ਟਰੰਪ ਨੇ ਐਮੀ ਬੈਰੇਟ ਨੂੰ ਬਣਾਇਆ ਸੁਪਰੀਮ ਕੋਰਟ ਦਾ ਨਵਾਂ ਜੱਜ
Sunday, Sep 27, 2020 - 02:25 AM (IST)
ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਰੋਧੀ ਧਿਰ ਦੇ ਵਿਰੋਧ ਦੇ ਬਾਵਜੂਦ ਸੁਪਰੀਮ ਕੋਰਟ ਵਿਚ ਨਵੇਂ ਜੱਜ ਦੀ ਨਿਯੁਕਤੀ ਕਰ ਦਿੱਤੀ ਹੈ। ਅਮਰੀਕੀ ਮੀਡੀਆ ਮੁਤਾਬਕ, ਟਰੰਪ ਨੇ ਐਮੀ ਕੋਨੇ ਬੈਰੇਟ ਨੂੰ ਸਵਰਗੀ ਜਸਟਿਸ ਰੂਥ ਬੇਡਰ ਗਿੰਸਬਰਗ ਦੀ ਥਾਂ ਸੁਪਰੀਮ ਕੋਰਟ ਦਾ ਨਵਾਂ ਜੱਜ ਬਣਾਇਆ ਹੈ। ਹਾਲਾਂਕਿ, ਉਨਾਂ ਦੀ ਨਿਯੁਕਤੀ ਦਾ ਅਧਿਕਾਰਕ ਐਲਾਨ ਅਜੇ ਬਾਕੀ ਹੈ। ਮੰਨਿਆ ਜਾ ਰਿਹਾ ਹੈ ਕਿ ਅੱਜ ਸ਼ਾਮ ਨੂੰ ਉਨਾਂ ਦੀ ਨਿਯੁਕਤੀ ਦਾ ਅਧਿਕਾਰਕ ਐਲਾਨ ਕਰ ਦਿੱਤਾ ਜਾਵੇਗਾ।
ਟਰੰਪ ਨੇ ਪਹਿਲਾਂ ਹੀ ਦਿੱਤਾ ਸੀ ਸੰਕੇਤ
ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਨਾਂ ਤੈਅ ਕਰ ਲਿਆ ਹੈ ਅਤੇ ਇਹ ਬਹੁਤ ਉਤਸ਼ਾਹਿਤ ਕਰਨ ਵਾਲਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਸੇ ਦਾ ਨਾਂ ਨਹੀਂ ਲਿਆ ਅਤੇ ਇਸ ਪ੍ਰਕਾਰ ਨਾਂ ਦਾ ਐਲਾਨ ਹੋਣ ਤੱਕ ਇਸ ਨੂੰ ਇਕ ਤਰ੍ਹਾਂ ਨਾਲ ਰਹੱਸ ਬਣਾ ਦਿੱਤਾ ਸੀ। ਹੁਣ ਵ੍ਹਾਈਟ ਹਾਊਸ ਨੇ ਰਿਪਬਲਿਕਨ ਸੰਸਦ ਮੈਂਬਰਾਂ ਅਤੇ ਹੋਰ ਸਹਿਯੋਗੀਆਂ ਨੂੰ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਐਮੀ ਬੈਰੇਟ ਨੂੰ ਚੁਣਿਆ ਗਿਆ ਹੈ।
ਅਮਰੀਕਾ ਵਿਚ ਕਿਵੇਂ ਨਿਯੁਕਤ ਹੁੰਦੇ ਹਨ ਜੱਜ
ਅਮਰੀਕੀ ਸੁਪਰੀਮ ਕੋਰਟ ਵਿਚ 9 ਮੈਂਬਰੀ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਅਤੇ ਅਮਰੀਕੀ ਸੈਨੇਟ ਵੱਲੋਂ ਕੀਤੀ ਜਾਂਦੀ ਹੈ। ਅਮਰੀਕੀ ਰਾਸ਼ਟਰਪਤੀ ਕਿਸੇ ਵੀ ਜੱਜ ਨੂੰ ਸੁਪਰੀਮ ਕੋਰਟ ਲਈ ਨਾਮਜ਼ਦ ਕਰਦੇ ਹਨ। ਜਿਸ ਤੋਂ ਬਾਅਦ ਸੈਨੇਟ ਵਿਚ ਉਸ ਦੇ ਨਾਂ 'ਤੇ ਵੋਟਿੰਗ ਕੀਤੀ ਜਾਂਦੀ ਹੈ। ਇਸ ਵਿਚ ਮਿਲੀਆਂ ਵੋਟਾਂ ਤੋਂ ਹੀ ਤੈਅ ਹੁੰਦਾ ਹੈ ਕਿ ਨਾਮਜ਼ਦ ਵਿਅਕਤੀ ਅਮਰੀਕੀ ਸੁਪਰੀਮ ਕੋਰਟ ਦਾ ਜੱਜ ਬਣੇਗਾ ਕਿ ਨਹੀਂ। ਰਾਸ਼ਟਰਪਤੀ ਡੋਨਾਲਡ ਟਰੰਪ ਵੀ ਰਿਪਬਲਿਕਨ ਹਨ ਅਤੇ ਉਨਾਂ ਦੀ ਪਾਰਟੀ ਦਾ ਇਸ ਵੇਲੇ ਸੈਨੇਟ ਵਿਚ ਬਹੁਮਤ ਹੈ। ਅਜਿਹੀ ਸਥਿਤੀ ਵਿਚ ਉਹ ਜਿਸ ਨੂੰ ਚਾਹੁੰਣ ਉਸ ਨੂੰ ਸੁਪਰੀਮ ਕੋਰਟ ਵਿਚ ਜੱਜ ਬਣਾ ਸਕਦੇ ਹਨ।
ਜੱਜ ਦੀ ਨਿਯੁਕਤ ਦਾ ਡੈਮੋਕ੍ਰੇਟ ਕਿਉਂ ਕਰ ਰਹੇ ਨੇ ਵਿਰੋਧ
ਟਰੰਪ ਦੇ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦਾ ਆਖਣਾ ਹੈ ਕਿ ਰਾਸ਼ਟਰਪਤੀ ਚੋਣਾਂ ਹੋਣ ਵਿਚ ਸਿਰਫ 2 ਮਹੀਨੇ ਦਾ ਵੇਲਾ ਹੈ। ਇਸ ਲਈ, ਨਵੇਂ ਜੱਜ ਦੀ ਨਿਯੁਕਤੀ ਦਾ ਕੰਮ ਚੋਣਾਂ ਤੋਂ ਬਾਅਦ ਨਵੇਂ ਰਾਸ਼ਟਰਪਤੀ ਨੂੰ ਕਰਨਾ ਚਾਹੀਦਾ ਹੈ। ਡੈਮੋਕ੍ਰੇਟ ਦਾ ਵਿਰੋਧ ਇਸ ਲਈ ਵੀ ਹੈ ਕਿਉਂਕਿ 2016 ਵਿਚ ਜਦ ਬਰਾਕ ਓਬਾਮਾ ਰਾਸ਼ਟਰਪਤੀ ਸਨ ਉਦੋਂ ਰਿਪਬਲਿਕਨ ਨੇ ਕਰੀਬ ਇਕ ਸਾਲ ਤੱਕ ਸੁਪਰੀਮ ਕੋਰਟ ਵਿਚ ਨਵੇਂ ਜੱਜ ਦੀ ਨਿਯੁਕਤੀ ਨਹੀਂ ਹੋਣ ਦਿੱਤੀ। ਚੋਣਾਂ ਤੋਂ ਬਾਅਦ ਜਦ ਟਰੰਪ ਰਾਸ਼ਟਰਪਤੀ ਬਣੇ ਉਦੋਂ ਉਨ੍ਹਾਂ ਨੇ ਨੀਲ ਗੋਰਸਚ ਨੂੰ ਜੱਜ ਨਿਯੁਕਤ ਕੀਤਾ ਸੀ। ਅਜਿਹਾ ਲੱਗਦਾ ਹੈ ਕਿ ਟਰੰਪ 2 ਮਹੀਨਿਆਂ ਦਾ ਇੰਤਜ਼ਾਰ ਕਰਨਗੇ।
ਟਰੰਪ ਦੀ ਜੱਜ ਦੀ ਨਿਯੁਕਤੀ ਨਾਲ ਕੀ ਪਵੇਗਾ ਪ੍ਰਭਾਵ
ਟਰੰਪ ਅਮਰੀਕੀ ਰਾਸ਼ਟਰਪਤੀ ਦੇ ਇਕ ਕਾਰਜਕਾਲ ਦੌਰਾਨ ਹੁਣ ਤੱਕ ਸੁਪਰੀਮ ਕੋਰਟ ਵਿਚ 2 ਜੱਜਾਂ ਦੀ ਨਿਯੁਕਤ ਕਰ ਚੁੱਕੇ ਹਨ। ਜੇਕਰ ਉਹ ਗਿੰਸਬਰਗ ਦੀ ਥਾਂ ਤੀਜੇ ਜੱਜ ਦੀ ਨਿਯੁਕਤ ਕਰਦੇ ਹਨ ਤਾਂ ਇਸ ਦਾ ਅਮਰੀਕਾ ਦੀ ਸਿਆਸਤ ਵਿਚ ਲੰਬਾ ਅਸਰ ਪਵੇਗਾ। ਜੇਕਰ ਕੋਰਟ ਵਿਚ ਟਰੰਪ ਦੇ ਪੱਖ ਵਿਚ ਜੱਜਾਂ ਦਾ ਝੁਕਾਅ ਹੋ ਜਾਂਦਾ ਹੈ ਤਾਂ ਉਹ ਆਪਣੇ ਸਰਕਾਰੀ ਏਜੰਡੇ ਨੂੰ ਤੇਜ਼ੀ ਨਾਲ ਅੱਗੇ ਵਧਾ ਸਕਦੇ ਹਨ। ਓਬਾਮਾ ਕੇਅਰ, ਗਰਭਪਾਤ ਦਾ ਅਧਿਕਾਰ, ਇਮੀਗ੍ਰੇਸ਼ਨ, ਟੈਕਸੇਸ਼ਨ ਅਤੇ ਕ੍ਰਿਮੀਨਲ ਜਸਟਿਸ ਦੇ ਮੁੱਦੇ 'ਤੇ ਉਨਾਂ ਦਾ ਪਾਰਟੀ ਨੂੰ ਆਉਣ ਵਾਲੇ 30 ਸਾਲ ਲਈ ਵਾਧਾ ਮਿਲ ਜਾਵੇਗਾ।