ਧੋਖਾਧੜੀ ਮਾਮਲੇ ਦੀ ਸੁਣਵਾਈ ਲਈ ਅਦਾਲਤ ਪਹੁੰਚੇ ਟਰੰਪ, ਆਪਣੇ ''ਤੇ ਲੱਗੇ ਦੋਸ਼ਾਂ ਨੂੰ ਨਕਾਰਿਆ

Tuesday, Nov 07, 2023 - 11:09 AM (IST)

ਧੋਖਾਧੜੀ ਮਾਮਲੇ ਦੀ ਸੁਣਵਾਈ ਲਈ ਅਦਾਲਤ ਪਹੁੰਚੇ ਟਰੰਪ, ਆਪਣੇ ''ਤੇ ਲੱਗੇ ਦੋਸ਼ਾਂ ਨੂੰ ਨਕਾਰਿਆ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਸੋਮਵਾਰ ਨੂੰ ਸਾਬਕਾ ਰਾਸ਼ਟਰਪਤੀ ਟਰੰਪ ਧੋਖਾਧੜੀ ਦੇ ਮਾਮਲੇ ਵਿਚ ਗਵਾਹੀ ਦੇਣ ਨਿਊਯਾਰਕ ਸੁਪਰੀਮ ਕੋਰਟ ਪਹੁੰਚੇ। ਇੱਥੇ ਸੁਣਵਾਈ ਦੌਰਾਨ ਉਹ ਜੱਜ ਨਾਲ ਹੀ ਭਿੜ ਗਏ। ਰਿਪਬਲਿਕਨ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਸ਼ਾਮਲ ਟਰੰਪ ਨੇ ਖ਼ੁਦ 'ਤੇ ਲੱਗੇ ਦੋਸ਼ਾਂ ਦਾ ਜ਼ੋਰਦਾਰ ਖੰਡਨ ਕੀਤਾ। ਟਰੰਪ ਨੇ ਆਪਣੀ ਜਾਇਦਾਦ ਵਿਚ ਬੇਤਹਾਸ਼ਾ ਵਾਧੇ ਦੇ ਦੋਸ਼ਾਂ ਤੋਂ ਵੀ ਇਨਕਾਰ ਕੀਤਾ। ਨਾਲ ਹੀ ਇਸ ਦੋਸ਼ ਨੂੰ ਵੀ ਨਕਾਰ ਦਿੱਤਾ ਕਿ ਉਨ੍ਹਾਂ ਨੇ ਬੈਂਕ ਨੂੰ ਆਪਣੀ ਸੰਪਤੀ ਬਾਰੇ ਗਲਤ ਜਾਣਕਾਰੀ ਦਿੱਤੀ ਸੀ। 

ਸੁਣਵਾਈ ਮਗਰੋਂ ਮੀਡੀਆ ਨਾਲ ਟਰੰਪ ਨੇ ਕੀਤੀ ਗੱਲਬਾਤ

ਅਦਾਲਤੀ ਕਾਰਵਾਈ ਦੌਰਾਨ ਟਰੰਪ ਨੇ ਪਾਬੰਦੀ ਦੇ ਹੁਕਮ ਦੀ ਉਲੰਘਣਾ ਕਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ। ਹਾਲਾਂਕਿ ਜੱਜ ਨੇ ਉਨ੍ਹਾਂ ਨੂੰ ਜੁਰਮਾਨਾ ਕੀਤਾ ਹੈ। ਟਰੰਪ ਨੇ ਕੋਰਟ ਰੂਮ ਦੇ ਬਾਹਰ ਮੀਡੀਆ ਨਾਲ ਗੱਲ ਕਰਦੇ ਹੋਏ ਜ਼ਿਆਦਾਤਰ ਆਪਣੇ ਪੱਖ 'ਚ ਗੱਲ ਕੀਤੀ ਅਤੇ ਆਪਣਾ ਗੁੱਸਾ ਜ਼ਾਹਰ ਕੀਤਾ। ਟਰੰਪ ਨੇ ਅਦਾਲਤ ਤੋਂ ਬਾਹਰ ਨਿਕਲ ਕੇ ਦੋ ਮਿੰਟ ਲਈ ਕੈਮਰਿਆਂ ਨੂੰ ਸੰਬੋਧਨ ਕੀਤਾ ਅਤੇ ਇਸ ਨੂੰ ਅਮਰੀਕਾ ਲਈ ਦੁਖਦਾਈ ਦਿਨ ਦੱਸਿਆ। ਆਪਣੇ ਵਕੀਲਾਂ ਦੇ ਨਾਲ ਖੜ੍ਹੇ ਹੋਏ, ਟਰੰਪ ਨੇ ਕਿਹਾ ਕਿ ਇਸ ਕੇਸ ਨੂੰ ਤੁਰੰਤ ਖਾਰਜ ਕੀਤਾ ਜਾਣਾ ਚਾਹੀਦਾ ਹੈ।

