ਡੋਨਾਲਡ ਟਰੰਪ ਨੇ 2 ਸਾਲ ਬਾਅਦ ਫੇਸਬੁੱਕ ਅਤੇ ਯੂਟਿਊਬ 'ਤੇ ਕੀਤੀ ਵਾਪਸੀ, ਲਿਖਿਆ- 'I’M BACK!'

Saturday, Mar 18, 2023 - 09:40 AM (IST)

ਡੋਨਾਲਡ ਟਰੰਪ ਨੇ 2 ਸਾਲ ਬਾਅਦ ਫੇਸਬੁੱਕ ਅਤੇ ਯੂਟਿਊਬ 'ਤੇ ਕੀਤੀ ਵਾਪਸੀ, ਲਿਖਿਆ- 'I’M BACK!'

ਨਿਊਯਾਰਕ (ਭਾਸ਼ਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2 ਸਾਲ ਤੋਂ ਵੱਧ ਦੀ ਪਾਬੰਦੀ ਤੋਂ ਬਾਅਦ ਫੇਸਬੁੱਕ ‘ਤੇ ਵਾਪਸੀ ਕੀਤੀ ਹੈ। ਆਪਣੇ ਨਿੱਜੀ ਅਕਾਊਂਟ ਨੂੰ ਬਹਾਲ ਕੀਤੇ ਜਾਣ ਤੋਂ ਹਫ਼ਤੇ ਬਾਅਦ ਉਨ੍ਹਾਂ ਨੇ ਸਾਈਟ 'ਤੇ ਲਿਖਿਆ, 'ਮੈਂ ਵਾਪਸ ਆ ਗਿਆ ਹਾਂ!' ਟਰੰਪ ਨੇ ਫੇਸਬੁੱਕ 'ਤੇ ਇਕ ਵੀਡੀਓ ਕਲਿੱਪ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ, ''ਇੰਨਾ ਲੰਮਾ ਇੰਤਜ਼ਾਰ ਕਰਾਉਣ ਲਈ ਮਾਫੀ ਚਾਹੁੰਦਾ ਹਾਂ। ਇਹ ਬਹੁਤ ਗੁੰਝਲਦਾਰ ਪ੍ਰਕਿਰਿਆ ਹੈ।" ਸਾਬਕਾ ਰਾਸ਼ਟਰਪਤੀ ਨੇ ਇਸ ਵੀਡੀਓ ਕਲਿੱਪ ਨੂੰ ਯੂਟਿਊਬ 'ਤੇ ਵੀ ਸ਼ੇਅਰ ਕੀਤਾ ਹੈ। ਯੂਟਿਊਬ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਟਰੰਪ ਦੇ ਚੈਨਲ 'ਤੇ ਪਾਬੰਦੀ ਹਟਾ ਰਿਹਾ ਹੈ।

ਇਹ ਵੀ ਪੜ੍ਹੋ: ਹੈਲੀਕਾਪਟਰ ਹਾਦਸੇ 'ਚ ਲਾੜਾ-ਲਾੜੀ ਦੀ ਮੌਤ! ਸੋਸ਼ਲ ਮੀਡੀਆ 'ਤੇ ਵੀਡਿਓ ਵਾਇਰਲ,ਜਾਣੋ ਕੀ ਹੈ ਸੱਚਾਈ

ਜ਼ਿਕਰਯੋਗ ਹੈ ਕਿ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਸੱਤਾ ਦੇ ਸ਼ਾਂਤੀਪੂਰਨ ਤਬਾਦਲੇ ਨੂੰ ਰੋਕਣ ਲਈ ਟਰੰਪ ਦੇ ਕਥਿਤ ਉਕਸਾਵੇ 'ਤੇ 6 ਜਨਵਰੀ 2021 ਨੂੰ ਉਨ੍ਹਾਂ ਦੇ ਸਮਰਥਕਾਂ ਨੇ ਕੈਪੀਟਲ (ਸੰਸਦ) ਕੰਪਲੈਕਸ 'ਚ ਹਿੰਸਾ ਕੀਤੀ ਸੀ, ਜਿਸ ਦੇ ਮੱਦੇਨਜ਼ਰ ਟਰੰਪ ਦੇ ਅਕਾਊਂਟ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹਾਲਾਂਕਿ, ਫੇਸਬੁੱਕ ਦੀ ਮਾਲਕੀ ਵਾਲੀ ਕੰਪਨੀ ਮੇਟਾ ਨੇ ਇਸ ਸਾਲ ਜਨਵਰੀ ਵਿੱਚ ਕਿਹਾ ਸੀ ਕਿ ਉਹ ਅਗਲੇ ਕੁਝ ਹਫ਼ਤਿਆਂ ਵਿੱਚ ਟਰੰਪ ਦੇ ਫੇਸਬੁੱਕ ਅਕਾਊਂਟ ਨੂੰ ਬਹਾਲ ਕਰ ਦੇਵੇਗੀ। 9 ਫਰਵਰੀ ਨੂੰ ਮੇਟਾ ਨੇ ਟਰੰਪ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਵਰਤੋਂ 'ਤੇ ਪਾਬੰਦੀ ਹਟਾ ਦਿੱਤੀ। ਮੈਟਾ ਦੇ ਗਲੋਬਲ ਮਾਮਲਿਆਂ ਦੇ ਉਪ ਪ੍ਰਧਾਨ ਨਿਕ ਕਲੇਗ ਨੇ ਉਸ ਸਮੇਂ ਕਿਹਾ, "ਜਨਤਾ ਨੂੰ ਇਹ ਜਾਣਨ-ਸੁਣਨ ਦੀ ਸੁਵਿਧਾ ਮਿਲਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਰਾਜਨੇਤਾ ਕੀ ਕਹਿ ਰਹੇ ਹਨ - ਚੰਗਾ, ਬੁਰਾ ਜਾਂ ਖ਼ਰਾਬ - ਤਾਂ ਜੋ ਉਹ ਵੋਟ ਪਾਉਣ ਵੇਲੇ ਸਹੀ ਚੋਣ ਕਰ ਸਕਣ।"

