ਡੋਨਾਲਡ ਟਰੰਪ ਨੇ ਜ਼ੇਲੈਂਸਕੀ ਨੂੰ ਕੀਤਾ ਫੋਨ, ਰੂਸ-ਯੂਕ੍ਰੇਨ ਜੰਗ ਨੂੰ ਰੋਕਣ ਦਾ ਕੀਤਾ ਵਾਅਦਾ

Sunday, Jul 21, 2024 - 09:19 AM (IST)

ਡੋਨਾਲਡ ਟਰੰਪ ਨੇ ਜ਼ੇਲੈਂਸਕੀ ਨੂੰ ਕੀਤਾ ਫੋਨ, ਰੂਸ-ਯੂਕ੍ਰੇਨ ਜੰਗ ਨੂੰ ਰੋਕਣ ਦਾ ਕੀਤਾ ਵਾਅਦਾ

ਵਾਸ਼ਿੰਗਟਨ (ਭਾਸ਼ਾ) - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਫੋਨ ’ਤੇ ਗੱਲਬਾਤ ਦੌਰਾਨ ਰੂਸ-ਯੂਕ੍ਰੇਨ ਜੰਗ ਨੂੰ ਖਤਮ ਕਰਨ ਲਈ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਹੈ। ਜ਼ੇਲੈਂਸਕੀ ਨੇ ਟਰੰਪ ਨੂੰ ਅਮਰੀਕਾ ’ਚ ਨਵੰਬਰ ’ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਹਾਸਲ ਕਰਨ ’ਤੇ ਵਧਾਈ ਵੀ ਦਿੱਤੀ।

ਟਰੰਪ ਨੇ ਸੋਸ਼ਲ ਮੀਡੀਆ ਮੰਚ ’ਤੇ ਇਕ ਪੋਸਟ ’ਚ ਕਿਹਾ ਕਿ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਅਤੇ ਮੇਰੇ ਦਰਮਿਆਨ ਅੱਜ ਸਵੇਰੇ ਫੋਨ ’ਤੇ ਬਹੁਤ ਵਧੀਆ ਗੱਲਬਾਤ ਹੋਈ। ਉਨ੍ਹਾਂ ਨੇ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੇ ਸਫਲ ਆਯੋਜਨ ਅਤੇ ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਹਾਸਲ ਕਰਨ ’ਤੇ ਮੈਨੂੰ ਵਧਾਈ ਦਿੱਤੀ। ਜ਼ੇਲੈਂਸਕੀ ਦੀ ਫ਼ੋਨ ਕਾਲ ਇਸ ਲਈ ਅਹਿਮ ਹੈ ਕਿਉਂਕਿ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਚੁਣੇ ਜਾਣ ਤੋਂ ਬਾਅਦ ਕਿਸੇ ਵਿਦੇਸ਼ੀ ਆਗੂ ਨਾਲ ਟਰੰਪ ਦੀ ਇਹ ਪਹਿਲੀ ਗੱਲਬਾਤ ਹੈ।

ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਫੋਨ ’ਤੇ ਗੱਲਬਾਤ ਦੌਰਾਨ ਜ਼ੇਲੈਂਸਕੀ ਨੇ ਪਿਛਲੇ ਸ਼ਨੀਵਾਰ ਨੂੰ ਇਕ ਰੈਲੀ ’ਚ ਉਨ੍ਹਾਂ ’ਤੇ ਹੋਏ ਜਾਨਲੇਵਾ ਹਮਲੇ ਦੀ ਨਿੰਦਾ ਕੀਤੀ। ਜ਼ੇਲੈਂਸਕੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨ ’ਤੇ ਵਧਾਈ ਦੇਣ ਅਤੇ ਪਿਛਲੇ ਹਫਤੇ ਹੋਏ ਜਾਨਲੇਵਾ ਹਮਲੇ ਦੀ ਨਿੰਦਾ ਕਰਨ ਲਈ ਟਰੰਪ ਨਾਲ ਫੋਨ ’ਤੇ ਗੱਲਬਾਤ ਕੀਤੀ। ਜ਼ੇਲੈਂਸਕੀ ਨੇ ਲਿਖਿਆ, “ਮੈਂ ਭਵਿੱਖ ’ਚ ਉਨ੍ਹਾਂ ਦੀ ਸਲਾਮਤੀ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ। ਮੈਂ ਸਾਡੇ ਦੇਸ਼ ਦੀ ਆਜ਼ਾਦੀ ਦੀ ਰੱਖਿਆ ਲਈ ਅਮਰੀਕਾ ਦੇ ਮਹੱਤਵਪੂਰਨ ਸਮਰਥਨ ਨੂੰ ਰੇਖਾਬੱਧ ਕੀਤਾ।

