ਡੋਨਾਲਡ ਟਰੰਪ ਨੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਔਰਤ ਖਿਲਾਫ ਦਾਇਰ ਕੀਤਾ ਜਵਾਬੀ ਮੁਕੱਦਮਾ

06/29/2023 3:57:04 PM

ਨਿਊਯਾਰਕ (ਏਜੰਸੀ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ 'ਤੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਕਾਲਮਨਵੀਸ 'ਤੇ ਜਵਾਬੀ ਮੁਕੱਦਮਾ ਦਾਇਰ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਸ਼ਿਕਾਇਤਕਰਤਾ 'ਤੇ ਉਨ੍ਹਾਂ ਦੇ ਪੈਸੇ ਬਕਾਇਆ ਹਨ ਅਤੇ ਜਿਊਰੀ ਵੱਲੋਂ ਇਸ ਗੱਲ ਤੋਂ ਇਨਕਾਰ ਕਰਨ ਦੇ ਬਾਅਦ ਵੀ ਉਹ ਉਨ੍ਹਾਂ ਨੂੰ ਬਦਨਾਮ ਕਰਨ ਲਈ ਇਸ ਗੱਲ 'ਤੇ ਜ਼ੋਰ ਦਿੰਦੀ ਰਹੀ ਹੈ ਕਿ ਉਸ ਨਾਲ ਬਲਾਤਕਾਰ ਹੋਇਆ ਹੈ। ਅਮਰੀਕਾ ਵਿੱਚ ਮੈਨਹਟਨ ਫੈਡਰਲ ਜਿਊਰੀ ਨੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਸਾਲ 1996 ਵਿੱਚ ਕਾਲਮਨਵੀਸ ਈ. ਜੀਨ ਕੈਰੋਲ ਦੇ ਜਿਨਸੀ ਸ਼ੋਸ਼ਣ ਅਤੇ ਉਨ੍ਹਾਂ ਦੀ ਮਾਣਹਾਨੀ ਕਰਨ ਦਾ ਦੋਸ਼ੀ ਪਾਇਆ ਸੀ। ਅਦਾਲਤ ਨੇ ਟਰੰਪ ਨੂੰ 50 ਲੱਖ ਡਾਲਰ ਦਾ ਜੁਰਮਾਨਾ ਲਗਾਇਆ ਸੀ।

ਹਾਲਾਂਕਿ, ਅਦਾਲਤ ਨੇ ਕਿਹਾ ਸੀ ਕਿ ਕੈਰੋਲ ਇਹ ਸਾਬਤ ਕਰਨ ਵਿੱਚ ਅਸਫਲ ਰਹੀ ਹੈ ਕਿ ਟਰੰਪ ਨੇ ਉਸ ਨਾਲ ਬਲਾਤਕਾਰ ਕੀਤਾ ਸੀ। ਕੈਰੋਲ ਨੇ ਦੋਸ਼ ਲਾਇਆ ਸੀ ਕਿ ਸਾਬਕਾ ਰਾਸ਼ਟਰਪਤੀ ਨੇ ਮੈਨਹਟਨ ਦੇ ਇੱਕ ਡਿਪਾਰਟਮੈਂਟ ਸਟੋਰ ਵਿੱਚ ਉਸ ਨਾਲ ਬਲਾਤਕਾਰ ਕੀਤਾ ਸੀ। ਟਰੰਪ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਅਲੀਨਾ ਹੱਬਾ ਅਤੇ ਮਾਈਕਲ ਟੀ. ਮਾਡਾਇਓ ਨੇ ਮੰਗਲਵਾਰ ਦੇਰ ਰਾਤ ਮੁਕੱਦਮਾ ਦਾਇਰ ਕਰਦੇ ਹੋਏ ਕਿਹਾ ਕਿ ਕੈਰੋਲ ਨੂੰ ਟਰੰਪ ਨੂੰ ਦੰਡਕਾਰੀ ਹਰਜਾਨਾ ਅਦਾ ਕਰਨਾ ਚਾਹੀਦਾ ਹੈ ਅਤੇ ਆਪਣੇ ਮਾਣਹਾਨੀ ਵਾਲੇ ਬਿਆਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ।  ਜ਼ਿਕਰਯੋਗ ਹੈ ਕਿ ਟਰੰਪ ਨੇ ਵੱਖ-ਵੱਖ ਔਰਤਾਂ ਵੱਲੋਂ ਖ਼ੁਦ 'ਤੇ ਲਗਾਏ ਗਏ ਜਿਨਸੀ ਸ਼ੋਸ਼ਣ ਅਤੇ ਜਿਨਸੀ ਦੁਰਵਿਹਾਰ ਦੇ ਦੋਸ਼ਾਂ ਨੂੰ ਲਗਾਤਾਰ ਨਕਾਰਿਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਦੋਸ਼ ਸਿਆਸਤ ਤੋਂ ਪ੍ਰੇਰਿਤ ਹਨ ਅਤੇ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਦੀ ਸਾਜ਼ਿਸ਼ ਹਨ ਤਾਂ ਜੋ ਉਹ ਵ੍ਹਾਈਟ ਹਾਊਸ ਦੀ ਦੌੜ ਵਿਚ ਸ਼ਾਮਲ ਨਾ ਹੋ ਸਕਣ।


cherry

Content Editor

Related News