ਖੁਦ ਯੌਨ ਸ਼ੋਸ਼ਣ ਦੇ ਦੋਸ਼ਾਂ ''ਚ ਘਿਰੇ ਟਰੰਪ ਨੇ ਕੀਤਾ ਇਹ ਐਲਾਨ

03/31/2018 10:04:39 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪ੍ਰੈਲ 2018 ਨੂੰ 'ਰਾਸ਼ਟਰੀ ਯੌਨ ਸ਼ੋਸ਼ਣ ਜਾਗਰੂਕਤਾ ਅਤੇ ਰੋਕਥਾਮ ਮਹੀਨਾ' ਐਲਾਨ ਕੀਤਾ ਹੈ। ਰਾਸ਼ਟਰਪਤੀ ਨੇ ਇਹ ਕਦਮ ਅਜਿਹੇ ਸਮੇਂ ਵਿਚ ਚੁੱਕਿਆ ਹੈ, ਜਦੋਂ ਅਮਰੀਕਾ ਵਿਚ ਇਸ ਮੁੱਦੇ 'ਤੇ ਰਾਸ਼ਟਰੀ ਪੱਧਰ 'ਤੇ ਬਹਿਸ ਚਲ ਰਹੀ ਹੈ ਅਤੇ ਖੁਦ ਟਰੰਪ 'ਤੇ ਵੀ ਯੌਨ ਸ਼ੋਸ਼ਣ ਦੇ ਦੋਸ਼ ਲੱਗੇ ਰਹੇ ਹਨ। ਵ੍ਹਾਈਟ ਹਾਊਸ ਨੇ ਟਰੰਪ ਵਲੋਂ ਜਾਰੀ ਐਲਾਨ ਵਿਚ ਕਿਹਾ ਕਿ ਇਹ ਦੁੱਖ ਵਾਲੀ ਗੱਲ ਹੈ ਕਿ ਸਾਡੇ ਸਮਾਜ ਵਿਚ ਯੌਨ ਸ਼ੋਸ਼ਣ ਦੇ ਅਪਰਾਧ ਅਜੇ ਵੀ ਹੋ ਰਹੇ ਹਨ ਅਤੇ ਅਪਰਾਧੀ ਅਕਸਰ ਜਵਾਬਦੇਹੀ ਤੋਂ ਬਚ ਜਾਂਦੇ ਹਨ। ਇਸ ਤਰ੍ਹਾਂ ਦੇ ਗੰਭੀਰ ਅਪਰਾਧ ਲਗਾਤਾਰ ਜਨਤਕ ਥਾਵਾਂ ਅਤੇ ਕੰਮ ਵਾਲੀਆਂ ਥਾਵਾਂ 'ਤੇ ਹੋ ਰਹੇ ਹਨ।
ਇਹ ਵੀ ਕਿਹਾ ਗਿਆ ਕਿ ਸ਼ੋਸ਼ਣ ਦੇ ਸ਼ਿਕਾਰ ਲੋਕ ਖਾਮੋਸ਼ ਰਹਿ ਜਾਂਦੇ ਹਨ। ਹੋ ਸਕਦਾ ਹੈ ਕਿ ਪੀੜਤਾਂ ਨੂੰ ਦੋਸ਼ੀਆਂ ਵਲੋਂ ਵਿਰੋਧ ਦਾ ਡਰ ਲੱਗਦਾ ਹੋਵੇ ਜਾਂ ਫਿਰ ਉਨ੍ਹਾਂ ਦਾ ਵਿਸ਼ਵਾਸ ਨਿਆਂ ਵਿਵਸਥਾ 'ਚ ਘੱਟ ਹੋਵੇ। ਬਿਆਨ ਵਿਚ ਕਿਹਾ ਗਿਆ ਕਿ ਸਾਡਾ ਪ੍ਰਸ਼ਾਸਨ ਯੌਨ ਸ਼ੋਸ਼ਣ ਬਾਰੇ ਜਾਗਰੂਕਤਾ ਫੈਲਾਉਣ ਲਈ ਅਤੇ ਪੀੜਤਾਂ ਨੂੰ ਮਜ਼ਬੂਤ ਕਰ ਕੇ ਦੋਸ਼ੀਆਂ ਦੀ ਪਛਾਣ ਕਰਨ ਲਈ ਵਚਨਬੱਧ ਹੈ, ਤਾਂ ਕਿ ਦੋਸ਼ੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕੇ। ਓਧਰ ਹੁਣ ਤੱਕ ਟਰੰਪ 'ਤੇ ਘੱਟੋਂ-ਘੱਟ 20 ਔਰਤਾਂ ਨੇ ਜਨਤਕ ਤੌਰ 'ਤੇ ਇਹ ਦੋਸ਼ ਲਾਏ ਹਨ ਕਿ ਉਨ੍ਹਾਂ ਨੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਨ੍ਹਾਂ ਦਾ ਯੌਨ ਸ਼ੋਸ਼ਣ ਕੀਤਾ। ਹਾਲਾਂਕਿ ਵ੍ਹਾਈਟ ਹਾਊਸ ਨੇ ਇਸ ਗੱਲ ਨੂੰ ਸਿਰੇ ਤੋਂ ਨਾਕਾਰ ਦਿੱਤਾ ਅਤੇ ਕਿਹਾ ਕਿ ਇਹ ਔਰਤਾਂ ਝੂਠ ਬੋਲ ਰਹੀਆਂ ਹਨ।


Related News