ਐਡਿਨਬਰਗ ''ਚ ਦਾਨ ਕੀਤਾ ਸਾਮਾਨ ਹੋਇਆ ਚੋਰੀ, ਬੱਚਿਆਂ ਦੇ ਖਿਡੌਣੇ ਵੀ ਲੈ ਗਏ ਚੋਰ
Wednesday, May 27, 2020 - 10:36 AM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਸੰਕਟ ਦੌਰਾਨ ਪਰਿਵਾਰਾਂ ਦੀ ਮਦਦ ਕਰਨ ਵਾਲੇ ਇੱਕ ਕਮਿਊਨਿਟੀ ਸੈਂਟਰ ਵਿਚ ਪਿਆ ਸਾਮਾਨ ਚੋਰੀ ਹੋ ਗਿਆ। ਚੋਰਾਂ ਵੱਲੋਂ ਖਾਣਾ ਅਤੇ ਨਿੱਜੀ ਸੁਰੱਖਿਆ ਉਪਕਰਣ (ਪੀ. ਪੀ. ਈ.) ਚੋਰੀ ਕੀਤੇ ਗਏ। ਜ਼ਿਕਰਯੋਗ ਹੈ ਕਿ ਐਡਿਨਬਰਾ ਵਿਚ ਮੈਗਡੇਲੀਨ ਕਮਿਊਨਿਟੀ ਸੈਂਟਰ ਵਿਚ 22 ਮਈ ਦੀ ਰਾਤ ਨੂੰ ਲਗਭਗ 1,550 ਪੌਂਡ ਦਾ ਸਾਮਾਨ ਚੋਰੀ ਹੋ ਗਿਆ। ਹੋਰ ਚੀਜ਼ਾਂ ਵਿਚ ਬੱਚਿਆਂ ਦੇ ਸਾਈਕਲ, ਖਿਡੌਣੇ, ਕਿਤਾਬਾਂ, ਚਾਵਲ ਆਦਿ ਦੇ ਨਾਲ ਪੀ. ਪੀ. ਈ. ਸਮਾਨ ਜਿਵੇਂ ਦਸਤਾਨੇ, ਮਾਸਕ, ਕੀਟਾਣੂਨਾਸ਼ਕ ਸਪਰੇਅ, ਅਤੇ ਹੈਂਡ ਸੈਨੇਟਾਈਜ਼ਰ ਵੀ ਚੋਰੀ ਕੀਤੇ ਗਏ ਸਨ। ਹੈਰਾਨੀ ਦੀ ਗੱਲ ਹੈ ਕਿ ਚੋਰਾਂ ਨੇ ਬੱਚਿਆਂ ਦੇ ਖਿਡੌਣੇ ਤੱਕ ਵੀ ਨਹੀਂ ਛੱਡੇ।
ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਸੀ। ਕਮਿਊਨਿਟੀ ਸੈਂਟਰ ਨੇ ਇੱਕ ਫੇਸਬੁੱਕ ਪੋਸਟ ਵਿਚ ਲਿਖਿਆ ਕਿ ਉਨ੍ਹਾਂ ਨੂੰ ਇਸ ਕਾਰਨ ਇਸ ਹਫ਼ਤੇ ਦੇ ਭੋਜਨ ਸਪਲਾਈ ਕਰਨ ਵਿੱਚ ਕੁਝ ਮੁਸ਼ਕਲ ਆ ਸਕਦੀ ਹੈ। ਕਮਿਊਨਿਟੀ ਨੇ ਚੋਰੀ ਹੋਈਆਂ ਚੀਜ਼ਾਂ ਦੀ ਪੂਰਤੀ ਲਈ ਪੈਸਾ ਚੈਰਿਟੀ ਵਲੋਂ ਇਕੱਠਾ ਕੀਤਾ ਹੈ। ਇਕੱਲੇ ਫੇਸਬੁੱਕ ਉਪਭੋਗਤਾਵਾਂ ਵਲੋਂ ਲਗਭਗ 2,000 ਪੌਂਡ ਦੀ ਉਗਰਾਹੀ ਕੀਤੀ ਗਈ ਹੈ ਜਦੋਂ ਕਿ 3,200 ਤੋਂ ਵੱਧ ਹੋਰ ਰਕਮ ਵੀ ਇਕੱਠੀ ਕੀਤੀ ਗਈ ਹੈ।