤੇ ਨਵੇਂ ਹਮਲੇ ਕਰ ਸਕਦਾ ਹੈ।
 


author

Harpreet SIngh

Content Editor

Related News