ਇਹ ਵੀ ਪੜ੍ਹੋ: ਅਮਰੀਕਾ: ਸਿੱਖ ਨੌਜਵਾਨ ਨੇ ਲਾਇਆ ਧਾਰਮਿਕ ਭੇਦਭਾਵ ਦਾ ਦੋਸ਼, ਕਿਹਾ- 'ਕਿਰਪਾਨ' ਕਾਰਨ ਮੈਚ 'ਚ ਨਹੀਂ ਮਿਲੀ ਐਂਟਰੀ

ਇਸ ਦੇ ਨਾਲ ਹੀ, ਯੂਟਿਊਬ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, “ਅੱਜ ਤੋਂ ਡੋਨਾਲਡ ਟਰੰਪ ਦੇ ਚੈਨਲ ਤੋਂ ਪਾਬੰਦੀ ਹਟਾ ਦਿੱਤੀ ਗਈ ਹੈ। ਇਸ ਚੈਨਲ 'ਤੇ ਨਵੀਂ ਸਮੱਗਰੀ ਅਪਲੋਡ ਕੀਤੀ ਜਾ ਸਕਦੀ ਹੈ।' ਕੰਪਨੀ ਨੇ ਅੱਗੇ ਲਿਖਿਆ, "ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਮੋਹਰੀ ਉਮੀਦਵਾਰਾਂ ਦੇ ਵਿਚਾਰ ਸੁਣਨ ਦਾ ਬਰਾਬਰ ਮੌਕਾ ਦੇਣ ਲਈ ਅਸੀਂ ਅਸਲ ਦੁਨੀਆ ਵਿੱਚ ਹਿੰਸਾ ਦੇ ਜੋਖ਼ਮ ਦਾ ਧਿਆਨ ਨਾਲ ਮੁਲਾਂਕਣ ਕੀਤਾ।" ਇਸ ਤੋਂ ਪਹਿਲਾਂ, ਟਵਿੱਟਰ ਨੇ ਪਿਛਲੇ ਸਾਲ ਏਲਨ ਮਸਕ ਵੱਲੋਂ ਕੰਪਨੀ ਨੂੰ ਸੰਭਾਲਣ ਤੋਂ ਬਾਅਦ ਟਰੰਪ ਦੇ ਅਕਾਊਂਟ ਨੂੰ ਬਹਾਲ ਕਰ ਦਿੱਤਾ ਸੀ। ਹਾਲਾਂਕਿ, ਸਾਬਕਾ ਰਾਸ਼ਟਰਪਤੀ ਨੇ ਅਜੇ ਟਵਿੱਟਰ 'ਤੇ ਵਾਪਸੀ ਨਹੀਂ ਕੀਤੀ ਹੈ। ਹਾਲਾਂਕਿ ਉਹ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਪੋਸਟ ਸ਼ੇਅਰ ਕਰ ਰਹੇ ਹਨ। ਉਨ੍ਹਾਂ ਨੇ ਕੈਪੀਟਲ ਹਿੰਸਾ ਦੇ ਮੱਦੇਨਜ਼ਰ ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ ਵੱਲੋਂ ਆਪਣਾ ਅਕਾਊਂਟ ਮੁਅੱਤਲ ਕਰਨ ਤੋਂ ਬਾਅਦ 'ਟਰੂਥ ਸੋਸ਼ਲ' ਨੂੰ ਲਾਂਚ ਕੀਤਾ ਸੀ।

ਇਹ ਵੀ ਪੜ੍ਹੋ: ਥਾਣਿਆਂ 'ਚ ਪਟਾਕੇ ਚਲਾਉਣ ਵਾਲੇ ਪੰਜਾਬੀ ਦੀ ਭਾਲ 'ਚ ਲੱਗੀ ਕੈਨੇਡੀਅਨ ਪੁਲਸ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News