ਟਰੰਪ 'ਤੇ ਲੱਗੇ ਇਹ ਦੋਸ਼

ਅਟਾਰਨੀ ਜਨਰਲ ਦਾ ਦੋਸ਼ ਹੈ ਕਿ ਟਰੰਪ ਅਤੇ ਹੋਰ ਸਹਿ-ਦੋਸ਼ੀਆਂ ਨੇ ਆਪਣੀਆਂ ਜਾਇਦਾਦਾਂ ਦੀ ਕੀਮਤ ਦਾ ਗਲਤ ਮੁਲਾਂਕਣ ਦਰਸਾ ਕੇ ਕਰਜ਼ ਅਤੇ ਇੰਸ਼ਯੋਰੈਂਸ ਪਾਲਿਸੀ ਦਾ ਫਾਇਦਾ ਲਿਆ। ਬੀਤੇ ਮਹੀਨੇ ਦੀ ਸ਼ੁਰੂਆਤ ਵਿਚ ਇਸ ਮਾਮਲੇ ਦੀ  ਸੁਣਵਾਈ ਸ਼ੁਰੂ ਹੋਈ। ਇਸ ਮਾਮਲੇ ਵਿਚ ਟਰੰਪ ਅਤੇ ਉਨ੍ਹਾਂ ਦੇ ਦੋਹਾਂ ਪੁੱਤਾਂ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ। ਅਟਾਰਨੀ ਜਨਰਲ ਨੇ ਟਰੰਪ 'ਤੇ ਗਲਤ ਵਿੱਤੀ ਦਸਤਾਵੇਜ਼ ਬਣਾਉਣ, ਧੋਖਾਧੜੀ ਦੀ ਸਾਜ਼ਿਸ਼ ਰਚਣ ਅਤੇ ਗਲਤ ਫਾਈਨੈਂਸ਼ੀਅ ਸਟੇਟਮੈਂਟ ਜਾਰੀ ਕਰਨ, ਬੀਮਾ 'ਚ ਧੋਖਾਧੜੀ ਤੇ ਸਾਜ਼ਿਸ਼ ਰਚਣ ਵਰਗੇ ਦੋਸ਼ ਵੀ ਲਾਏ ਹਨ।

ਜੱਜ ਨਾਲ ਹੀ ਭਿੜ ਗਏ ਟਰੰਪ

ਸੁਣਵਾਈ ਦੌਰਾਨ ਡੋਨਾਲਡ ਟਰੰਪ ਨੇ ਜੱਜ ਆਰਥਰ ਐਂਗੋਰੋਨ 'ਤੇ ਕਈ ਵਾਰ ਸ਼ਬਦੀ ਹਮਲਾ ਕੀਤਾ। ਇਸ ਦੌਰਾਨ ਟਰੰਪ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਜੱਜ ਐਂਗੋਰੋਨ ਮੇਰੇ ਖਿਲਾਫ ਫੈਸਲਾ ਸੁਣਾਉਣਗੇ, ਕਿਉਂਕਿ ਉਹ ਹਮੇਸ਼ਾ ਮੇਰੇ ਖਿਲਾਫ ਫੈਸਲਾ ਸੁਣਾਉਂਦੇ ਹਨ। ਟਰੰਪ ਸੁਣਵਾਈ ਦੌਰਾਨ ਪੁੱਛੇ ਜਾ ਰਹੇ ਸਵਾਲਾਂ ਦੇ ਲੰਬੇ-ਲੰਬੇ ਜਵਾਬ ਦੇ ਰਹੇ ਸਨ, ਜਿਸ ਕਾਰਨ ਜੱਜ ਪਰੇਸ਼ਾਨ ਹੋ ਗਏ। ਇਸ ਦੌਰਾਨ ਟਰੰਪ ਦੇ ਵਕੀਲ ਕ੍ਰਿਸਟੋਫਰ ਕਿੱਸ ਨੇ ਆਪਣੇ ਤਰੀਕੇ ਨਾਲ ਜਵਾਬ ਦੇਣ ਦੀ ਇਜਾਜ਼ਤ ਮੰਗੀ। ਕੁਝ ਸਮੇਂ ਬਾਅਦ ਜੱਜ ਵੀ ਗੁੱਸੇ ਵਿਚ ਆ ਗਏ। ਉਨ੍ਹਾਂ ਕਿਹਾ ਕਿ ਮੈਂ ਇੱਥੇ ਇਹ ਸੁਣਨ ਲਈ ਨਹੀਂ ਹਾਂ ਕਿ ਟਰੰਪ ਨੂੰ ਕੀ ਕਹਿਣਾ ਹੈ। ਮੈਂ ਇਨ੍ਹਾਂ ਸਵਾਲਾਂ ਦੇ ਜਵਾਬ ਸੁਣਨ ਆਇਆ ਹਾਂ।


author

Tanu

Content Editor

Related News