ਅਮਰੀਕਾ ਨਹੀਂ ਤਾਂ ਹੋਰ ਦੇਸ਼ ਕਰਨਗੇ ਯੂਕ੍ਰੇਨ ਦੀ ਫੌਜੀ ਸਹਾਇਤਾ : ਬਲਿੰਕਨ

ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਯੂਕ੍ਰੇਨ ਫੌਜੀ ਪੱਧਰ ’ਤੇ ‘ਆਪਣੇ ਪੈਰਾਂ ’ਤੇ ਖੜ੍ਹਾ ਹੋਣ’ ਦੇ ਸਮਰੱਥ ਬਣਨ ਦੀ ਰਾਹ ’ਤੇ ਹੈ। ਉਨ੍ਹਾਂ ਨੇ ਇਸ ਗੱਲ ਨੂੰ ਰੇਖਾਬੱਧ ਕੀਤਾ ਕਿ ਜੇ ਅਮਰੀਕਾ ਕਿਸੇ ਹੋਰ ਰਾਸ਼ਟਰਪਤੀ ਦੇ ਸ਼ਾਸਨ ’ਚ ਯੂਕ੍ਰੇਨ ਨੂੰ ਦਿੱਤੀ ਜਾਣ ਵਾਲੀ ਮਦਦ ਰੋਕਣ ਦਾ ਫੈਸਲਾ ਲੈਂਦਾ ਹੈ ਤਾਂ ਵੀ 20 ਤੋਂ ਵੱਧ ਦੇਸ਼ਾਂ ਨੇ ਰੂਸੀ ਹਮਲੇ ਦਾ ਸਾਹਮਣਾ ਕਰ ਰਹੇ ਇਸ ਦੇਸ਼ ਨੂੰ ਫੌਜੀ ਅਤੇ ਵਿੱਤੀ ਸਹਾਇਤਾ ਜਾਰੀ ਰੱਖਣ ਦਾ ਵਾਅਦਾ ਕੀਤਾ ਹੈ।

ਰਾਸ਼ਟਰਪਤੀ ਜੋਅ ਬਾਈਡੇਨ ਦੀ ਅਗਵਾਈ ’ਚ ਅਮਰੀਕਾ ਰੂਸ ਦੇ ਨਾਲ ਦੋ ਸਾਲਾਂ ਤੋਂ ਵੱਧ ਸਮੇਂ ਦੀ ਲੜਾਈ ਵਿਚ ਯੂਕ੍ਰੇਨ ਦਾ ਸਭ ਤੋਂ ਮਹੱਤਵਪੂਰਨ ਸਹਿਯੋਗੀ ਰਿਹਾ ਹੈ। ਯੂਕ੍ਰੇਨ ਨੂੰ ਅਮਰੀਕੀ ਸਹਾਇਤਾ ’ਤੇ ਟਰੰਪ ਦਾ ਰੁਖ ਸਪੱਸ਼ਟ ਨਹੀਂ ਰਿਹਾ ਹੈ।

ਉਨ੍ਹਾਂ ਨੇ ਜੰਗ ਪ੍ਰਭਾਵਿਤ ਦੇਸ਼ ਨੂੰ ਫੌਜੀ ਸਹਾਇਤਾ ਪ੍ਰਦਾਨ ਕਰਨ ਦੇ ਬਾਈਡੇਨ ਪ੍ਰਸ਼ਾਸਨ ਦੇ ਫੈਸਲੇ ਦੀ ਕਦੇ ਆਲੋਚਨਾ ਕੀਤੀ ਹੈ ਅਤੇ ਕਦੇ ਸਮਰਥਨ ਕੀਤਾ ਹੈ। ਹਾਲਾਂਕਿ ਉਪ ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਉਮੀਦਵਾਰ ਜੇ. ਡੀ. ਵੈਂਸ ਅਮਰੀਕਾ ਤੋਂ ਯੂਕ੍ਰੇਨ ਨੂੰ ਅਰਬਾਂ ਡਾਲਰ ਦੀ ਫੌਜੀ ਅਤੇ ਵਿੱਤੀ ਸਹਾਇਤਾ ਰੋਕਣ ਦੀ ਵਕਾਲਤ ਕਰਦੇ ਰਹੇ ਹਨ।


author

Harinder Kaur

Content Editor

Related News