ਟਰੰਪ ਨੇ ਮੰਨਿਆ, ਰੂਸ ਦੀ ਇੰਟਰਨੈੱਟ ਏਜੰਸੀ ''ਤੇ ਸਾਈਬਰ ਹਮਲਾ ਕਰਨ ਦਾ ਦਿੱਤਾ ਸੀ ਆਦੇਸ਼
Saturday, Jul 11, 2020 - 12:19 PM (IST)

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੇ 2018 'ਚ ਰੂਸ ਦੀ ਇੰਟਰਨੈੱਟ ਰਿਸਰਚ ਏਜੰਸੀ (ਆਈ.ਆਰ.ਏ.) 'ਤੇ ਸਾਈਬਰ ਹਮਲਾ ਕਰਨ ਦਾ ਆਦੇਸ਼ ਦਿੱਤਾ ਸੀ। ਟਰੰਪ ਨੇ ਇਹ ਗੱਲਾਂ ਵਾਸ਼ਿੰਗਟਨ ਪੋਸਟ ਨੂੰ ਦਿੱਤੇ ਗਏ ਇੰਟਰਵਿਊ 'ਚ ਕਹੀ ਹੈ। ਅਖਬਾਰ ਦੇ ਪੱਤਰਕਾਰ ਮਾਰਕ ਥੀਏਸੇਨ ਨੂੰ ਦਿੱਤੇ ਗਏ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਸਾਲ 2018 'ਚ ਰੂਸ ਦੀ ਆਈ.ਆਰ.ਏ. 'ਤੇ ਸਾਈਬਰ ਹਮਲਾ ਕਰਨ ਦਾ ਆਦੇਸ਼ ਦਿੱਤਾ ਸੀ, ਜਿਸ 'ਤੇ 2016 'ਚ ਰਾਸ਼ਟਰਪਤੀ ਚੋਣਾਂ 'ਚ ਦਖਲਅੰਦਾਜ਼ੀ ਕਰਨ ਦੇ ਦੋਸ਼ ਲੱਗੇ ਸਨ।
ਉਨ੍ਹਾਂ ਨੇ ਕਿਹਾ ਕਿ ਰੂਸ ਦੇ ਮੁੱਦੇ 'ਤੇ ਉਨ੍ਹਾਂ ਤੋਂ ਵੱਧ ਸਖਤ ਕੋਈ ਨਹੀਂ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਚੋਣਾਂ ਤੋਂ ਪਹਿਲਾਂ ਪਤਾ ਲੱਗ ਗਿਆ ਸੀ ਕਿ ਰੂਸ ਇਸ 'ਚ ਗੜਬੜੀ ਕਰ ਰਿਹਾ ਹੈ ਪਰ ਉਨ੍ਹਾਂ ਨੇ ਕੁਝ ਨਹੀਂ ਕਿਹਾ।